1 ਲੱਖ ਤੋਂ ਵੱਧ ਮਿੱਟੀ ਦੇ ਨਮੂਨਿਆਂ ਦੀ ਕੀਤੀ ਗਈ ਜਾਂਚ
ਮੌਜੂਦਾ ਵਿੱਤੀ ਵਰ੍ਹੇ ਵਿੱਚ ਮਿੱਟੀ ਦੇ 2.50 ਲੱਖ ਨਮੂਨਿਆਂ ਦੀ ਪਰਖ ਦਾ ਟੀਚਾ: ਗੁਰਮੀਤ ਸਿੰਘ ਖੁੱਡੀਆਂ
ਚੰਡੀਗੜ੍ਹ, 5 ਨਵੰਬਰ:ਮਿੱਟੀ ਦੀ ਪਰਖ ਕਰਵਾ ਕੇ ਘੱਟ ਲਾਗਤ ਨਾਲ ਵੱਧ ਝਾੜ ਹਾਸਲ ਕਰਨ ਅਤੇ ਖਾਦਾਂ ਦੀ ਲੋੜ ਅਨੁਸਾਰ ਵਰਤੋਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨੇ ਮਿੱਟੀ ਦੇ ਇੱਕ ਲੱਖ ਤੋਂ ਵੱਧ ਨਮੂਨੇ ਲਏ ਅਤੇ ਸਬੰਧਤ ਕਿਸਾਨਾਂ ਨੂੰ ਮੁਫ਼ਤ ਟੈਸਟ ਰਿਪੋਰਟਾਂ ਸੌਂਪੀਆਂ ਹਨ ਤਾਂ ਜੋ ਟਿਕਾਊ ਖੇਤੀ ਅਭਿਆਸਾਂ ਰਾਹੀਂ ਕਿਸਾਨਾਂ ਦੀ ਫ਼ਸਲ ਦੇ ਝਾੜ ਨੂੰ ਵਧਾਉਣ ਵਿੱਚ ਸਹਾਇਤਾ ਕੀਤੀ ਜਾ ਸਕੇ।ਇਹ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਮੌਜੂਦਾ ਵਿੱਤੀ ਸਾਲ ਦੌਰਾਨ ਘੱਟੋ-ਘੱਟ 2.50 ਲੱਖ ਮਿੱਟੀ ਦੇ ਨਮੂਨਿਆਂ ਦੀ ਪਰਖ ਕਰਨ ਦਾ ਟੀਚਾ ਮਿਥਿਆ ਹੈ। ਵਿਭਾਗ ਨੇ ਹੁਣ ਤੱਕ 1,16,117 ਨਮੂਨਿਆਂ ਦੇ ਸਫਲਤਾਪੂਰਵਕ ਟੈਸਟ ਕੀਤੇ ਹਨ। ਜ਼ਿਕਰਯੋਗ ਹੈ ਕਿ ਸੂਬੇ ਭਰ ਵਿੱਚ 58 ਮਿੱਟੀ ਪਰਖ ਪ੍ਰਯੋਗਸ਼ਾਲਾਵਾਂ ਹਨ।
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਏਡਜ਼ ਕੰਟਰੋਲ ਸੁਸਾਇਟੀ ਦੇ ਕਰਮਚਾਰੀਆਂ ਨੂੰ ਦਿੱਤਾ ਜੀਵਨ ਬੀਮਾ ਕਵਰੇਜ ਦਾ ਭਰੋਸਾ
ਸੂਬੇ ਦੇ ਕਿਸਾਨਾਂ ਨੂੰ ਫ਼ਸਲਾਂ ਦੀ ਬਿਜਾਈ ਤੋਂ ਪਹਿਲਾਂ ਮਿੱਟੀ ਦੀ ਪਰਖ ਕਰਵਾਉਣ ਦੀ ਅਪੀਲ ਕਰਦਿਆਂ ਸ. ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਮਿੱਟੀ ਵਿੱਚ ਮੌਜੂਦ ਉਪਜਾਊ ਤੱਤਾਂ ਜਿਵੇਂ ਨਾਈਟ੍ਰੋਜਨ, ਫਾਸਫੋਰਸ, ਪੋਟਾਸ਼ੀਅਮ ਅਤੇ ਹੋਰ ਸੂਖਮ ਤੱਤਾਂ ਦਾ ਪਤਾ ਲਗਾਉਣ ਲਈ ਮਿੱਟੀ ਦੀ ਜਾਂਚ ਕਰਵਾਉਣੀ ਲਾਜ਼ਮੀ ਹੈ ਕਿਉਂਕਿ ਇਹ ਕਿਸਾਨਾਂ ਨੂੰ ਫ਼ਸਲਾਂ ਦਾ ਵੱਧ ਝਾੜ ਲੈਣ ਅਤੇ ਖਾਦਾਂ ਦੀ ਲੋੜ ਅਨੁਸਾਰ ਵਰਤੋਂ ਕਰਨ ਦੇ ਯੋਗ ਬਣਾਉਂਦੀ ਹੈ। ਨਿਯਮਤ ਜਾਂਚ ਨਾਲ ਮਿੱਟੀ ਦੀ ਸਿਹਤ ਦੀ ਨਿਗਰਾਨੀ ਕਰਨ, ਇਸ ਵਿੱਚ ਮੌਜੂਦ ਤੱਤਾਂ ਦੀ ਪਛਾਣ ਤੋਂ ਇਲਾਵਾ ਮਿੱਟੀ ਦੀ ਕਿਸਮ ਤੇਜ਼ਾਬੀ ਜਾਂ ਖਾਰੀ ਦਾ ਪਤਾ ਕਰਕੇ ਬਿਜਾਈ ਲਈ ਉਚਿਤ ਫ਼ਸਲਾਂ ਦੀ ਚੋਣ ਕਰਨ ਵਿੱਚ ਮਦਦ ਮਿਲਦੀ ਹੈ। ਉਨ੍ਹਾਂ ਕਿਹਾ ਕਿ ਮਿੱਟੀ ਵਿਚਲੇ ਮੌਜੂਦ ਉਪਜਾਊ ਤੱਤਾਂ ਬਾਰੇ ਜਾਣ ਕੇ ਕਿਸਾਨ ਘੱਟ ਖਾਦ ਦੀ ਵਰਤੋਂ ਕਰਕੇ ਆਪਣੀ ਲਾਗਤ ਅਤੇ ਵਾਤਾਵਰਣ ‘ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਨੂੰ ਘਟਾ ਸਕਦੇ ਹਨ।
ਰਾਜਪਾਲ ਵੱਲੋਂ ਵੀਡੀਸੀ ਮੈਂਬਰਾਂ ਨੂੰ ਦੇਸ਼ ਵਿਰੋਧੀ ਤਾਕਤਾਂ ਖਿਲਾਫ ਲਾਮਬੰਦ ਹੋਣ ਦਾ ਸੱਦਾ
ਇਸ ਦੌਰਾਨ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਡਾਇਰੈਕਟਰ ਸ੍ਰੀ ਜਸਵੰਤ ਸਿੰਘ ਨੇ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ), ਲੁਧਿਆਣਾ ਵੱਲੋਂ ਸੁਝਾਏ ਗਏ ਡੀਏਪੀ ਦੇ ਬਦਲਵੇਂ ਸਰੋਤਾਂ ਦੀ ਕਿਸਾਨ ਵਰਤੋਂ ਕਰ ਸਕਦੇ ਹਨ, ਜੋ ਕਣਕ ਦੀ ਫ਼ਸਲ ਲਈ ਡੀਏਪੀ ਜਿੰਨੇ ਹੀ ਲਾਹੇਵੰਦ ਹਨ। ਉਨ੍ਹਾਂ ਦੱਸਿਆ ਕਿ ਡੀਏਪੀ ਦੇ ਇੱਕ ਥੈਲੇ ਦੀ ਥਾਂ ਕਿਸਾਨ 75 ਕਿਲੋਗ੍ਰਾਮ ਐਨ.ਪੀ.ਕੇ. (12:32:16) ਦੀ ਪ੍ਰਤੀ ਏਕੜ, ਜਾਂ 150 ਕਿਲੋਗ੍ਰਾਮ ਸਿੰਗਲ ਸੁਪਰ ਫਾਸਫੇਟ (ਐਸ.ਐਸ.ਪੀ.) ਅਤੇ 20 ਕਿਲੋਗ੍ਰਾਮ ਯੂਰੀਆ ਪ੍ਰਤੀ ਏਕੜ, ਜਾਂ 50 ਕਿਲੋਗ੍ਰਾਮ ਟ੍ਰਿਪਲ ਸੁਪਰ ਫਾਸਫੇਟ (ਟੀ.ਐਸ.ਪੀ.) ਅਤੇ 20 ਕਿਲੋ ਯੂਰੀਆ ਪ੍ਰਤੀ ਏਕੜ, ਜਾਂ 90 ਕਿਲੋਗ੍ਰਾਮ ਐਨ.ਪੀ.ਕੇ. (10:26:26) ਦੀ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਕਰ ਸਕਦੇ ਹਨ। ਉਨ੍ਹਾਂ ਕਿਸਾਨਾਂ ਨੂੰ ਮਿੱਟੀ ਦੇ ਭੌਤਿਕ ਗੁਣਾਂ ਨੂੰ ਸੁਧਾਰਨ ਲਈ ਜੈਵਿਕ ਤੇ ਦੇਸੀ ਖਾਦਾਂ ਦੀ ਵਰਤੋਂ ਕਰਨ ਦੀ ਵੀ ਅਪੀਲ ਕੀਤੀ।