ਚੰਡੀਗੜ੍ਹ, 14 ਜੂਨ: ਲੰਘੀ 1 ਜੂਨ ਨੂੰ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਐਮ.ਪੀ ਚੁਣੇ ਗਏ ਚਾਰ ਵਿਧਾਇਕਾਂ ਵਿਚੋਂ ਤਿੰਨ ਨੇ ਆਪਣਾ ਅਸਤੀਫ਼ਾ ਦੇ ਦਿੱਤਾ ਹੈ। ਜਦੋ ਕਿ ਬਰਨਾਲਾ ਤੋਂ ਵਿਧਾਇਕ ਤੇ ਸੂਬੇ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦਾ ਅਸਤੀਫ਼ਾ ਹਾਲੇ ਬਾਕੀ ਹੈ, ਜੋਕਿ ਆਪ ਦੀ ਰਾਜਧਾਨੀ ਮੰਨੇ ਜਾਂਦੇ ਸੰਗਰੂਰ ਤੋਂ ਲੋਕ ਸਭਾ ਲਈ ਚੁਣੇ ਗਏ ਹਨ। ਸ਼ੁੱਕਰਵਾਰ ਨੂੰ ਅਸਤੀਫ਼ਾ ਦੇਣ ਵਾਲਿਆਂ ਵਿਚ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਲੁਧਿਆਣਾ ਤੋਂ ਚੁਣੇ ਗਏ ਐਮ.ਪੀ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਗੁਰਦਾਸਪੁਰ ਤੋਂ ਨਵੇਂ ਐਮ.ਪੀ ਸੁਖਜਿੰਦਰ ਸਿੰਘ ਰੰਧਾਵਾ ਸ਼ਾਮਲ ਹਨ। ਰਾਜਾ ਵੜਿੰਗ ਮੌਜੂਦਾ ਸਮਂੇ ਗਿੱਦੜਵਾਹਾ ਹਲਕੇ ਤੋਂ ਵਿਧਾਇਕ ਸਨ ਤੇ ਸੁਖਜਿੰਦਰ ਸਿੰਘ ਰੰਧਾਵਾ ਡੇਰਾ ਬਾਬਾ ਨਾਨਕ ਹਲਕੇ ਦੀ ਨੁਮਾਇੰਦਗੀ ਕਰਦੇ ਸਨ।
ਪੰਜਾਬੀ ਗਾਇਕ ਗੁਰਦਾਸ ਮਾਨ ਨੂੰ ਹਾਈਕੋਰਟ ਤੋਂ ਮਿਲੀ ਵੱਡੀ ਰਾਹਤ
ਇਸੇ ਤਰ੍ਹਾਂ ਕਾਂਗਰਸ ਛੱਡ ਕੇ ਆਪ ਵਿਚ ਸ਼ਾਮਲ ਹੋਣ ਵਾਲੇ ਹੁਸ਼ਿਆਰਪੁਰ ਤੋਂ ਨਵੇਂ ਲੋਕ ਸਭਾ ਮੈਂਬਰ ਡਾ ਰਾਜ ਕੁਮਾਰ ਚੱਬੇਵਾਲਾ ਦਾ ਅਸਤੀਫ਼ਾ ਪਹਿਲਾਂ ਹੀ ਵਿਧਾਨ ਸਭਾ ਵਿਚ ਪੁੱਜ ਚੁੱਕਿਆ ਸੀ। ਉਹ ਚੱਬੇਵਾਲਾ ਹਲਕੇ ਤੋਂ ਵਿਧਾਇਕ ਸਨ। ਵਿਧਾਨ ਸਭਾ ਦੇ ਸੂਤਰਾਂ ਮੁਤਾਬਕ ਸ਼੍ਰੀ ਚੱਬੇਵਾਲਾ ਤੇ ਸ: ਰੰਧਾਵਾ ਦਾ ਅਸਤੀਫ਼ਾ ਮੰਨਜੂਰ ਹੋ ਚੁੱਕਿਆ ਹੈ। ਦਸਣਾ ਬਣਦਾ ਹੈ ਕਿ ਉਕਤ ਚਾਰ ਨਵੇਂ ਚੁਣੇ ਗਏ ਸੰਸਦ ਮੈਂਬਰਾਂ ਤੋਂ ਇਲਾਵਾ ਆਪ ਦੀ ਟਿਕਟ ’ਤੇ ਜਲੰਧਰ ਪੱਛਮੀ ਹਲਕੇ ਤੋਂ ਵਿਧਾਇਕ ਚੁਣੇ ਗਏ ਸੀਤਲ ਅੰਗਰਾਲ ਨੇ ਲੰਘੀ 27 ਮਾਰਚ ਨੂੰ ਅਸਤੀਫ਼ਾ ਦੇ ਦਿੱਤਾ ਸੀ। ਉਹ ਆਪ ਛੱਡ ਭਾਜਪਾ ਵਿਚ ਸ਼ਾਮਲ ਹੋ ਗਏ ਸਨ। ਚੋਣ ਕਮਿਸ਼ਨ ਵੱਲੋਂ ਜਲੰਧਰ ਪੱਛਮੀ ਹਲਕੇ ਲਈ ਚੋਣਾਂ ਦਾ ਅਮਲ ਸ਼ੁਰੂ ਕਰ ਦਿੱਤਾ ਹੈ। ਇਸ ਹਲਕੇ ਵਿਚ ਅੱਜ ਤੋਂ ਨਾਮਜਦਗੀ ਹੋ ਰਹੀਆਂ ਹਨ। ਪੰਜਾਬ ਦੇ ਬਾਕੀ ਚਾਰ ਵਿਧਾਨ ਸਭਾ ਹਲਕਿਆਂ ਲਈ ਉਪ ਚੋਣਾਂ ਆਉਣ ਵਾਲੇ ਦੋ-ਤਿੰਨ ਮਹੀਨਿਆਂ ਵਿਚ ਹੋਣ ਦੀ ਉਮੀਦ ਹੈ।