ਅੰਮ੍ਰਿਤਸਰ, 12 ਦਸੰਬਰ: ਪਿਛਲੇ ਸਵਾ ਸਾਲ ਤੋਂ ਰੂਸ ਅਤੇ ਯੁਕਰੇਨ ਵਿਚਕਾਰ ਚੱਲ ਰਹੀ ਜੰਗ ਦੌਰਾਨ ਪੰਜਾਬੀ ਨੌਜਵਾਨਾਂ ਨੂੰ ਫ਼ੌਜ ਵਿਚ ਭਰਤੀ ਕਰਨ ਵਾਲੀ ਰੂਸੀ ਸਰਕਾਰ ਨੇ ਹੁਣ 12 ਮਾਰਚ ਨੂੰ ਲੜਾਈ ਦੌਰਾਨ ਮਾਰੇ ਗਏ ਇੱਥੋਂ ਦੇ ਨੌਜਵਾਨ ਤੇਜ਼ਪਾਲ ਦੇ ਪ੍ਰਵਾਰ ਨੂੰ ਰੂਸੀ ਫ਼ੌਜ ਦੀ ਤਰ੍ਹਾਂ ਸ਼ਹੀਦ ਵਾਲੀਆਂ ਸਹੂਲਤਾਂ ਦੇਣ ਦਾ ਫੈਸਲਾ ਲਿਆ ਹੈ। ਇਸਦੇ ਲਈ ਤੇਜਪਾਲ ਸਿੰਘ ਦੇ ਪਰਿਵਾਰ ਦੇ ਪੰਜ ਮੈਂਬਰਾਂ ਨੂੰ ਰੂਸ ਵਿਚ ਸਥਾਈ ਨਿਵਾਸ (ਪੀਆਰ) ਦੇਣ ਤੋਂ ਇਲਾਵਾ ਉਸਦੇ ਮਾਪਿਆਂ ਅਤੇ ਬੱਚਿਆਂ ਨੂੰ ਹਰ ਮਹੀਨੇ 20-20 ਹਜ਼ਾਰ ਰੁਪਏ ਦੀ ਪੈਨਸ਼ਨ ਵੀ ਮਿਲੇਗੀ। ਇਸਦੀ ਪੁਸ਼ਟੀ ਕਰਦੇ ਹੋਏ ਤੇਜਪਾਲ ਦੀ ਵਿਧਵਾ ਪਰਮਿੰਦਰ ਕੌਰ ਨੇ ਵੱਖ ਵੱਖ ਮੀਡੀਆ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਹੈ ਕਿ ‘‘ ਇਸਦਾ ਬਾਬਤ ਰੂਸ ਸਰਕਾਰ ਨੇ ਪ੍ਰਕ੍ਰਿਆ ਸ਼ੁਰੂ ਕੀਤੀ ਹੈ ਅਤੇ ਉਹ ਫ਼ਰਵਰੀ ਦੇ ਅਖ਼ੀਰ ਵਿਚ ਰੂਸ ਵਿਚ ਜਾ ਰਹੀ ਹੈ। ’’
ਇਹ ਵੀ ਪੜ੍ਹੋ ਹਰਿਆਣਾ ਸ਼੍ਰੋਮਣੀ ਕਮੇਟੀ ਚੋਣਾਂ: ਸਿਆਸੀ ਪਾਰਟੀਆਂ ਨਹੀਂ ਲੜ ਸਕਣਗੀਆਂ ਚੋਣਾਂ
ਜਿਕਰਯੋਗ ਹੈ ਕਿ ਹੋਰਨਾਂ ਪੰਜਾਬੀ ਨੌਜਵਾਨਾਂ ਦੀ ਤਰ੍ਹਾਂ ਤੇਜਪਾਲ ਨੂੰ ਵੀ ਰੂਸੀ ਫ਼ੌਜ ਵਿਚ ਭਰਤੀ ਕੀਤਾ ਗਿਆ ਸੀ ਪ੍ਰੰਤੂ ਇਸਦੇ ਬਾਰੇ ਪਤਾ ਲੱਗਿਆ ਸੀ ਕਿ ਉਹ ਆਪਣੀ ਮਰਜ਼ੀ ਦੇ ਨਾਲ ਹੀ ਫ਼ੌਜ ਵਿਚ ਭਰਤੀ ਹੋਇਆ ਸੀ। ਹਾਲਾਂਕਿ ਇਕਲੌਤਾ ਪੁੱਤਰ ਹੋਣ ਕਾਰਨ ਪ੍ਰਵਾਰ ਉਸਨੂੰ ਰੋਕਦਾ ਸੀ, ਜਿਸਦੇ ਚੱਲਦੇ ਉਹ ਪਹਿਲਾਂ ਬੇਂਕਾਕ ਗਿਆ, ਜਿੱਥੋਂ ਮੁੜ ਦੋਸਤਾਂ ਰਾਹੀਂ ਰੂਸ ਚਲਾ ਗਿਆ। ਪਰਮਿੰਦਰ ਕੌਰ ਮੁਤਾਬਕ ‘‘ਤੇਜ਼ਪਾਲ ਨਾਲ ਉਨ੍ਹਾਂ ਦੀ ਆਖ਼ਰੀ ਗੱਲ 2 ਮਾਰਚ ਨੂੰ ਹੋਈ ਸੀ, ਉਸਤੋਂ ਬਾਅਦ ਕੋਈ ਸੰਪਰਕ ਨਹੀਂ ਹੋਇਆ, ਸਿਰਫ਼ ਇੰਨ੍ਹਾਂ ਹੀ ਪਤਾ ਲੱਗਿਆ ਕਿ ਰੈਡ ਜੋਨ ਵਿਚ ਦਾਖ਼ਲ ਹੋਏ ਉਸਦੇ ਟੈਂਕ ਉਪਰ ਕੋਈ ਮਿਜ਼ਾਇਲ ਵਰਗੀ ਵਸਤੂ ਡਿੱਗੀ, ਜਿਸਤੋਂ ਬਾਅਦ ਉਸਦਾ ਕੁੱਝ ਪਤਾ ਨਹੀਂ ਲੱਗਿਆ। ’’
ਇਹ ਵੀ ਪੜ੍ਹੋ ਸਪੀਕਰ ਸੰਧਵਾਂ ਵੱਲੋਂ ਕੇਂਦਰ ਨੂੰ ਕਿਸਾਨਾਂ ਦੀਆਂ ਮੰਗਾਂ ਦੇ ਤੁਰੰਤ ਹੱਲ ਦੀ ਅਪੀਲ
ਤੇਜਪਾਲ ਦੇ ਪ੍ਰਵਾਰ ਵਿਚ ਪਤਨੀ ਪਰਮਿੰਦਰ ਕੌਰ ਤੋਂ ਇਲਾਵਾ ਸੱਤ ਸਾਲਾ ਪੁੱਤਰ ਅਰਮਾਨਦੀਪ ਸਿੰਘ ਅਤੇ ਚਾਰ ਸਾਲਾ ਪੁੱਤਰੀ ਗੁਰਨਾਜ਼ਦੀਪ ਕੌਰ ਤੋਂ ਇਲਾਵਾ ਬਜੁਰਗ ਮਾਂ-ਪਿਊ ਸ਼ਾਮਲ ਹਨ। ਪਤਨੀ ਦਾ ਇਹ ਵੀ ਕਹਿਣਾ ਹੈ ਕਿ ‘‘ ਰੂਸੀ ਅਧਿਕਾਰੀਆਂ ਨੇ ਦਸਿਆ ਕਿ ਪੀਆਰ ਮਿਲਣ ਤੋਂ ਬਾਅਦ ਉਥੇ ਪੱਕੇ ਤੌਰ ’ਤੇ ਰਹਿਣਾ ਜਰੂਰੀ ਨਹੀਂ ਤੇ ਕਿਸੇ ਹੋਰ ਦੇਸ ਵਿਚ ਜਾਇਆ ਜਾ ਸਕਦਾ ਹੈ। ’’ ਉਨ੍ਹਾਂ ਕਿਹਾ ਕਿ ਪ੍ਰਵਾਰ ਦਾ ਵੀ ਹਾਲੇ ਉਥੇ ਪੱਕੇ ਤੌਰ ‘ਤੇ ਸੈਟਲ ਹੋਣ ਦਾ ਕੋਈ ਇਰਾਦਾ ਨਹੀਂ, ਕਿਉਂਕਿ ਰੂਸ ਵਿਚ ਠੰਢ ਬਹੁਤ ਜਿਆਦਾ ਪੈਂਦੀ ਹੈ। ਇਸਤੋਂ ਇਲਾਵਾ ਬੱਚਿਆਂ ਦੇ ਉਚੇਰੀ ਪੜਾਈ ਲਈ ਉਥੇ ਭੇਜਿਆ ਜਾ ਸਕਦਾ। ਗੌਰਤਲਬ ਹੈ ਕਿ ਆਪਣੇ ਪਤੀ ਦਾ ਖ਼ੁਰਾ-ਖੋਜ਼ ਲੱਭਣ ਦੇ ਲਈ ਪਰਮਿੰਦਰ ਕੌਰ ਇਸਤੋਂ ਪਹਿਲਾਂ ਟੂਰਿਸਟ ਵੀਜ਼ੇ ਉਪਰ ਰੂਸ ਜਾ ਕੇ ਆਈ ਹੈ। ਉਸਨੇ ਕਿਹਾ ਹੈ ਕਿ ਤੇਜਪਾਲ ਦਾ ਨਾਮ ਲਾਪਤਾ ਵਿਅਕਤੀਆਂ ਦੀ ਸੂਚੀ ਵਿੱਚ ਸ਼ਾਮਲ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK