29 Views
ਚੰਡੀਗੜ੍ਹ, 12 ਨਵੰਬਰ: ਪਿਛਲੇ ਕੁਝ ਦਿਨਾਂ ਤੋਂ ਪਰਾਲੀ ਦੇ ਧੂੰਏਂ ਅਤੇ ਮੌਸਮ ਵਿਚ ਚੱਲ ਰਹੀ ਖਰਾਬੀ ਕਾਰਨ ਅਸਮਾਨੀ ਚੜੇ ਗੁਬਾਰ ਨੂੰ ਬੀਤੇ ਦਿਨ ਆਈ ਹਲਕੀ ਬਾਰਸ ਨੇ ਧੋ ਦਿੱਤਾ। ਜਿਸ ਦੇ ਨਾਲ ਅਸਮਾਨ ਜਿੱਥੇ ਸਾਫ ਹੋ ਗਿਆ, ਉੱਥੇ ਵਧਿਆ ਹੋਇਆ ਏਕਿਉਆਈ(air quality index) ਲੈਵਲ ਵੀ ਹੇਠਾਂ ਪੁੱਜ ਗਿਆ। ਇਸ ਬਾਰਿਸ਼ ਕਾਰਨ ਹਵਾ ਵਿੱਚ ਆਈ ਸੁਧਤਾ ਦੇ ਚਲਦੇ ਲੋਕਾਂ ਨੂੰ ਸਾਹ ਲੈਣ ਵੀ ਸੌਖਾ ਹੋ ਗਿਆ ਤੇ ਤਾਪਮਾਨ ਵਿੱਚ ਵੀ ਗਿਰਾਵਟ ਆ ਗਈ ਹੈ।
ਦੱਸਣਾ ਬਣਦਾ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਵਾਤਾਵਰਨ ਵਿੱਚ ਦੂਸ਼ਤ ਕਣਾਂ ਦੇ ਫੈਲੇ ਹੋਣ ਕਾਰਨ ਮੌਸਮ ਲਗਾਤਾਰ ਧੁੰਦਲਾ ਹੋਇਆ ਪਿਆ ਸੀ ਜਿਸ ਕਾਰਨ ਜਿੱਥੇ ਆਮ ਲੋਕਾਂ ਨੂੰ ਸਾਹ ਲੈਣ ਵਿੱਚ ਤਕਲੀਫ ਹੋ ਰਹੀ ਸੀ ਉੱਥੇ ਵਿਜੀਬਿਲਟੀ(ਦੂਰ ਤੋਂ ਦਿਖਾਈ) ਵੀ ਲਗਾਤਾਰ ਘਟਦੀ ਜਾ ਰਹੀ ਸੀ। ਹਾਲਾਂਕਿ ਪਿਛਲੇ ਸਾਲਾਂ ਦੇ ਮੁਕਾਬਲੇ ਪੰਜਾਬ ਅੰਦਰ ਇਸ ਵਾਰ ਪਰਾਲੀ ਸਾੜਨ ਦੇ ਮਾਮਲੇ ਘਟੇ ਹਨ ਪ੍ਰੰਤੂ ਇਸਦੇ ਬਾਵਜੂਦ ਹੁਣ ਤੱਕ 24000 ਦੇ ਕਰੀਬ ਪਰਾਲੀ ਸਾੜਨ ਦੀਆਂ ਘਟਨਾਵਾਂ ਰੀਪੋਰਟ ਹੋ ਚੁੱਕੀਆਂ ਹਨ। ਸਰਕਾਰ ਵੱਲੋਂ ਪਰਾਲੀ ਸਾੜਨ ਦੇ ਮਾਮਲੇ ਵਿੱਚ ਸਖਤੀ ਦਿਖਾਈ ਜਾ ਰਹੀ ਸੀ ਪਰੰਤੂ ਕੁਦਰਤ ਦੇ ਕ੍ਰਿਸ਼ਮੇ ਨੇ ਇੱਕ ਹੀ ਝਟਕੇ ਵਿੱਚ ਅਸਮਾਨ ਨੂੰ ਸਾਫ ਕਰ ਦਿੱਤਾ।
ਮੌਸਮ ਵਿਭਾਗ ਮੁਤਾਬਕ ਪਿਛਲੇ ਕੁਝ ਦਿਨਾਂ ਤੋਂ ਏਕਿਉਆਈ ਲੈਵਲ ਵਿੱਚ ਵਧੇ ਹੋਏ ਕਾਫੀ ਗਿਰਾਵਟ ਆਈ ਹੈ। ਬਠਿੰਡਾ ਦਾ ਏਕਿਉਆਈ ਲੈਵਲ ਜੋ ਕਿ 380 ਤੱਕ ਪੁੱਜ ਗਿਆ ਸੀ, ਹੁਣ ਬਾਰਿਸ਼ ਤੋਂ ਬਾਅਦ 70 ਦੇ ਕਰੀਬ ਰਹਿ ਗਿਆ ਹੈ। ਇਸੇ ਤਰ੍ਹਾਂ ਮੰਡੀ ਗੋਬਿੰਦਗੜ੍ਹ ਦਾ ਵੀ ਲੈਵਲ 305 ਤੋਂ ਘੱਟ ਕੇ 145 ਪਟਿਆਲਾ ਦਾ 305 ਤੋਂ ਸਿਰਫ 61 ਲੁਧਿਆਣਾ ਦਾ 267 ਤੋਂ 53, ਅੰਮ੍ਰਿਤਸਰ ਦਾ 212 ਤੋਂ 107 ਤੇ ਜਲੰਧਰ ਦਾ 221 ਤੋਂ 52 ਤੱਕ ਪੁੱਜ ਗਿਆ ਹੈ। ਮੌਸਮ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਆਉਣ ਵਾਲੇ ਕੁਝ ਦਿਨਾਂ ਤੱਕ ਹਾਲੇ ਬਾਰਸ਼ ਦੀ ਕੋਈ ਸੰਭਾਵਨਾ ਨਹੀਂ ਹੈ ਤੇ ਜਿਸਦੇ ਚੱਲਦੇ ਹੁਣ ਦੀਵਾਲੀ ਕਾਰਨ ਪਟਾਕਿਆਂ ਦੇ ਪ੍ਰਦੂਸ਼ਣ ਅਤੇ ਆਉਣ ਵਾਲੇ ਸਮੇਂ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਕਾਰਨ ਮੁੜ ਵਾਤਾਵਰਨ ਪ੍ਰਦੂਸ਼ਿਤ ਹੋਣ ਦੀ ਸੰਭਾਵਨਾ ਹੈ।