ਦਸੂਹਾ, 8 ਦਸੰਬਰ: Hoshiarpur News : ਬੀਤੇ ਕੱਲ ਦਿਨ-ਦਿਹਾੜੇ ਥਾਣਾ ਦਸੂਹੇ ਅਧੀਨ ਆਉਂਦੇ ਪਿੰਡ ਹਾਰਦੋ ਥਲਾ ਵਿਚ ਇੱਕ ਉਚ ਅਧਿਕਾਰੀ ਦੇ ਘਰ ਚੋਰੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਹ ਚੋਰੀ ਦੀ ਘਟਨਾ ਘਰ ਵਿਚ ਲੱਗੇ ਹੋਏ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ ਹੈ। ਘਰ ਵਿਚ ਆਇਆ ਚੋਰ ਹਜ਼ਾਰਾਂ ਦੀ ਨਗਦੀ, ਗਹਿਣਿਆਂ ਤੇ ਵਿਦੇਸ਼ੀ ਡਾਲਰਾਂ ਸਹਿਤ ਦੋ ਪਿਸਤੌਲ ਵੀ ਚੋਰੀ ਕਰਕੇ ਲੈ ਗਿਆ। ਚੋਰੀ ਦੀ ਘਟਨਾ ਸਮੇਂ ਘਰ ਦਾ ਮਾਲਕ ਆਪਣੀ ਪਤਨੀ ਤੇ ਬੇਟੀ ਨਾਲ ਜਲੰਧਰ ’ਚ ਸ਼ਾਪਿੰਗ ਕਰਨ ਗਿਆ ਦਸਿਆ ਜਾ ਰਿਹਾ। ਫ਼ਿਲਹਾਲ ਇਸ ਮਾਮਲੇ ਵਿਚ ਥਾਣਾ ਦਸੂਹਾ ਦੀ ਪੁਲਿਸ ਨੇ ਈਟੀਓ ਜਗਪਾਲ ਸਿੰਘ ਦੀ ਸਿਕਾਇਤ ’ਤੇ ਅਗਿਆਤ ਚੋਰਾਂ ਵਿਰੁਧ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਮੁਖੀ ਇੰਸਪੈਕਟਰ ਪ੍ਰਭਜੋਤ ਕੌਰ ਵੱਲੋਂ ਮੀਡੀਆ ਨੂੰ ਦਿੱਤੀ ਜਾਣਕਾਰੀ ਮੁਤਾਬਕ ਚੋਰਾਂ ਦਾ ਸੁਰਾਗ ਲੱਭਣ ਲਈ ਪੁਲਿਸ ਪਾਰਟੀਆਂ ਲੱਗੀਆਂ ਹੋਈਆਂ ਹਨ। ਸੂਚਨਾ ਮੁਤਾਬਕ ਈਟੀਓ ਜਗਪਾਲ ਸਿੰਘ ਦੀ ਲੜਕੀ ਵਿਦੇਸ਼ ਵਿਚੋਂ ਕੁੱਝ ਸਮਾਂ ਪਹਿਲਾਂ ਹੀ ਵਾਪਸ ਪਰਤੀ ਸੀ ਤੇ ਉਹ ਆਪਣੀ ਪਤਨੀ ਗੁਰਵਿੰਦ ਕੌਰ ਦੇ ਨਾਲ ਬੇਟੀ ਨੂੰ ਸ਼ਾਪਿੰਗ ਕਰਵਾਉਣ ਲਈ ਜਲੰਧਰ ਲੈ ਕੇ ਘਰੋਂ ਕਰੀਬ ਸਾਢੇ 11 ਵਜੇਂ ਕਾਰ ’ਤੇ ਨਿਕਲੇ ਸਨ। ਇਸ ਦੌਰਾਨ ਸਾਢੇ ਤਿੰਨ ਵਜੇਂ ਹਾਲੇ ਉਹ ਸ਼ਾਪਿੰਗ ਹੀ ਕਰ ਰਹੇ ਸਨ ਕਿ ਘਰ ਵਿਚ ਰੱਖੇ ਨੌਕਰ, ਜੋਕਿ ਖੇਤਾਂ ਆਦਿ ਵਾਲੇ ਪਾਸੇ ਗਿਆ ਹੋਇਆ ਸੀ, ਨੇ ਉਨ੍ਹਾਂ ਨੂੰ ਘਰ ਵਿਚ ਚੋਰੀ ਹੋਣ ਬਾਰੇ ਸੂਚਨਾ ਦਿੱਤੀ।ਈਟੀਓ ਵੱਲੋਂ ਪੁਲਿਸ ਨੂੰ ਦਿੱਤੀ ਸੂਚਨਾ ਮੁਤਾਬਕ ਘਰ ਵਿਚੋਂ 8-10 ਤੋਲਾ ਸੋਨਾ, 20-25 ਹਜ਼ਾਰ ਦੀ ਨਗਦੀ, ਆਸਟਰੇਲੀਅਨ ਤੇ ਕੈਨੇਡੀਅਨ ਡਾਲਰਾਂ ਤੋਂ ਇਲਾਵਾ ਉਸਦੇ ਅਤੇ ਉਸਦੀ ਪਤਨੀ ਦੇ ਨਾਂ ’ਤੇ ਚੜੇ ਹੋੲੈ ਲਾਇਸੰਸੀ ਰਿਵਾਲਵਰ ਵੀ ਚੋਰੀ ਹੋ ਗਏ ਹਨ। ਫ਼ਿਲਹਾਲ ਵਾਈਰਲ ਹੋਈ ਸੀਸੀਟੀਵੀ ਫ਼ੁਟੇਜ਼ ਵਿਚ ਇੱਕ ਨੌਜਵਾਨ ਮੂੰਹ ’ਤੇ ਮਾਸਕ ਅਤੇ ਹੱਥਾਂ ਵਿਚ ਦਸਤਾਨੇ ਪਾ ਕੇ ਘਰ ਵਿਚ ਦਾਖ਼ਲ ਹੁੰਦਾ ਦਿਖ਼ਾਈ ਦਿੰਦਾ ਹੈ ਤੇ ਮੁੜ ਬੈਗ ਵਿਚ ਸਮਾਨ ਪਾ ਕੇ ਫ਼ੁਰਰ ਹੋ ਜਾਂਦਾ ਹੈ।