ਸੁਖਜਿੰਦਰ ਮਾਨ
ਬਠਿੰਡਾ, 13 ਅਕਤੂਬਰ: ਪੰਜਾਬ ਸਰਕਾਰ ਵੱਲੋਂ ਪਿਛਲੇ ਸਮੇਂ 2392 ਮਾਸਟਰ ਕੇਡਰ ਅਧਿਆਪਕਾਂ ਦੀ ਜੱਦੀ ਜਿਲ੍ਹਿਆਂ ਤੋ ਦੂਰ ਦੁਰਾਡੇ ਕੀਤੀ ਭਰਤੀ ਦੀ ਥਾਂ ਨੇੜਲੇ ਖਾਲੀ ਸਟੇਸਨਾਂ ਉਪਰ ਬਦਲੀਆਂ ਸਮੇਤ ਅਨੇਕਾਂ ਮੰਗਾਂ ਨੂੰ ਲੈਕੇ ਅੱਜ ਯੂਨੀਅਨ ਦੀ ਸਿੱਖਿਆ ਮੰਤਰੀ ਪ੍ਰਗਟ ਸਿੰਘ ਨਾਲ ਪੈਨਲ ਮੀਟਿੰਗ ਹੋਈ। ਸੂਚਨਾ ਮੁਤਾਬਕ ਸਿੱਖਿਆ ਮੰਤਰੀ ਨੇ ਕੁਝ ਮੰਗਾਂ ਨੂੰ ਫੌਰੀ ਮਨਜੂਰ ਕਰਨ ਦਾ ਭਰੋਸਾ ਦਿੱਤਾ ਹੈ। ਜਦੋਂਕਿ ਨੇੜਲੇ ਖਾਲੀ ਸਟੇਸਨਾਂ ਉੱਤੇ ਬਦਲੀਆਂ ਬਾਰੇ ਰੱਖੀ ਮੰਗ ਨੂੰ ਫਿਲਹਾਲ ਮਿੱਡ ਸੈਸਨ ਹੋਣ ਬਹਾਨੇ ਟਾਲ ਦਿੱਤਾ ਗਿਆ ਹੈ। ਪ੍ਰੰਤੂ ਨਿਯੁਕਤੀ ਪੱਤਰ ਵਿੱਚ ਦਰਜ ਸ਼ਰਤ ਕਿ ਪਰਖ ਕਾਲ ਸਮਾਂ ਪੂਰਾ ਹੋਣ ਤੋਂ ਪਹਿਲਾਂ ਬਦਲੀ ਨਹੀਂ ਹੋਵੇਗੀ ਨੂੰ ਸੋਧਣ ਦਾ ਭਰੋਸਾ ਦਿੱਤਾ ਗਿਆ ਹੈ। ਜਥੇਬੰਦੀ ਦੇ ਸੂਬਾ ਆਗੂ ਯੁੱਧਜੀਤ ਸਿੰਘ ਨੇ ਦਸਿਆ ਕਿ ਨਿਯੁਕਤੀ ਪੱਤਰ ਜਾਰੀ ਹੋਣ ਤੋਂ ਬਾਅਦ ਬਿਨਾਂ ਪੁਲੀਸ ਵੈਰੀਫਿਕੇਸ਼ਨ ਤੋਂ ਤਨਖਾਹ ਸੰਬੰਧੀ ਜੋ ਮੰਗ ਸੀ , ਉਨ੍ਹਾਂ ਨੂੰ ਜਾਇਜ਼ ਠਹਿਰਾਉਂਦਿਆਂ ਸਰਕਾਰ ਨੇ ਜਲਦੀ ਹੀ ਪੱਤਰ ਜਾਰੀ ਕਰਨ ਦਾ ਭਰੋਸਾ ਦਿੱਤਾ ਹੈ।