👉ਪੁਲਿਸ ਵੱਲੋਂ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਧਰਨਾਕਾਰੀ ਲਏ ਹਿਰਾਸਤ ‘ਚ
👉ਡਾਇੰਗ ਇੰਡਸਟਰੀਜ਼ ਨੇ ਵੀ ਬਰਾਬਰ ਮੋਰਚਾ ਗੱਡਿਆ
ਲੁਧਿਆਣਾ, 3 ਦਸੰਬਰ: ਬੁੱਢੇ ਨਾਲੇ ਦੇ ਪ੍ਰਦੂਸ਼ਣ ਦੀ ਸਮੱਸਿਆ ਨੂੰ ਲੈ ਕੇ ਸਮਾਜ ਸੇਵੀਆਂ ਵੱਲੋਂ ਬਣਾਇਆ ਕਾਲਾ ਪਾਣੀ ਮੋਰਚਾ ਅਤੇ ਡਾਈਂਗ ਇੰਡਸਟਰੀ ਦੇ ਆਹਮੋ ਸਾਹਮਣੇ ਹੋਣ ਕਾਰਨ ਲੁਧਿਆਣਾ ਵਿੱਚ ਮੰਗਲਵਾਰ ਨੂੰ ਸਥਿਤੀ ਤਨਾਅਪੂਰਨ ਬਣੀ ਹੋਈ ਹੈ। ਸੈਂਕੜਿਆਂ ਦੀ ਤਾਦਾਦ ਦੇ ਵਿੱਚ ਪੁਲਿਸ ਫੋਰਸ ਵੱਲੋਂ ਲੁਧਿਆਣਾ ਨੂੰ ਇੱਕ ਤਰ੍ਹਾਂ ਪੁਲਿਸ ਛਾਉਣੀ ਵਿੱਚ ਤਬਦੀਲ ਕੀਤਾ ਹੋਇਆ ਹੈ। ਮੋਰਚੇ ਦੇ ਸਮਰਥਕਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਹਮਣੇ ਰੋਕਿਆ ਹੋਇਆ ਹੈ। ਜਦੋਂ ਕਿ ਇਸ ਮੌਕੇ ਅੱਗੇ ਵਧਣ ਨੂੰ ਲੈ ਕੇ ਪੁਲਿਸ ਅਤੇ ਧਰਨਾਕਾਰੀਆਂ ਵਿਚਕਾਰ ਕਈ ਵਾਰ ਝੜਪਾਂ ਵੀ ਹੋ ਚੁੱਕੀਆਂ ਹਨ। ਦੂਜੇ ਪਾਸੇ ਡਾਈਂਗ ਇੰਡਸਟਰੀ ਦੇ ਮਾਲਕ ਅਤੇ ਮਜ਼ਦੂਰ ਹਜ਼ਾਰਾਂ ਦੀ ਤਦਾਦ ਵਿੱਚ ਤਾਜਪੁਰ ਰੋਡ ‘ਤੇ ਇਕੱਠੇ ਹੋਏ ਹਨ।
ਇਹ ਵੀ ਪੜ੍ਹੋ ਚੱਲਦੀ ਰੋਡਵੇਜ਼ ਦੀ ਬੱਸ ਨੂੰ ਲੱਗੀ ਭਿਆਨਕ ਅੱਗ, ਮਿੰਟਾਂ ਵਿਚ ਹੋਈ ਰਾਖ਼
ਇਸ ਦੌਰਾਨ ਪੁਲਿਸ ਵੱਲੋਂ ਕਾਲਾ ਪਾਣੀ ਮੋਰਚੇ ਦੇ ਸੈਂਕੜੇ ਵਲੰਟੀਅਰਾਂ ਸਹਿਤ ਕਈ ਵੱਡੇ ਕਾਰਕੁਨਾਂ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹੈ, ਜਿਸ ਦੇ ਵਿੱਚ ਲੱਖਾ ਸਿਧਾਣਾ ਵੀ ਸ਼ਾਮਿਲ ਹੈ, ਜਿਸ ਨੂੰ ਲੁਧਿਆਣਾ ਪੁੱਜਣ ਤੋਂ ਪਹਿਲਾਂ ਹੀ ਇੱਕ ਪਿੰਡ ਵਿੱਚ ਪੁਲਿਸ ਦੀਆਂ ਕਈ ਗੱਡੀਆਂ ਨੇ ਘੇਰਾ ਪਾ ਕੇ ਹਿਰਾਸਤ ਵਿੱਚ ਲੈ ਲਿਆ। ਇਸ ਤੋਂ ਇਲਾਵਾ ਤਰਨ ਤਾਰਨ ਤੋਂ ਆਜ਼ਾਦ ਐਮਪੀ ਭਾਈ ਅੰਮ੍ਰਿਤ ਪਾਲ ਸਿੰਘ ਦੇ ਪਿਤਾ ਭਾਈ ਤਰਸੇਮ ਸਿੰਘ ਤੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਆਦਿ ਨੂੰ ਵੀ ਪੁਲਿਸ ਨੇ ਹਿਰਾਸਤ ਵਿੱਚ ਲਿਆ ਹੋਇਆ ਹੈ। ਜ਼ਿਕਰਯੋਗ ਹੈ ਕਿ ਫਿਲਮਕਾਰ ਅਮਿਤੋਜ ਮਾਨ, ਸਮਾਜ ਸੇਵੀ ਲੱਖਾ ਸਿਧਾਣਾ ਆਦਿ ਵੱਲੋਂ ਬੁੱਢਾ ਨਾਲਾ ਦੇ ਪ੍ਰਦੂਸ਼ਣ ਨੂੰ ਰੋਕਣ ਲਈ ਇਸ ਦੇ ਵਿੱਚ ਰੰਗਦਾਰੀ ਇੰਡਸਟਰੀ ਦੇ ਡਿੱਗਦੇ ਗੰਦੇ ਪਾਣੀ ਨੂੰ ਰੋਕਣ ਲਈ ਕਾਲੇ ਪਾਣੀ ਮੋਰਚਾ ਦਾ ਗਠਨ ਕਰਕੇ ਅੱਜ ਤਾਜਪੁਰ ਰੋਡ ਸਥਿਤ CETP ਦਾ ਡਿਸਚਾਰਜ ਬੰਦ ਕਰਨ ਦਾ ਐਲਾਨ ਕੀਤਾ ਹੋਇਆ ਸੀ।
ਇਹ ਵੀ ਪੜ੍ਹੋ ਧਾਰਮਿਕ ਸਜ਼ਾ: ਸ਼੍ਰੀ ਦਰਬਾਰ ਸਾਹਿਬ ਦੇ ਜਨਤਕ ਪਖਾਨਿਆ ਦੀ ਸਫ਼ਾਈ ਕਰਦੇ ਨਜ਼ਰ ਆਏ ਅਕਾਲੀ ਆਗੂ
ਇਸ ਸੰਬੰਧ ਵਿੱਚ ਅੱਜ ਲੁਧਿਆਣਾ ਦੇ ਬੁੱਢਾ ਨਾਲਾ ਉੱਪਰ ਪੰਜਾਬੀਆਂ ਨੂੰ ਇਕੱਠੇ ਹੋਣ ਦਾ ਸੱਦਾ ਦਿੱਤਾ ਗਿਆ ਸੀ। ਪ੍ਰੰਤੂ ਪੁਲਿਸ ਨੇ ਇਸ ਤੋਂ ਪਹਿਲਾਂ ਹੀ ਮੋਰਚੇ ਦੇ ਆਗੂਆਂ ਨੂੰ ਹਿਰਾਸਤ ਵਿੱਚ ਲੈਣਾ ਸ਼ੁਰੂ ਕਰ ਦਿੱਤਾ ਅਤੇ ਦਾਖ਼ਲੇ ਵਾਲੇ ਥਾਵਾਂ ‘ਤੇ ਭਾਰੀ ਪੁਲਿਸ ਫੋਰਸ ਅਤੇ ਬੈਰੀਗੇਡਿੰਗ ਕਰਕੇ ਸਖਤ ਨਾਕਾਬੰਦੀ ਕਰ ਦਿੱਤੀ ਗਈ।ਇਸ ਦੇ ਬਾਵਜੂਦ ਸੈਂਕੜੇ ਦੀ ਤਦਾਦ ਦੇ ਵਿੱਚ ਲੋਕ ਲੁਧਿਆਣਾ ਦੇ ਵੇਰਕਾ ਚੌਂਕ ਕੋਲ ਇਕੱਠੇ ਹੋ ਗਏ। ਜਿੰਨਾ ਵੱਲੋਂ ਪੁਲਿਸ ਦੀਆਂ ਲਗਾਈਆਂ ਰੋਕਾਂ ਨੂੰ ਤੋੜ ਕੇ ਅੱਗੇ ਵੱਧਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਸ ਵਲੋਂ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਿਸ ਨੇ ਬੈਰਿਕੇਡਿੰਗ ਦੇ ਨਾਲ ਨਾਲ ਵਾਟਰ ਕੈਨੇਨ ਮੌਕੇ ‘ਤੇ ਤਾਇਨਾਤ ਕਰ ਦਿੱਤੀ ਗਈ ਹੈ। ਪੁਲਿਸ ਪ੍ਰਸ਼ਾਸਨ ਵੱਲੋਂ ਲੁਧਿਆਣੇ ਦੇ ਕਮਿਸ਼ਨਰ ਕੁਲਦੀਪ ਸਿੰਘ ਚਹਿਲ ਖੁਦ ਅਗਵਾਈ ਕਰ ਰਹੇ ਹਨ। ਜਿਨਾਂ ਅੱਜ ਕਈ ਵਾਰ ਮੀਡੀਆ ਨਾਲ ਗੱਲਬਾਤ ਕਰਦਿਆਂ ਕਾਨੂੰਨ ਤੋੜਨ ਵਾਲਿਆਂ ਵਿਰੁੱਧ ਸਖਤੀ ਕਰਨ ਦਾ ਐਲਾਨ ਕੀਤਾ ਹੋਇਆ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK