ਬਠਿੰਡਾ, 10 ਦਸੰਬਰ: Bathinda News: ਆਗਾਮੀ 21 ਦਸੰਬਰ ਨੂੰ ਸਥਾਨਕ ਵਿਧਾਇਕ ਜਗਰੂਪ ਸਿੰਘ ਗਿੱਲ ਵੱਲੋਂ ਅਸਤੀਫ਼ਾ ਦੇਣ ਕਾਰਨ ਖ਼ਾਲੀ ਹੋਏ ਨਗਰ ਨਿਗਮ ਦੇ ਵਾਰਡ ਨੰਬਰ 48 ਦੀ ਜ਼ਿਮਨੀ ਚੋਣ ਲਈ ਸ਼੍ਰੋਮਣੀ ਅਕਾਲੀ ਦਲ ਨੇ ਸਾਬਕਾ ਐਮਸੀ ਵਿਜੇ ਕੁਮਾਰ ਸ਼ਰਮਾ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਅੱਜ ਇੱਥੈ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਦੇ ਇੰਚਾਰਜ ਇਕਬਾਲ ਸਿੰਘ ਬਬਲੀ ਢਿੱਲੋਂ ਨੇ ਦੱਸਿਆ ਕਿ ਇਸ ਵਾਰਡ ਤੋਂ ਟਿਕਟ ਲਈ ਬਣੇ ਪੈਨਲ ਵਿੱਚ ਅਕਾਲੀ ਦਲ ਦੇ ਚਾਰ ਮਿਹਨਤੀ ਆਗੂਆਂ ਦੇ ਨਾਂ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਪਾਰਟੀ ਹਾਈਕਮਾਂਡ ਦੀਆਂ ਹਦਾਇਤਾਂ ਅਨੁਸਾਰ ਬਠਿੰਡਾ ਸ਼ਹਿਰੀ ਦੀ ਸਮੁੱਚੀ ਲੀਡਰਸ਼ਿਪ ਵੱਲੋਂ ਉਮੀਦਵਾਰ ਦੇ ਨਾਂ ਨੂੰ ਅੰਤਿਮ ਰੂਪ ਦੇਣ ਲਈ ਮੀਟਿੰਗ ਕੀਤੀ ਗਈ।
ਇਹ ਵੀ ਪੜ੍ਹੋ ਆਮ ਆਦਮੀ ਪਾਰਟੀ ਨੇ ਨਗਰ ਨਿਗਮ ਤੇ ਕੋਂਸਲ ਚੋਣਾਂ ਦੀ ਤਿਆਰੀ ਲਈ ਕੀਤੀ ਸਮੀਖਿਆ ਮੀਟਿੰਗ
ਉਕਤ ਮੀਟਿੰਗ ’ਚ ਚਾਰ ਨਾਵਾਂ ’ਤੇ ਡੂੰਘੀ ਚਰਚਾ ਹੋਈ, ਜਿਸ ’ਚ ਲੀਡਰਸ਼ਿਪ ਨੇ ਸਾਬਕਾ ਐਮ.ਸੀ ਅਤੇ ਸੀਨੀਅਰ ਅਕਾਲੀ ਆਗੂ ਵਿਜੇ ਕੁਮਾਰ ਸ਼ਰਮਾ ’ਤੇ ਸਹਿਮਤੀ ਪ੍ਰਗਟਾਈ। ਹਲਕਾ ਇੰਚਾਰਜ ਨੇ ਕਿਹਾ ਕਿ ਵਿਜੇ ਕੁਮਾਰ ਸ਼ਰਮਾ ਨੇ ਲਾਈਨੋਂਪਾਰ ਇਲਾਕੇ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਈ ਹੈ, ਜੋ ਪਿਛਲੇ ਤਿੰਨ ਦਹਾਕਿਆਂ ਤੋਂ ਇਲਾਕੇ ਦੇ ਲੋਕਾਂ ਦੀ ਸੇਵਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਵਿਜੇ ਕੁਮਾਰ ਸ਼ਰਮਾ ਪਹਿਲਾਂ ਵੀ ਨਗਰ ਨਿਗਮ ਦੇ ਐਮ.ਸੀ ਰਹਿ ਚੁੱਕੇ ਹਨ, ਜਿਨ੍ਹਾਂ ਵੱਲੋਂ ਇਲਾਕਾ ਨਿਵਾਸੀਆਂ ਦੀ ਭਲਾਈ ਲਈ ਵਿਸ਼ੇਸ਼ ਉਪਰਾਲੇ ਕੀਤੇ ਗਏ ਅਤੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦਿਵਾਉਣ ਲਈ ਕਈ ਸੰਘਰਸ਼ ਕੀਤੇ ਗਏ। ਬਬਲੀ ਢਿੱਲੋਂ ਨੇ ਕਿਹਾ ਕਿ ਇਸ ਇਲਾਕੇ ਦੇ ਲੋਕਾਂ ਨੇ ਵਿਧਾਇਕ ਜਗਰੂਪ ਸਿੰਘ ਗਿੱਲ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਵਿਧਾਨ ਸਭਾ ’ਚ ਭੇਜਿਆ ਸੀ, ਤਾਂ ਜੋ ਉਹ ਇਲਾਕੇ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰ ਸਕਣ,
ਇਹ ਵੀ ਪੜ੍ਹੋ ਸਿੱਖਿਆ ਵਿਭਾਗ ਦੇ ਦਫ਼ਤਰੀ ਕਰਮਚਾਰੀਆਂ ਦੀ ਕਲਮ ਛੋੜ ਹੜਤਾਲ 7ਵੇਂ ਦਿਨ ਵੀ ਜਾਰੀ
ਪਰ ਵਿਧਾਇਕ ਨੇ ਆਪਣੇ ਵਾਰਡ ਨੰਬਰ 48 ਸਮੇਤ ਸਾਰੇ ਲਾਈਨੋਂਪਾਰ ਇਲਾਕੇ ਲਾਵਾਰਿਸ ਛੱਡ ਦਿੱਤਾ। ਇਸ ਮੌਕੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਰਾਜਵਿੰਦਰ ਸਿੰਘ, ਸਾਬਕਾ ਮੇਅਰ ਬਲਜੀਤ ਸਿੰਘ ਬੀੜ ਬਹਿਮਣ, ਮੋਹਿਤ ਗੁਪਤਾ, ਨਿਰਮਲ ਸੰਧੂ, ਦਲਜੀਤ ਬਰਾੜ, ਚਮਕੌਰ ਮਾਨ, ਯਾਦਵਿੰਦਰ ਯਾਦੀ, ਕੁਲਦੀਪ ਨੰਬਰਦਾਰ, ਸੁਖਦੇਵ ਗੁਰਥੜੀ, ਬੀਬੀ ਬਲਵਿੰਦਰ ਕੌਰ, ਬੀਬੀ ਜੋਗਿੰਦਰ ਕੌਰ, ਅਸ਼ਵਨੀ ਬੰਟੀ, ਗੁਰਸੇਵਕ ਮਾਨ, ਹਰਵਿੰਦਰ ਸ਼ਰਮਾ ਗੰਜੂ, ਯੂਥ ਅਕਾਲੀ ਦਲ ਦੇ ਪ੍ਰਧਾਨ ਹਸਰਤ ਮਿੱਡੂਖੇੜਾ , ਪ੍ਰਵੀਨ ਕਾਲੀਆ, ਜਸਵਿੰਦਰ ਸਿੰਘ, ਮਨਜੀਤ ਸਿੰਘ ਮਾਖਾ, ਗੁਰਚਰਨ ਸਿੰਘ, ਇਕਬਾਲ ਸਿੰਘ ਪਾਲੀ, ਦਰਬਾਰਾ ਸਿੰਘ ਬਾਰਾ, ਭੁਪਿੰਦਰ ਸ਼ਰਮਾ, ਗੌਰਵ ਸ਼ਰਮਾ ਅਤੇ ਸਮੁੱਚੀ ਅਕਾਲੀ ਲੀਡਰਸ਼ਿਪ ਹਾਜ਼ਰ ਸੀ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK