Site icon Punjabi Khabarsaar

Punjab by-elections: ਵੋਟਾਂ ਤੋਂ ਬਾਅਦ ਹੁਣ ਜਿੱਤ-ਹਾਰ ਦੀਆਂ ਕਿਆਸਅਰਾਈਆਂ ਲੱਗਣੀਆਂ ਸ਼ੁਰੂ

142 Views

ਆਪ ਤੇ ਕਾਂਗਰਸ ਦੋਨਾਂ ਪਾਰਟੀਆਂ ਦੇ ਸਮਰਥਕਾਂ ਵੱਲੋਂ ਜਿੱਤ ਦੇ ਵੱਡੇ ਦਾਅਵੇ
ਚੰਡੀਗੜ੍ਹ, 21 ਨਵੰਬਰ: Punjab by election: ਪੰਜਾਬ ਦੇ ਵਿਚ ਬੀਤੇ ਕੱਲ ਚਾਰ ਵਿਧਾਨ ਸਭਾ ਹਲਕਿਆਂ ਲਈ ਪਈਆਂ ਵੋਟਾਂ ਤੋਂ ਬਾਅਦ ਹੁਣ ਜਿੱਤ-ਹਾਰ ਨੂੰ ਲੈ ਕੇ ਕਿਆਸਅਰਾਈਆਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ। ਚਾਰਾਂ ਵਿਧਾਨ ਸਭਾ ਹਲਕਿਆਂ ਡੇਰਾ ਬਾਬਾ ਨਾਨਕ, ਗਿੱਦੜਬਾਹਾ, ਚੱਬੇਵਾਲ ਤੇ ਬਰਨਾਲਾ ਵਿਧਾਨ ਸਭਾ ਹਲਕਿਆਂ ਵਿਚ ਪਹਿਲੀ ਵਾਰ ਤਿੰਨਾਂ ਕੌਮੀ ਪਾਰਟੀਆਂ ਦੇ ਉਮੀਦਵਾਰਾਂ ਵਿਚਕਾਰ ਮੁਕਾਬਲਾ ਬਣਿਆ ਹੋਇਆ ਸੀ ਤੇ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਇਸ ਚੋਣ ਪਿੜ ਵਿਚੋਂ ਬਾਹਰ ਸੀ। ਹਾਲਾਂਕਿ ਭਾਜਪਾ ਆਗੂਆਂ ਨੂੰ ਅਕਾਲੀ ਦਲ ਦੇ ਚੋਣ ਮੈਦਾਨ ਵਿਚ ਨਾਂ ਹੋਣ ਦਾ ਵੱਡਾ ਲਾਭ ਮਿਲਣ ਦੀ ਉਮੀਦ ਹੈ ਪ੍ਰੰਤੂ ਸਿਆਸੀ ਮਾਹਰਾਂ ਤੇ ਚੋਣ ਸਰਵੇਖਣਾਂ ਮੁਤਾਬਕ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਇੰਨ੍ਹਾਂ ਹਲਕਿਆਂ ਵਿਚ ਜਿੱਤ-ਹਾਰ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਵਿਚਕਾਰ ਹੀ ਰਹਿਣ ਦੀ ਸੰਭਾਵਨਾ ਹੈ। ਗਿੱੜਬਾਹਾ, ਜਿਸਨੂੰ ਪੰਜਾਬ ਦੀ ਸਭ ਤੋਂ ਹਾਟ ਸੀਟ ਮੰਨਿਆ ਗਿਆ ਹੈ, ਵਿਚ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਲੁਧਿਆਣਾ ਤੋਂ ਐਮ.ਪੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਧਰਮਪਤਨੀ ਅੰਮ੍ਰਿਤਾ ਵੜਿੰਗ ਤੇ ਆਮ ਆਦਮੀ ਪਾਰਟੀ ਦੇ ਹਰਦੀਪ ਸਿੰਘ ਡਿੰਪੀ ਢਿੱਲੋਂ ਵਿਚਕਾਰ ਕਾਂਟੇ ਦੀ ਟੱਕਰ ਹੈ।

ਇਹ ਵੀ ਪੜ੍ਹੋ ਕੈਨੇਡਾ ਦੀ ਵਿਦੇਸ਼ੀ ਵਿਦਿਆਰਥੀਆਂ ’ਤੇ ਹੋਰ ਸਖ਼ਤੀ;ਹੁਣ ਚੱਲਦੀ ਪੜਾਈ ’ਚ ਕਾਲਜ਼ ਨਹੀਂ ਬਦਲ ਸਕਣਗੇ ਵਿਦਿਆਰਥੀ

ਡਿੰਪੀ ਢਿੱਲੋਂ ਇਸਤੋਂ ਪਹਿਲਾਂ ਦੋ ਵਾਰ ਅਕਾਲੀ ਦਲ ਦੀ ਟਿਕਟ ਤੋਂ ਇਸ ਹਲਕੇ ਵਿਚ ਆਪਣੀ ਕਿਸਮਤ ਅਜ਼ਮਾ ਚੁੱਕੇ ਹਨ। ਇਸਤੋਂ ਇਲਾਵਾ 12 ਸਾਲਾਂ ਦੇ ਲੰਮੇ ਵਕਫ਼ੇ ਤੋਂ ਬਾਅਦ ਸਾਬਕਾ ਵਿਤ ਮੰਤਰੀ ਮਨਪ੍ਰੀਤ ਬਾਦਲ ਇੱਕ ਵਾਰ ਫ਼ਿਰ ਪਾਰਟੀ ਬਦਲ ਕੇ ਲੋਕਾਂ ਦੇ ਪੇਸ਼ ਹੋਇਆ ਹੈ। ਉਧਰ ਜੇਕਰ ਡੇਰਾ ਬਾਬਾ ਨਾਨਕ ਹਲਕੇ ਦੀ ਗੱਲ ਕੀਤੀ ਜਾਵੇ ਤਾਂ ਇਸ ਹਲਕੇ ਵਿਚ ਕਾਂਗਰਸ ਦੇ ਐਮ.ਪੀ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਧਰਮਪਤਨੀ ਜਤਿੰਦਰ ਕੌਰ ਰੰਧਾਵਾ ਤੇ ਆਪ ਦੇ ਗੁਰਦੀਪ ਸਿੰਘ ਰੰਧਾਵਾ ਵਿਚਕਾਰ ਜਬਰਦਸਤ ਮੁਕਾਬਲਾ ਰਿਹਾ ਹੈ। ਅਕਾਲੀ ਦਲ ਦੇ ਆਗੂ ਸੁੱਚਾ ਸਿੰਘ ਲੰਗਾਹ ਨੇ ਵੀ ਆਪ ਉਮੀਦਵਾਰ ਦੀ ਹਿਮਾਇਤ ਕੀਤੀ ਹੈ। ਜਦੋਂਕਿ ਬਰਨਾਲਾ ਵਿਚ ਆਪ ਦੇ ਹਰਿੰਦਰ ਸਿੰਘ ਧਾਲੀਵਾਲ ਦੇ ਮੁਕਾਬਲੇ ਅਜਾਦ ਉਮੀਦਵਾਰ ਵਜੋਂ ਖੜ੍ਹੇੇ ਹੋ ਕੇ ਸਾਬਕਾ ਜ਼ਿਲਾ ਪ੍ਰਧਾਨ ਗੁਰਦੀਪ ਸਿੰਘ ਬਾਠ ਨੇ ਵੱਡੀਆਂ ਮੁਸ਼ਕਲਾਂ ਖੜੀਆਂ ਕੀਤੀਆਂ ਹਨ। ਇੱਥੇ ਕਾਂਗਰਸ ਦੇ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਨੂੰ ਆਪ ਦੀ ਪਾਟੋ-ਧਾੜ ਵਿਚ ਫ਼ਾਈਦਾ ਹੋਣ ਦੀ ਉਮੀਦ ਹੈ। ਹਾਲਾਂਕਿ ਇੱਥੇ ਵੀ ਵੱਡੀ ਗਿਣਤੀ ਵਿਚ ਸ਼ਹਿਰੀ ਵੋਟਰ ਹੋਣ ਕਾਰਨ ਭਾਜਪਾ ਵੱਲੋਂ ਚੋਣ ਲੜ ਰਹੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਵੀ ਕ੍ਰਿਸ਼ਮਾ ਹੋਣ ਦੇ ਸੁਪਨੇ ਦੇਖ ਰਹੇ ਹਨ।

ਇਹ ਵੀ ਪੜ੍ਹੋ PSDM ਵੱਲੋਂ ਸਿਹਤ ਸੰਭਾਲ ਖੇਤਰ ਦੀ ਮੰਗ ਨੂੰ ਪੂਰਾ ਕਰਨ ਲਈ Baba Farid University of Health Sciences ਨਾਲ ਸਮਝੌਤਾ ਸਹੀਬੱਧ

ਇਸਦੇ ਬਾਵਜੂਦ ਇਸ ਹਲਕੇ ਵਿਚ ਵੀ ਕਾਂਗਰਸ ਤੇ ਆਪ ਵਿਚਕਾਰ ਟੱਕਰ ਰਹੀ ਹੈ। ਉਧਰ ਜੇਕਰ ਚੱਬੇਵਾਲ ਹਲਕੇ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਪਿਛਲੇ ਕਾਫ਼ੀ ਲੰਮੇ ਸਮੇਂ ਤੋਂ ਡਾ ਰਾਜ ਕੁਮਾਰ ਚੱਬੇਵਾਲ ਦੇ ਇਰਦ-ਗਿਰਦ ਸਿਆਸਤ ਘੁੰਮਦੀ ਰਹੀ ਹੈ। ਉਹ ਪਹਿਲਾਂ ਕਾਂਗਰਸ ਦੇ ਵਿਧਾਇਕ ਸਨ ਪ੍ਰੰਤੂ ਮੁੜ ਅਸਤੀਫ਼ਾ ਦੇ ਕੇ ਆਪ ਵਿਚ ਸ਼ਾਮਲ ਹੋ ਗਏ ਹਨ। ਆਪ ਨੇ ਉਸਨੂੰ ਐਮ.ਪੀ ਦੀ ਟਿਕਟ ਦਿੱਤੀ ਤੇ ਉਹ ਜਿੱਤ ਗਏ। ਹੁਣ ਉਪ ਚੋਣ ਵਿਚ ਪਾਰਟੀ ਵੱਲੋਂ ਉਨ੍ਹਾਂ ਦੇ ਪੁੱਤਰ ਡਾ ਇਸ਼ਾਂਕ ਚੱਬੇਵਾਲ ਨੂੰ ਉਮੀਦਵਾਰ ਬਣਾਇਆ ਸੀ। ਇੱਕ ਤਰ੍ਹਾਂ ਨਾਲ ਮੁੜ ਖ਼ੁਦ ਡਾ ਰਾਜ ਕੁਮਾਰ ਹੀ ਚੋਣ ਲੜਦੇ ਦਿਖ਼ਾਈ ਦਿੱਤੇ ਹਨ। ਇਸਦੇ ਬਾਵਜੂਦ ਉਨ੍ਹਾਂ ਨੂੰ ਟੱਕਰ ਦੇਣ ਲਈ ਕਾਂਗਰਸ ਹਾਈਕਮਾਂਡ ਵੱਲੋਂ ਆਪਣੇ ਉਮੀਦਵਾਰ ਰਣਜੀਤ ਕੁਮਾਰ ਦੇ ਹੱਕ ਵਿਚ ਕਾਫ਼ੀ ਜੋਰ ਲਗਾਇਆ ਗਿਆ। ਜਦੋਂਕਿ ਭਾਜਪਾ ਨੇ ਸਾਬਕਾ ਅਕਾਲੀ ਮੰਤਰੀ ਸੋਹਣ ਸਿੰਘ ਠੰਡਲ ਨੇ ਉਮੀਦਵਾਰ ਬਣਾ ਕੇ ਇੱਕ ਤੀਰ ਨਾਲ ਦੋ ਨਿਸ਼ਾਨੇ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਸ: ਠੰਡਲ ਪਹਿਲਾਂ ਵੀ ਕਈ ਵਾਰ ਇਸ ਹਲਕੇ ਦੀ ਨੁਮਾਇੰਦਗੀ ਕਰ ਚੁੱਕੇ ਹਨ ਤੇ ਭਾਜਪਾ ਨੂੰ ਉਮੀਦ ਹੈ ਕਿ ਉਨ੍ਹਾਂ ਦੀ ਪਾਰਟੀ ਦੇ ਨਾਲ ਅਕਾਲੀ ਵੋਟ ਵੀ ਮਿਲ ਜਾਵੇਗੀ। ਬਹਰਹਾਲ 23 ਨਵੰਬਰ ਨੂੰ ਸਾਹਮਣੇ ਆਉਣ ਵਾਲੇ ਨਤੀਜਿਆਂ ਦੇ ਵਿਚ ਇੰਨ੍ਹਾਂ ਪਾਰਟੀਆਂ ਵੱਲੋਂ ਕੀਤੇ ਜਾ ਰਹੇ ਦਾਅਵਿਆਂ ਦੀ ਸਚਾਈ ਸਾਹਮਣੇ ਆਵੇਗੀ।

 

Exit mobile version