Site icon Punjabi Khabarsaar

ਮਨਪ੍ਰੀਤ ਪਲਾਟ ਕੇਸ ’ਚ ਨਾਮਜਦ ਜੁਗਨੂੰ ਠੇਕੇਦਾਰ ਤੇ ਸੀਏ ਸੰਜੀਵ ਨੂੰ ਮਿਲੀ ਅੰਤਰਿਮ ਜਮਾਨਤ

39 Views

ਮਨਪ੍ਰੀਤ ਨੂੰ 20 ਤੇ ਬਿਕਰਮ ਸ਼ੇਰਗਿੱਲ ਨੂੰ ਕੀਤਾ 22 ਨੂੰ ਵਿਜੀਲੈਂਸ ਨੇ ਤਲਬ
ਬਠਿੰਡਾ, 18 ਨਵੰਬਰ: ਵਿਜੀਲੈਂਸ ਬਿਉਰੋ ਵਲੋਂ ਭਾਜਪਾ ਆਗੂ ਤੇ ਸਾਬਕਾ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨਾਲ ਸਬੰਧਤ ਬਹੁ-ਚਰਚਿਤ ਪਲਾਟ ਕੇਸ ਵਿਚ ਹੁਣ ਸਰਾਬ ਕਾਰੋਬਾਰੀ ਜਸਵਿੰਦਰ ਸਿੰਘ ਉਰਫ਼ ਜੁਗਨੂੰ ਅਤੇ ਸੀਏ ਸੰਜੀਵ ਕੁਮਾਰ ਨੂੰ ਵੀ ਇਸ ਕੇਸ ਵਿਚ ਨਾਮਜਦ ਕਰ ਲਿਆ ਗਿਆ ਹੈ। ਹਾਲਾਂਕਿ ਨਾਮਜਦ ਹੋਣ ਤੋਂ ਬਾਅਦ ਇੰਨ੍ਹਾਂ ਦੋਨਾਂ ਵਲੋਂ ਅਦਾਲਤ ਵਿਚ ਲਗਾਈ ਜਮਾਨਤ ਦੀ ਅਰਜ਼ੀ ’ਤੇ ਬਠਿੰਡਾ ਦੀ ਅਦਾਲਤ ਨੇ ਵੱਡੀ ਰਾਹਤ ਦਿੰਦਿਆਂ ਅੰਤਰਿਮ ਜਮਾਨਤ ਦੇ ਦਿੱਤੀ ਹੈ। ਹੁਣ ਇਸ ਜਮਾਨਤ ਅਰਜੀ ਉਪਰ ਅਗਲੀ ਸੁਣਵਾਈ 23 ਨਵੰਬਰ ਨੂੰ ਮੁੜ ਹੋਵੇਗੀ। ਇਸ ਕੇਸ ਵਿਚ ਇਹ ਦੋਨੋਂ ਪਹਿਲੇ ਵਿਅਕਤੀ ਹਨ, ਜਿੰਨ੍ਹਾਂ ਨੂੰ ਬਠਿੰਡਾ ਅਦਾਲਤ ਵਿਚੋਂ ਹੀ ਜਮਾਨਤ ਮਿਲ ਗਈ ਹੈ ਜਦੋਂਕਿ ਬਾਕੀਆਂ ਨੂੰ ਹਾਈਕੋਰਟ ਤੱਕ ਜਾਣਾ ਪਿਆ ਸੀ।

ਐਸ ਐਸ ਡੀ ਗਰਲਜ਼ ਕਾਲਜ ਬਠਿੰਡਾ ਨੂੰ ਯੂ ਜੀ ਸੀ ਨੇ ਦਿੱਤਾ ਆਟੋਨੋਮਸ ਸਟੇਟਸ

ਠੇਕੇਦਾਰ ਜੁਗਨੂੰ ਦੇ ਵਕੀਲ ਕਰਮਿੰਦਰ ਸਿੰਘ ਸੋਢੀ ਅਤੇ ਸੀਏ ਸੰਜੀਵ ਕੁਮਾਰ ਦੇ ਵਕੀਲ ਹਰਰਾਜ ਸਿੰਘ ਚੰਨੂੰ ਨੇ ਦਾਅਵਾ ਕੀਤਾ ਕਿ ‘‘ ਵਿਜੀਲੈਂਸ ਨੇ ਇਸ ਕੇਸ ਵਿਚ ਉਨ੍ਹਾਂ ਦੇ ਮੁਵੱਕਲਾਂ ਨੂੰ ਜਾਣਬੁੱਝ ਕੇ ਗਲਤ ਨਾਮਜਦ ਕੀਤਾ ਹੈ, ਕਿਉਂਕਿ ਇਨ੍ਹਾਂ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਭੂਮਿਕਾ ਨਹੀਂ ਹੈ। ’’ ਐਡਵੋਕੇਟ ਹਰਰਾਜ ਸਿੰਘ ਚੰਨੂੰ ਨੇ ਦਸਿਆ ਕਿ ਇੱਕ ਐਡਵੋਕੇਟ ਜਾਂ ਸੀਏ ਪ੍ਰੋਫੈਸਨਲ ਤੌਰ ‘ਤੇ ਅਪਣੇ ਕਲਾਇੰਟਾਂ ਲਈ ਕੰਮ ਕਰਦਾ ਹੈ ਤੇ ਜੇਕਰ ਸੰਜੀਵ ਮਿੱਤਲ ਨੇ ਮਨਪ੍ਰੀਤ ਬਾਦਲ ਦੇ ਪਲਾਟਾਂ ਦੀ ਬੋਲੀ ਲਈ ਅਪਣੀ ਸੇਵਾ ਦੇ ਦਿੱਤੀ ਤਾਂ ਇਹ ਕੋਈ ਜੁਰਮ ਨਹੀ ਹੈ। ਦੂਜੇ ਪਾਸੇ ਵਿਜੀਲੈਂਸ ਅਧਿਕਾਰੀਆਂ ਦਾ ਦਾਅਵਾ ਹੈ ਕਿ ਇਸ ਕੇਸ ਦੀ ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਸੀ ਕਿ ਮਨਪ੍ਰੀਤ ਬਾਦਲ ਦੇ ਪਲਾਟ ਲਈ ਬੋਲੀ ਸੰਜੀਵ ਕੁਮਾਰ ਵਲੋਂ ਜੁਗਨੂੰ ਦੇ 100 ਫੁੱਟੀ ਸਥਿਤ ਸੋਅਰੂਮ ਵਿਚੋਂ ਬੈਠ ਕੇ ਹੀ ਦਿੱਤੀ ਗਈ ਸੀ।

Breking News: ਮਨਪ੍ਰੀਤ ਖੇਮੇ ਨੂੰ ਵੱਡਾ ਝਟਕਾ: ਰਮਨ ਗੋਇਲ ਤੋਂ ਮੇਅਰ ਦੀਆਂ ‘ਪਾਵਰਾਂ’ ਵਾਪਸ ਲਈਆਂ

ਇਸ ਮਾਮਲੇ ਵਿਚ ਗ੍ਰਿਫਤਾਰ ਵਿਕਾਸ, ਰਾਜੀਵ ਅਤੇ ਅਮਨਦੀਪ ਆਦਿ ਨੇ ਮੰਨਿਆ ਸੀ ਕਿ ਉਨ੍ਹਾਂ ਵਲੋਂ ਤਤਕਾਲੀ ਮੰਤਰੀ ਦੇ ਪਲਾਟ ਲਈ ਬੋਲੀ ਉਕਤ ਠੇਕੇਦਾਰ ਦੇ ਕਹਿਣ ’ਤੇ ਹੀ ਦਿੱਤੀ ਗਈ ਸੀ। ਇਸਤੋਂ ਇਲਾਵਾ ਸੀਏ ਸੰਜੀਵ ਕੁਮਾਰ ਦੀ ਵੀ ਇਸ ਕੇਸ ਵਿਚ ਮਿਲੀਭੁਗਤ ਪਾਈ ਗਈ ਹੋਣ ਦਾ ਦਾਅਵਾ ਕੀਤਾ ਗਿਆ ਹੈ। ਉਧਰ ਪਤਾ ਚੱਲਿਆ ਹੈ ਕਿ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚੋਂ ਅੰਤਰਿਮ ਜਮਾਨਤ ਮਿਲਣ ਤੋਂ ਬਾਅਦ ਵਿਜੀਲੈਂਸ ਬਿਉਰੋ ਨੇ ਮਨਪ੍ਰੀਤ ਸਿੰਘ ਬਾਦਲ ਨੂੰ ਮੁੜ 20 ਨਵੰਬਰ ਅਤੇ ਬੀਡੀਏ ਦੇ ਤਤਕਾਲੀ ਉਪ ਪ੍ਰਸ਼ਾਸਕ ਬਿਕਰਮਜੀਤ ਸਿੰਘ ਸ਼ੇਰਗਿੱਲ ਨੂੰ 22 ਨਵੰਬਰ ਨੂੰ ਵਿਜੀਲੈਂਸ ਦਫ਼ਤਰ ਪੇਸ਼ ਹੋਣ ਲਈ ਕਿਹਾ ਹੈ। ਸਾਬਕਾ ਮੰਤਰੀ ਜਮਾਨਤ ਹੋਣ ਤੋਂ ਬਾਅਦ ਦੂਜੀ ਵਾਰ ਜਦੋ ਕਿ ਸ਼੍ਰੀ ਸੇਰਗਿੱਲ ਪਹਿਲੀ ਵਾਰ ਵਿਜੀਲੈਂਸ ਦੇ ਸਾਹਮਣੇ ਪੇਸ਼ ਹੋਣਗੇ।

ਨਸ਼ਾ ਵਿਰੋਧੀ ਐਕਸ਼ਨ ਕਮੇਟੀ ਵੱਲੋਂ ਮਾਨਸਾ ਚ ਨਸ਼ਿਆਂ ਵਿਰੁੱਧ ਮੁੜ ਫੈਸਲਾਕੁੰਨ ਲੜਾਈ ਵਿਢਣ ਦੀ ਚੇਤਾਵਨੀ

ਇਸਤੋਂ ਪਹਿਲਾਂ ਵਿਜੀਲੈਂਸ ਬਿਉਰੋ ਵਲੋਂ ਸ: ਬਾਦਲ ਨੂੰ 23 ਅਕਤੂਬਰ ਨੂੰ ਪਹਿਲੀ ਵਾਰ ਬੁਲਾਇਆ ਗਿਆ ਸੀ ਪ੍ਰੰਤੂ ਉਹ ਪੇਸ਼ ਨਹੀਂ ਹੋਏ ਸੀ, ਜਿਸਤੋਂ ਬਾਅਦ ਦੂਜੀ ਵਾਰ 30 ਅਕਤੂਬਰ ਦੂਜੀ ਵਾਰ ਬੁਲਾਵੇ ਉਪਰ ਪੇਸ਼ ਹੋਏ ਸਨ। ਦਸਣਾ ਬਣਦਾ ਹੈ ਕਿ ਵਿਜੀਲੈਂਸ ਬਿਉਰੋ ਵਲੋਂ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਦੀ ਸਿਕਾਇਤ ਉਪਰ ਮਨਪ੍ਰੀਤ ਸਿੰਘ ਬਾਦਲ, ਬਿਕਰਮਜੀਤ ਸਿੰਘ ਸੇਰਗਿੱਲ, ਬੀਡੀਏ ਦੇ ਸੁਪਰਡਂਟ ਪੰਕਜ ਕਾਲੀਆ ਤੋਂ ਇਲਾਵਾ ਇਸ ਚਰਚਿਤ ਪਲਾਟ ਦੀ ਬੋਲੀ ਦੇਣ ਵਾਲੇ ਤਿੰਨ ਪ੍ਰਾਈਵੇਟ ਵਿਅਕਤੀਆਂ ਹੋਟਲ ਕਾਰੋਬਾਰੀ ਰਾਜੀਵ ਕੁਮਾਰ, ਵਪਾਰੀ ਵਿਕਾਸ ਅਰੋੜਾ ਅਤੇ ਠੇਕੇਦਾਰ ਜੁਗਨੂੰ ਦੇ ਮੁਲਾਜਮ ਅਮਨਦੀਪ ਸਿੰਘ ਵਿਰੁਧ ਲੰਘੀ 24 ਸਤੰਬਰ ਨੂੰ ਵੱਖ ਵੱਖ ਧਾਰਾਵਾਂ ਤਹਿਤ ਪਰਚਾ ਦਰਜ਼ ਕੀਤਾ ਸੀ।

ਸੁਖਬੀਰ ਬਾਦਲ ਨੇ ਮੁੱਖ ਮੰਤਰੀ ਨੂੰ ਭੇਜਿਆ ਲੀਗਲ ਨੋਟਿਸ

ਇਸ ਦੌਰਾਨ ਤਿੰਨਾਂ ਪ੍ਰਾਈਵੇਟ ਵਿਅਕਤੀਆਂ ਨੂੰ ਵਿਜੀਲੈਂਸ ਨੇ 24 ਘੰਟਿਆਂ ਦੇ ਹੀ ਅੰਦਰ ਗ੍ਰਿਫਤਾਰ ਕਰ ਲਿਆ ਸੀ ਜਦੋਂ ਕਿ ਬਾਕੀ ਤਿੰਨਾਂ ਵਿਅਕਤੀਆਂ ਦੇ ਲਗਾਤਾਰ ਛਾਪੇਮਾਰੀ ਦੇ ਬਾਵਜੂਦ ਵਿਜੀਲੈਂਸ ਦੇ ਹੱਥ ਖ਼ਾਲੀ ਰਹੇ ਸਨ। ਜਿਸਤੋਂ ਬਾਅਦ ਪਹਿਲਾਂ 16 ਅਕਤੂੁਬਰ ਨੂੰ ਹਾਈਕੋਰਟ ਨੇ ਮਨਪ੍ਰੀਤ ਸਿੰਘ ਬਾਦਲ ਨੂੰ ਅੰਤਰਿਮ ਰਾਹਤ ਦੇ ਦਿੱਤੀ ਸੀ ਤੇ ਉਸਤੋਂ ਬਾਅਦ ਬਿਕਰਮਜੀਤ ਸਿੰਘ ਸੇਰਗਿਲ ਤੇ ਪੰਕਜ ਕਾਲੀਆ ਨੂੰ ਅੰਤਰਿਮ ਜਮਾਨਤ ਮਿਲ ਗਈ ਸੀ। ਪੰਕਜ ਕਾਲੀਆ ਜਮਾਨਤ ਮਿਲਣ ਤੋਂ ਬਾਅਦ ਵਿਜੀਲੈਂਸ ਕੋਲ ਦੋ ਵਾਰ ਪੇਸ਼ ਹੋ ਚੁੱਕਿਆ ਹੈ।

 

Exit mobile version