Site icon Punjabi Khabarsaar

ਪ੍ਰਸ਼ਾਸਨ ਦੇ ਨਾਲ ਹੋਏ ਸਮਝੌਤੇ ਤੋਂ ਬਾਅਦ ਪਰਵਾਰ ਮਿ੍ਤਕ ਕਾਰੋਬਾਰੀ ਦੇ ਅੰਤਿਮ ਸਸਕਾਰ ਲਈ ਹੋਇਆ ਰਾਜ਼ੀ ਮ

36 Views

ਡੀ ਸੀ ਤੇ ਐਸਐਸਪੀ ਵਲੋਂ ਧਰਨੇ ਵਾਲੀ ਜਗ੍ਹਾ ਆ ਕੇ ਪਰਵਾਰ ਨੂੰ ਹਰ ਸੰਭਵ ਮੱਦਦ ਦਾ ਭਰੋਸਾ

ਧਰਨੇ ਵਿੱਚ ਡਟੇ ਕੁਝ ਵਪਾਰਕ ਸੰਗਠਨਾਂ ਤੇ ਸਮਾਜ ਸੇਵੀਆਂ ਨੇ ਕੀਤਾ ਵਿਰੋਧ
ਸੁਖਜਿੰਦਰ ਮਾਨ
ਬਠਿੰਡਾ, 29 ਅਕਤੂਬਰ: ਬੀਤੇ ਕੱਲ ਦਿਨ ਦਿਹਾੜੇ ਦੋ ਨਕਾਬਪੋਸ਼ਾਂ ਵੱਲੋਂ ਕਤਲ ਕੀਤੇ ਗਏ ਕਾਰੋਬਾਰੀ ਦਾ ਪਰਿਵਾਰ ਐਤਵਾਰ ਦੇਰ ਸ਼ਾਮ ਸੰਸਕਾਰ ਲਈ ਰਾਜੀ ਹੋ ਗਿਆ ਜਿਸ ਤੋਂ ਬਾਅਦ ਬਠਿੰਡਾ ਦੇ ਹਨੂਮਾਨ ਚੌਂਕ ਵਿੱਚ ਲੱਗੇ ਹੋਏ ਧਰਨੇ ਨੂੰ ਚੁੱਕ ਲਿਆ ਗਿਆ । ਇਸ ਦੌਰਾਨ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਅਤੇ ਐਸਐਸਪੀ ਗੁਲਨੀਤ ਸਿੰਘ ਖੁਰਾਣਾ ਵੱਲੋਂ ਧਰਨੇ ਵਾਲੀ ਜਗ੍ਹਾ ਪੁੱਜ ਕੇ ਪਰਿਵਾਰ ਅਤੇ ਧਰਨਾਕਾਰੀਆਂ ਨੂੰ ਉਹਨਾਂ ਦੀ ਹਰ ਸੰਭਵ ਮਦਦ ਦਾ ਭਰੋਸਾ ਦਵਾਇਆ। ਇਸ ਤੋਂ ਇਲਾਵਾ ਕਾਤਲਾਂ ਨੂੰ ਜਲਦੀ ਤੋਂ ਜਲਦੀ ਫੜਨ ਅਤੇ ਪਰਿਵਾਰ ਨੂੰ ਸੁਰੱਖਿਆ ਦੇਣ ਦਾ ਵੀ ਐਲਾਨ ਕੀਤਾ ਗਿਆ। ਹਾਲਾਂਕਿ ਇਸ ਮੌਕੇ ਸਵੇਰ ਤੋਂ ਧਰਨੇ ਵਿੱਚ ਡਟੀਆਂ ਹੋਈਆਂ ਕੁਝ ਸਮਾਜ ਸੇਵੀ ਸੰਸਥਾਵਾਂ ਅਤੇ ਵਪਾਰਕ ਸੰਗਠਨਾਂ ਦੇ ਨੁਮਾਇੰਦਿਆਂ ਵੱਲੋਂ ਇਸ ਸਮਝੌਤੇ ਦਾ ਵਿਰੋਧ ਕਰਦਿਆਂ ਮੰਗ ਕੀਤੀ ਗਈ ਕਿ ਪਰਿਵਾਰ ਨੂੰ ਘੱਟ ਤੋਂ ਘੱਟ ਇੱਕ ਕਰੋੜ ਰੁਪਇਆ ਤੇ ਸਰਕਾਰੀ ਨੌਕਰੀ ਦਿੱਤੀ ਜਾਵੇ ਅਤੇ ਨਾਲ ਹੀ ਹਰ ਸ਼ਹਿਰੀ ਦੀ ਜਾਨ-ਮਾਲ ਦੀ ਰੱਖਿਆ ਕੀਤੀ ਜਾਵੇ।
ਪੁਲਿਸ ਨੇ ਕਾਰੋਬਾਰੀ ਦੇ ਕਾਤਲਾਂ ਦੀ ਸੂਹ ਦੇਣ ‘ਤੇ ਰੱਖਿਆ 2 ਲੱਖ ਦਾ ਇਨਾਮ
ਇਸ ਧਰਨੇ ਵਿੱਚ ਸ਼ਾਮਿਲ ਹੋਣ ਦੇ ਲਈ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਨਵਜੋਤ ਸਿੰਘ ਸਿੱਧੂ , ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਸਹਿਤ ਹਰ ਪਾਰਟੀ ਦੇ ਵੱਡੇ ਸਿਆਸੀ ਆਗੂਆਂ ਤੋਂ ਇਲਾਵਾ ਸਿਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਤੇ ਲੱਖਾਂ ਸਿਧਾਣਾ ਆਦਿ ਵੀ ਪੁੱਜੇ ਹੋਏ ਸਨ ਪ੍ਰੰਤੂ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਇਸ ਧਰਨੇ ਤੋਂ ਦੂਰੀ ਬਣਾਈ ਰੱਖੀ।ਹਾਲਾਂਕਿ ਬੀਤੀ ਸ਼ਾਮ ਘਟਨਾ ਤੋਂ ਬਾਅਦ ਸਥਾਨਕ ਵਿਧਾਇਕ ਜਗਰੂਪ ਸਿੰਘ ਗਿੱਲ ਮੌਕੇ ਤੇ ਪੁੱਜੇ ਸਨ ਅਤੇ ਉਨ੍ਹਾਂ ਪ੍ਰਸ਼ਾਸਨ ਨੂੰ ਕਾਤਲਾਂ ਨੂੰ ਜਲਦੀ ਫੜਨ ਦੀਆਂ ਹਦਾਇਤਾਂ ਵੀ ਦਿੱਤੀਆਂ ਸਨ। ਪਰ ਅੱਜ ਪਹਿਲਾਂ ਕੁਝ ਸਮੇਂ ਲਈ ਵਪਾਰ ਮੰਡਲ ਦੇ ਚੇਅਰਮੈਨ ਅਨਿਲ ਠਾਕੁਰ ਆਏ ਤੇ ਉਸਤੋਂ ਬਾਅਦ ਸ਼ੂਗਰਫੈਡ ਪੰਜਾਬ ਦੇ ਚੇਅਰਮੈਨ ਨਵਦੀਪ ਸਿੰਘ ਜੀਦਾ ਧਰਨੇ ਕੋਲ ਪੁੱਜੇ ਪਰੰਤੂ ਪੰਜਾਬ ਸਰਕਾਰ ਵਿਰੁੱਧ ਕੀਤੀ ਜਾ ਰਹੀ ਨਾਅਰੇਬਾਜੀ ਨੂੰ ਦੇਖਦਿਆਂ ਉਹ ਚਲੇ ਗਏ।
ਵਪਾਰੀ ਦੇ ਕਤਲ ਦੇ ਰੋਸ਼ ਵਜੋਂ ਬਠਿੰਡਾ ਦੇ ਬਾਜ਼ਾਰ ਹੋਏ ਬੰਦ
ਇਸ ਦੌਰਾਨ ਪਰਿਵਾਰ ਅਤੇ ਪ੍ਰਸ਼ਾਸਨ ਵਿਚਕਾਰ ਚੱਲ ਰਹੀ ਸਮਝੌਤੇ ਦੀ ਗੱਲਬਾਤ ਦੌਰਾਨ ਕਈ ਵਾਰ ਅੜਚਣਾ ਆਈਆਂ ਅਤੇ ਇਸ ਧਰਨੇ ਨੂੰ ਚਲਾ ਰਹੇ ਕੁਝ ਪ੍ਰਬੰਧਕਾਂ ਵੱਲੋਂ ਇਸਦਾ ਸਖਤ ਵਿਰੋਧ ਕਰਦਿਆਂ ਮੰਗ ਕੀਤੀ ਕਿ ਸਮੂਹ ਸੰਸਥਾਵਾਂ ਦੀ ਸਹਿਮਤੀ ਨਾਲ ਹੀ ਇਹ ਸਮਝੌਤਾ ਕੀਤਾ ਜਾਵੇ। ਇਸ ਦੌਰਾਨ ਪਰਿਵਾਰ ਵੱਲੋਂ ਕੁਝ ਰਿਸ਼ਤੇਦਾਰਾਂ ਨੂੰ ਵਿੱਚ ਪਾ ਕੇ ਲੰਮੀ ਗੱਲਬਾਤ ਕੀਤੀ ਗਈ ਅਤੇ ਉਨਾਂ ਨੂੰ ਹਰ ਸੰਭਵ ਦਾ ਭਰੋਸਾ ਦਵਾਇਆ ਗਿਆ। ਜਿਸ ਤੋਂ ਬਾਅਦ ਮ੍ਰਿਤਕ ਕਾਰੋਬਾਰੀ ਹਰਜਿੰਦਰ ਜੌਹਲ ਉਰਫ ਮੇਲਾ ਦੇ ਪੁੱਤਰ ਹਰਮਨ ਜੌਹਲ ਵੱਲੋਂ ਧਰਨੇ ਦੇ ਵਿੱਚ ਆ ਕੇ ਆਪਣੇ ਪਰਿਵਾਰ ਵੱਲੋਂ ਲਏ ਗਏ ਫੈਸਲੇ ਨੂੰ ਦੱਸਦਿਆਂ ਸਭ ਦਾ ਧੰਨਵਾਦ ਕੀਤਾ ਗਿਆ। ਜਿਸ ਤੋਂ ਬਾਅਦ ਮ੍ਰਿਤਕ ਦੀ ਦੇਹ ਜੋ ਕਿ ਦੁਪਹਿਰ ਤੋਂ ਹੀ ਧਰਨੇ ਵਾਲੀ ਜਗ੍ਹਾ ਰੱਖੀ ਹੋਈ ਸੀ, ਨੂੰ ਇੱਕ ਵਿਸ਼ੇਸ਼ ਐਂਬੂਲੈਂਸ ਰਾਹੀਂ ਮ੍ਰਿਤਕ ਦੇ ਪਰਿਵਾਰ ਦੇ ਘਰੇ ਲਿਜਾਇਆ ਗਿਆ। ਜਿਸ ਤੋਂ ਬਾਅਦ ਉਸਦਾ ਅੰਤਿਮ ਸਸਕਾਰ ਕਰਨ ਦੀ ਗੱਲ ਕਹੀ ਗਈ।
ਪੰਜਾਬ ਦੇ ਕਾਰੋਬਾਰੀਆਂ ਵਿੱਚ ਸਹਿਮ ਦਾ ਮਾਹੌਲ: ਬਲਕੌਰ ਸਿੱਧੂ
ਹਾਲਾਂਕਿ ਇਸ ਮੌਕੇ ਸ਼ਹਿਰੀਆਂ ਵੱਲੋਂ ਕਾਫੀ ਇੱਕਜੁੱਟਤਾ ਦਿਖਾਈ ਗਈ ਪ੍ਰੰਤੂ ਧਰਨੇ ਦੌਰਾਨ ਆਪਸ ਦੇ ਵਿੱਚ ਖਿੱਚ ਧੂਹ ਵੀ ਸਾਫ਼ ਨਜ਼ਰ ਆਈ ਅਤੇ ਪ੍ਰਸ਼ਾਸਨ ਵੱਲੋਂ ਇਸ ਧਰਨੇ ਦੇ ਪ੍ਰਬੰਧਕਾਂ ਉੱਤੇ ਵੀ ਲਗਾਤਾਰ ਬਾਜ ਅੱਖ ਰੱਖੀ ਗਈ। ਇਸ ਤੋਂ ਇਲਾਵਾ ਧਰਨਾਕਾਰੀਆਂ ਵੱਲੋਂ ਮੰਗਾਂ ਨਾ ਮੰਨੇ ਜਾਣ ਦੀ ਸੂਰਤ ਵਿੱਚ ਇੱਥੇ ਲੰਮਾ ਧਰਨਾ ਚਲਾਉਣ ਦੀ ਵੀ ਤਿਆਰੀ ਕਰ ਲਈ ਗਈ ਸੀ। ਜਿਸ ਦੇ ਲਈ ਟੈਂਟ ਅਤੇ ਖਾਣੇ ਆਦਿ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ ਸੀ ਪ੍ਰੰਤੂ ਸਮਝੌਤਾ ਹੋਣ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਟੈਂਟ ਲਈ ਲਿਆਂਦੀਆਂ ਪਾਈਪਾਂ ਅਤੇ ਹੋਰ ਸਮਾਨ ਉਠਾ ਦਿੱਤਾ ਗਿਆ। ਇਸ ਮੌਕੇ ਐਸਪੀ ਸਿਟੀ ਨਰਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪ੍ਰਸ਼ਾਸਨ ਅਤੇ ਪੁਲਿਸ ਪਰਿਵਾਰ ਦੇ ਨਾਲ ਖੜਾ ਹੈ ਤੇ ਉਹਨਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ ਅਤੇ ਨਾਲ ਹੀ ਕਾਤਲਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਨ ਲਈ ਕੋਸਿਸ਼ਾਂ ਵੀ ਕੀਤੀਆਂ ਜਾ ਰਹੀਆਂ ਹਨ। ਜਿਸਦੇ ਨਤੀਜੇ ਜਲਦੀ ਹੀ ਸਾਹਮਣੇ ਆਉਣ ਦੀ ਉਮੀਦ ਹੈ।
Exit mobile version