Site icon Punjabi Khabarsaar

ਲੇਲੇਵਾਲਾ ਗੈਸ ਪਾਈਪ ਲਾਈਨ: ਕਿਸਾਨਾਂ ਤੇ ਪ੍ਰਸ਼ਾਸਨ ’ਚ ਸਹਿਮਤੀ ਤੋਂ ਬਾਅਦ 13 ਤੱਕ ਕੰਮ ਹੋਇਆ ਬੰਦ

ਬਠਿੰਡਾ, 5 ਦਸੰਬਰ: ਗੁਜ਼ਰਾਤ ਤੋਂ ਜੰਮੂ ਤੱਕ ਜਾਣ ਵਾਲੀ ਗੈਸ ਪਾਈਪ ਲਾਈਨ ਖੇਤਾਂ ਵਿਚ ਵਿਛਾਉਣ ਦੇ ਮੁਆਵਜ਼ੇ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਕਿਸਾਨਾਂ ਅਤੇ ਪ੍ਰਸ਼ਾਸ਼ਨ ਵਿਚਕਾਰ ਚੱਲਿਆ ਆ ਰਿਹਾ ਟਕਰਾਅ ਵੀਰਵਾਰ ਨੂੰ ਦੋਨਾਂ ਧਿਰਾਂ ਵਿਚਕਾਰ ਹੋਈ ਮੀਟਿੰਗ ਤੋਂ ਬਾਅਦ 13 ਦਸੰਬਰ ਤੱਕ ਟਲ ਗਿਆ। ਗੈਸ ਪਾਈਪ ਲਾਈਨ ਲਈ 24 ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਵੱਲੋਂ ਇਹ ਸੰਘਰਸ਼ ਕੀਤਾ ਜਾ ਰਿਹਾ। ਇਕੱਲੇ ਲੇਲੇਵਾਲਾ ਪਿੰਡ ਵਿਚ ਹੀ ਬਕਾਇਆ ਰਹਿੰਦੇ ਕਰੀਬ ਸਵਾ ਕਿਲੋਮੀਟਰ ਦੇ ਕੰਮ ਨੂੰ ਪੂਰਾ ਕਰਨ ਲਈ ਬੀਤੇ ਕੱਲ ਸੁਵੱਖਤੇ ਹੀ ਪ੍ਰਸ਼ਾਸਨ ਵੱਲੋਂ ਪਾਈਪਾਂ ਵਿਛਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਸੀ, ਜਿਸਤੋਂ ਬਾਅਦ ਕਿਸਾਨਾਂ ਨੇ ਵਿਰੋਧ ਕਰ ਦਿੱਤਾ ਸੀ। ਇਸ ਕਾਰਨ ਦੋਨਾਂ ਧਿਰਾਂ ਵਿਚਕਾਰ ਕਈ ਥਾਂ ਟਕਰਾਅ ਹੋਇਆ ਸੀ ਤੇ ਜਿਸਤੋਂ ਬਾਅਦ ਅਜ ਦੇ ਲਈ ਕਿਸਾਨਾਂ ਨੇ ਪਿੰਡ ਲੇਲੇਵਾਲਾ ਵਿਚ ਸੂਬਾ ਪੱਧਰੀ ਇਕੱਠ ਦਾ ਐਲਾਨ ਕੀਤਾ ਹੋਇਆ ਸੀ।

ਇਹ ਵੀ ਪੜ੍ਹੋ Bathinda News: ਲੇਲੇਵਾਲਾ ਗੈਸ ਪਾਈਪ ਲਾਈਨ ਮਾਮਲਾ: ਕਿਸਾਨਾਂ ਤੇ ਪੁਲਿਸ ਵਿਚਕਾਰ ਟਕਰਾਅ ਵਾਲੀ ਸਥਿਤੀ ਬਣੀ

ਇਸੇ ਇਕੱਠ ’ਚ ਪੁੱਜਣ ਲਈ ਸੰਗਰੂਰ ਤੋਂ ਚੱਲੇ ਕਿਸਾਨਾਂ ਦਾ ਮਾਨਸਾ ਪੁਲਿਸ ਨਾਲ ਕਈ ਥਾਂ ਨਾਕਿਆਂ ’ਤੇ ਟਕਰਾਅ ਹੋ ਗਿਆ ਸੀ, ਜਿਸਤੋਂ ਬਾਅਦ ਕਿਸਾਨਾਂ ਨੇ ਪੁਲਿਸ ਉਪਰ ਗੱਡੀਆਂ ਭੰਨਣ ਅਤੇ ਪੁਲਿਸ ਨੇ ਕਈ ਥਾਣਾਂ ਮੁਖੀਆਂ ਦੇ ਸੱਟਾਂ ਮਾਰਨ ਦੇ ਦੋਸ਼ ਲਗਾਏ ਸਨ। ਉਧਰ ਅੱਜ ਇਸ ਮਸਲੇ ਨੂੰ ਲੈ ਕੇ ਸਾਰਾ ਦਿਨ ਚੱਲਦੀ ਰਹੀ ਭੱਜਦੋੜ ਤੋਂ ਬਾਅਦ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਦੀ ਅਗਵਾਈ ਹੇਠ ਕਿਸਾਨ ਜਥੇਬੰਦੀ ਦੇ ਆਗੂਆਂ ਨਾਲ ਹੋਈ ਲੰਮੀ ਮੀਟਿੰਗ ਵਿਚ ਦੋਨਾਂ ਧਿਰਾਂ ਦੀ 13 ਦਸੰਬਰ ਤੱਕ ਕੰਮ ਮੁਲਤਵੀਂ ਕਰਨ ਦੀ ਸਹਿਮਤੀ ਬਣੀ ਹੈ। ਇਸ ਦੌਰਾਨ 9 ਦਸੰਬਰ ਨੂੰ ਇਕ ਕੇਸ ਹਾਈਕੋਰਟ ਵਿਚ ਲੱਗਿਆ ਹੋਇਆ ਹੈ। ਕਿਸਾਨ ਆਗੂਆਂ ਨੇ ਦਸਿਆ ਕਿ ਮੀਟਿੰਗ ਵਿਚ ਪ੍ਰਸ਼ਾਸਨ ਨੇ ਕਿਸਾਨਾਂ ਦੀਆਂ ਟੁੱਟੀਆਂ ਗੱਡੀਆਂ ਦਾ ਮੁਆਵਜ਼ਾ ਦੇਣ, ਜਬਤ ਕੀਤਾ ਸਮਾਨ ਵਾਪਸ ਦੇਣ ਆਦਿ ਦਾ ਭਰੋਸਾ ਦਿੱਤਾ ਹੈ।

ਇਹ ਵੀ ਪੜ੍ਹੋ ਸੁਖਬੀਰ ਬਾਦਲ ’ਤੇ ਗੋਲੀ ਚਲਾਉਣ ਵਾਲੇ ਨਰਾਇਣ ਸਿੰਘ ਚੋੜਾਂ ਨੂੰ ਪੁਲਿਸ ਨੇ ਕੀਤਾ ਅਦਾਲਤ ’ਚ ਪੇਸ਼

ਹਾਲਾਂਕਿ ਪਤਾ ਚੱਲਿਆ ਹੈ ਕਿ ਬੀਤੀ ਰਾਤ ਮਾਨਸਾ ’ਚ ਹੋਈਆਂ ਝੜਪਾਂ ਸਬੰਧੀ ਦਰਜ਼ ਹੋਏ ਕੇਸਾਂ ਨੂੰ ਵਾਪਸ ਲੈਣ ਬਾਰੇ ਪ੍ਰਸ਼ਾਸਨ ਵੱਲੋਂ ਕੋਈ ਠੋਸ ਸਹਿਮਤੀ ਨਹੀਂ ਦਿੱਤੀ ਗਈ।ਮੀਟਿੰਗ ਤੋਂ ਬਾਅਦ ਏਡੀਸੀ ਵੱਲੋਂ ਕਿਸਾਨਾਂ ਦੀ ਸਟੇਜ਼ ’ਤੇ ਪੁੱਜ ਕੇ ਇਸ ਫੈਸਲੇ ਬਾਰੇ ਜਾਣਕਾਰੀ ਦਿੱਤੀ ਗਈ, ਜਿਸਤੋਂ ਬਾਅਦ ਪਿੰਡ ’ਚ ਲੱਗੇ ਧਰਨੇ ਨੂੰ 13 ਤੱਕ ਸਮਾਪਤ ਕਰ ਦਿੱਤਾ ਗਿਆ। ਇਸ ਧਰਨੇ ਵਿਚ ਕਿਸਾਨ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ,ਸੂਬਾ ਸਕੱਤਰ ਸਿੰਗਾਰਾ ਸਿੰਘ ਮਾਨ,ਪ੍ਰਚਾਰ ਸਕੱਤਰ ਜਗਤਾਰ ਸਿੰਘ ਕਾਲਾਝਾੜ, ਸੂਬਾ ਆਗੂ ਰੂਪ ਸਿੰਘ ਛੰਨਾ, ਜਿਲਾ ਬਠਿੰਡਾ ਦੇ ਜਰਨਲ ਸਕੱਤਰ ਹਰਜਿੰਦਰ ਸਿੰਘ ਬੱਗੀ ਅਤੇ ਔਰਤ ਜਥੇਬੰਦੀ ਦੇ ਆਗੂ ਹਰਿੰਦਰ ਬਿੰਦੂ ਅਤੇ ਕਮਲਪ੍ਰੀਤ ਕੌਰ ਬਰਨਾਲਾ ਆਦਿ ਪੁੱਜੇ ਹੋਏ ਸਨ। ਇੰਨ੍ਹਾਂ ਕਿਸਾਨ ਆਗੂਆਂ ਨੇ ਪ੍ਰਸ਼ਾਸਨ ‘ਤੇ ਦੋਸ਼ ਲਗਾਇਆ ਕਿ ਇਸ ਮੁੱਦੇ ’ਤੇ 15 ਮਈ 2023 ਨੂੰ ਗੈਸ ਕੰਪਨੀ ਪਾਈਪਲਾਈਨ ਕੰਪਨੀ ਦੇ ਅਧਿਕਾਰੀਆਂ ਨਾਲ ਹੋਏ ਲਿਖਤੀ ਸਮਝੌਤੋਂ ਤੋਂ ਹੁਣ ਭਜਿਆ ਜਾ ਰਿਹਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group ਨਾਲ ਜੁੜੋਂ। https://chat.whatsapp.com/EK1btmLAghfLjBaUyZMcLK

 

Exit mobile version