ਸੁਖਬੀਰ ਬਾਦਲ ਨੇ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਬਣਨ ਵਾਲੀ ਆਪ ਸਰਕਾਰ ਕੀਤੀ ਸਹਿਯੋਗ ਦੀ ਪੇਸ਼ਕਸ਼
ਸੁਖਜਿੰਦਰ ਮਾਨ
ਮੁਕਤਸਰ, 11 ਮਾਰਚ: ਲੰਘੀ 20 ਫ਼ਰਵਰੀ ਨੂੰ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਅਪਣੇ ਇਤਿਹਾਸ ਦੇ ਸਭ ਤੋਂ ਮਾੜੇ ਪ੍ਰਦਰਸ਼ਨ ਦਾ ਸਾਹਮਣਾ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਹਾਰ ਦੇ ਕਾਰਨਾਂ ਦਾ ਵਿਸਲੇਸਣ ਕਰਨ ਲਈ ਆਗਾਮੀ 14 ਮਾਰਚ ਨੂੰ ਪਾਰਟੀ ਦੇ ਮੁੱਖ ਦਫ਼ਤਰ ਵਿਖੇ ਕੋਰ ਕਮੇਟੀ ਮੈਂਬਰਾਂ ਅਤੇ ਸਮੂਹ ਚੋਣ ਲੜਣ ਵਾਲੇ ਆਗੂਆਂ ਦੀ ਮੀਟਿੰਗ ਸੱਦ ਲਈ ਹੈ। ਅੱਜ ਇੱਥੇ ਜਾਣਕਾਰੀ ਦਿੰਦਿਆਂ ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਪੰਜਾਬ ਦੇ ਹਿੱਤਾਂ ਖ਼ਾਤਰ ਉਹਨਾਂ ਦੀ ਪਾਰਟੀ ਭਗਵੰਤ ਮਾਨ ਦੀ ਅਗਵਾਈ ਹੇਠ ਬਣਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪੂਰਾ ਸਹਿਯੋਗ ਦੇਵੇਗੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਕ ਜ਼ਿੰਮੇਵਾਰ ਪੰਥਕ ਪਾਰਟੀ ਵਜੋਂ ਅਸੀਂ ਪੰਜਾਬ, ਪੰਜਾਬੀ ਤੇ ਪੰਜਾਬੀਅਤ ਪ੍ਰਤੀ ਵਚਨਬੱਧ ਹਾਂ। ਉਹਨਾਂ ਕਿਹਾ ਕਿ ਅਕਾਲੀ ਦਲ ਪੰਜਾਬੀਆਂ ਦੀ ਭਲਾਈ ਤੇ ਖੁਸ਼ਹਾਲੀ ਵਾਸਤੇ ਅਤੇ ਸੂਬੇ ਦੇ ਧਾਰਮਿਕ, ਆਰਥਿਕ, ਖੇਤਰੀ ਤੇ ਦਰਿਆਈ ਪਾਣੀਆਂ ਦੇ ਮਾਮਲਿਆਂ ਵਿਚ ਹਿੱਤਾਂ ਦੀ ਰਾਖੀ ਵਾਸਤੇ ਨਵੇਂ ਮੁੱਖ ਮੰਤਰੀ ਦੀ ਹਮਾਇਤ ਵਾਸਤੇ ਇਕ ਹੋਰ ਵਾਧੂ ਕਦਮ ਚੁੱਕਣ ਵਾਸਤੇ ਤਿਆਰ ਹਾਂ।ਉਹਨਾਂ ਕਿਹਾ ਕਿ ਭਾਵੇਂ ਅਸੀਂ ਸੱਤਾ ਵਿਚ ਹਾਂ ਜਾਂ ਫਿਰ ਸੱਤਾ ਤੋਂ ਬਾਹਰ ਹਾਂ, ਅਕਾਲੀ ਦਲ ਹਮੇਸ਼ਾ ਖਾਲਸਾ ਪੰਥ ਅਤੇ ਪੰਜਾਬ ਦੀ ਚੜ੍ਹਦੀਕਲਾ ਵਾਸਤੇ ਅਤੇ ਸੂਬੇ ਵਿਚ ਸ਼ਾਂਤੀ ਤੇ ਫਿਰਕੂ ਸਦਭਾਵਨਾ ਵਾਸਤੇ ਕੰਮ ਕਰਦੇ ਰਹੇ ਹਾਂ ਤੇ ਕਰਦੇ ਰਹਾਂਗੇ। ਉਹਨਾਂ ਕਿਹਾ ਕਿ ਅਸੀਂ ਆਉਂਦੇ ਮੁੱਖ ਮੰਤਰੀ ਤੇ ਉਹਨਾਂ ਦੀ ਪਾਰਟੀ ਨੁੰ ਦਿਲੋਂ ਮੁਬਾਰਕਾਂ ਦਿੰਦੇ ਹਾਂ ਤੇ ਸ਼ੁਭਕਾਮਨਾਵਾਂ ਦਿੰਦੇ ਹਾਂ। ਅਕਾਲੀ ਦਲ ਦੇ ਪ੍ਰਧਾਨ ਨੇ ਉਹਨਾਂ ਲੱਖਾਂ ਪੰਜਾਬੀਆਂ ਦਾ ਦਿਲੋਂ ਧੰਨਵਾਦ ਕੀਤਾ ਜਿਹਨਾਂ ਨੇ ਅਕਾਲੀ ਦਲ ਤੇ ਬਸਪਾ ਗਠਜੋੜ ਵਾਸਤੇ ਵੋਟਾਂ ਪਾਈਆਂ। ਉਹਨਾਂ ਕਿਹਾ ਕਿ ਉਹ ਦੋਹਾਂ ਪਾਰਟੀਆਂ ਦੇ ਵਰਕਰਾਂ ਵੱਲੋਂ ਕੀਤੀ ਸਖ਼ਤ ਮਿਹਨਤ ਦੇ ਕਾਇਲ ਹਨ। ਉਹਨਾਂ ਕਿਹਾ ਕਿ ਭਾਵੇਂ ਅਸੀਂ ਸੱਤਾ ਵਿਚੋਂ ਬਾਹਰ ਹਾਂ ਪਰ ਸਾਡੀ ਇਹ ਲੱਖਾਂ ਲੋਕਾਂ ਪ੍ਰਤੀ ਜ਼ਿੰਮੇਵਾਰੀ ਬਣਦੀ ਹੈ ਜਿਹਨਾਂ ਨੇ ਸਾਡੀਆਂ ਪਾਰਟੀਆਂ ਲਈ ਵੋਟਾਂ ਪਾਈਆਂ। ਉਹਨਾਂ ਕਿਹਾ ਕਿ ਅਸੀਂ ਸੰਜੀਦਗੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਵਾਂਗੇ।
ਅਕਾਲੀ ਦਲ ਨੇ ਚੋਣ ਨਤੀਜਿਆਂ ’ਤੇ ਵਿਸਲੇਸ਼ਣ ਕਰਨ ਲਈ 14 ਨੂੰ ਸੱਦੀ ਮੀਟਿੰਗ
34 Views