ਸੁਖਜਿੰਦਰ ਮਾਨ
ਬਠਿੰਡਾ, 10 ਨਵੰਬਰ : ਅੱਜ ਸ਼ਹਿਰ ਅੰਦਰ ਵੱਖ ਵੱਖ ਥਾਵਾਂ ’ਤੇ ਛੱਠ ਪੂਜਾ ਦਾ ਤਿਊਹਾਰ ਪੂਰੀ ਧੂਮ ਧਾਮ ਨਾਲ ਮਨਾਇਆ ਗਿਆ। ਸਥਾਨਕ ਸਰਹਿੰਦ ਨਹਿਰ ਤੋਂ ਇਲਾਵਾ ਮਾਨਸਾ ਰੋਡ ’ਤੇ ਸਥਿਤ ਰਜਵਾਹੇ ਸਹਿਤ ਕਈ ਥਾਵਾਂ ’ਤੇ ਸਰਧਾਲੂਆਂ ਨੇ ਅਪਣੇ ਦੇਵਤਿਆਂ ਦੀ ਪੂਜ਼ਾ ਕੀਤੀ। ਇਸ ਦੌਰਾਨ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਪਤਨੀ ਬੀਬਾ ਵੀਨੂੰ ਬਾਦਲ ਨੇ ਵੀ ਪ੍ਰੋਗਰਾਮਾਂ ਵਿੱਚ ਸ਼ਿਰਕਤ ਕੀਤੀ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਛੱਠ ਪੂਜਾ ਦੀ ਵਧਾਈ ਦਿੱਤੀ। ਪਹਿਲਾ ਉਨ੍ਹਾਂ ਸਰਹਿੰਦ ਨਹਿਰ ਸਮੇਤ ਹੋਰਨਾਂ ਥਾਵਾਂ ਦਾ ਦੌਰਾ ਕੀਤਾ ਜਿੱਥੇ ਛੱਠ ਪੂਜਾ ਦਾ ਤਿਉਹਾਰ ਮਨਾਇਆ ਜਾਣਾ ਸੀ। ਉਨ੍ਹਾਂ ਛੱਠ ਪੂਜਾ ਦੇ ਤਿਉਹਾਰ ਲਈ ਸ਼ਰਧਾਲੂਆਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਦਾ ਜਾਇਜਾ ਲਿਆ ਅਤੇ ਲੋਹੜੀ ਦੇ ਪ੍ਰਬੰਧ ਕਰਵਾਏ। ਉਨ੍ਹਾਂ ਕਿਹਾ ਕਿ ਸਾਡੇ ਧਾਰਮਿਕ ਤਿਉਹਾਰ ਸਾਨੂੰ ਸਾਂਝੀਵਾਲਤਾ ਦਾ ਸੰਦੇਸ਼ ਦਿੰਦੇ ਹਨ। ਉਨ੍ਹਾਂ ਕਿਹਾ ਕਿ ਛੱਠ ਪੂਜਾ ਦੇ ਤਿਉਹਾਰ ਲਈ ਸ਼ਰਧਾਲੂਆਂ ਨੂੰ ਕੋਈ ਸਮੱਸਿਆ ਨਾ ਆਵੇ ਇਸ ਦੇ ਪੂਰੇ ਲੋੜੀਂਦੇ ਪ੍ਰਬੰਧ ਪਹਿਲਾਂ ਹੀ ਕੀਤੇ ਗਏ ਹਨ।ਇਸ ਮੌਕੇ ਉਹਨਾਂ ਨਾਲ ਕਾਂਗਰਸੀ ਵਰਕਰ ਵੀ ਹਾਜ਼ਰ ਰਹੇ।