Site icon Punjabi Khabarsaar

ਰਾਹੁਲ ਗਾਂਧੀ ਵਿਰੁਧ ਪਰਚਾ ਦਰਜ਼; ਡਾ ਅੰਬੇਦਕਰ ਦੇ ਅਪਮਾਨ ਨੂੰ ਲੈ ਕੇ ਦੋਨਾਂ ਧਿਰਾਂ ਵਿਚਕਾਰ ਗਤੀਰੋਧ ਜਾਰੀ

ਨਵੀਂ ਦਿੱਲੀ, 20 ਦਸੰਬਰ: ਦੋ ਦਿਨ ਪਹਿਲਾਂ ਪਾਰਲੀਮਂੈਟ ’ਚ ਦੇਸ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਕਥਿਤ ਤੌਰ ’ਤੇ ਸੰਵਿਧਾਨ ਨਿਰਮਾਤਾ ਡਾ ਭੀਮ ਰਾਓ ਅੰਬੇਦਕਰ ਜੀ ਬਾਰੇ ਗਲਤ ਟਿੱਪਣੀਆਂ ਕਰਨ ਨੂੰ ਲੈ ਕੇ ਚੱਲ ਰਿਹਾ ਵਿਵਾਦ ਰੁਕਣ ਦਾ ਨਾਮ ਨਹੀਂ ਲੈ ਰਿਹਾ। ਇਸ ਮਾਮਲੇ ਵਿਚ ਬੀਤੇ ਕੱਲ ਸੰਸਦ ਦੇ ਮਕਰ ਗੇਟ ਅੱਗੇ ਹੋਏ ਹੰਗਾਮੇ ਵਿਚ ਦੋ ਭਾਜਪਾ ਐਮ.ਪੀਜ਼ ਦੇ ਜਖ਼ਮੀ ਹੋਣ ਤੋਂ ਬਾਅਦ ਦਿੱਲੀ ਪੁਲਿਸ ਨੇ ਬੀਤੀ ਸ਼ਾਮ ਕਾਂਗਰਸ ਦੇ ਕੌਮੀ ਆਗੂ ਅਤੇ ਸੰਸਦ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵਿਰੁਧ ਵੱਖ ਵੱਖ ਧਾਰਾਵਾਂ ਤਹਿਤ ਪਰਚਾ ਦਰਜ਼ ਕਰ ਲਿਆ ਹੈ।

ਇਹ ਵੀ ਪੜ੍ਹੋ ਤੜਕਸਾਰ ਵਾਪਰਿਆਂ ਵੱਡਾ ਹਾਦਸਾ; ਕੈਮੀਕਲ ਨਾਲ ਭਰੇ ਟੈਂਕਰ ਦੀ ਟਰੱਕ ਨਾਲ ਟੱਕਰ, 5 ਦੀ ਮੌਤ, 40 ਵਾਹਨ ਸੜ੍ਹੇ

ਇਸ ਪਰਚੇ ਨੂੰ ਜਿੱਥੇ ਕਾਂਗਰਸ ਅਤੇ ਵਿਰੋਧੀ ਧਿਰਾਂ ਨੇ ਝੂਠਾ ਕਰਾਰ ਦਿੱਤਾ, ਉਥੇ ਅੱਜ ਸੰਸਦ ਦੇ ਸਾਹਮਣੇ ਮੁੜ ਦੋਨਾਂ ਧਿਰਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਕਾਂਗਰਸ ਪਾਰਟੀ ਵੱਲੋਂ ਮਲਿਕਰੁਜਨ ਖੜਗੇ ਅਤੇ ਪ੍ਰਿਅੰਕਾ ਗਾਂਧੀ ਦੀ ਅਗਵਾਈ ਹੇਠ ਹੱਥਾਂ ਵਿਚ ਬੈਨਰ ਫੜ ਕੇ ਗ੍ਰਹਿ ਮੰਤਰੀ ਨੂੰ ਮੁਆਫ਼ੀ ਮੰਗਣ ਦੀ ਮੰਗ ਕੀਤੀ ਗਈ। ਦੂਜੇ ਪਾਸੇ ਭਾਜਪਾ ਐਮ.ਪੀਜ ਨੇ ਵੀ ਹੱਥਾਂ ਵਿਚ ਬੈਨਰ ਫ਼ੜ ਕੇ ਕਾਂਗਰਸ ਉਪਰ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦਾ ਨਿਰਾਦਰ ਕਰਨ ਦਾ ਦੋਸ਼ ਲਗਾਇਆ। ਜਿਕਰਯੋਗ ਹੈ ਕਿ ਇਹ ਮਾਮਲਾ ਹੁਣ ਸੰਸਦ ਤੋਂ ਲੈਕੇ ਦੇਸ਼ ਦੀਆਂ ਸੜਕਾਂ ਤੱਕ ਪੁੱਜ ਚੁੱਕਿਆ ਹੈ ਤੇ ਕਾਂਗਰਸ ਅਤੇ ਵਿਰੋਧੀ ਧਿਰਾਂ ਇਸ ਮਾਮਲੇ ਨੂੰ ਹੁਣ ਹੋਰ ਤੇਜ਼ ਕਰਨ ਦੀ ਤਿਆਰੀ ਵਿਚ ਹਨ। ਦੂਜੇ ਪਾਸੇ ਭਾਜਪਾ ਨੁਕਸਾਨ ਦੀ ਭਰਪਾਈ ਲਈ ਕਾਂਗਰਸ ਨੂੰ ਘੇਰਣ ਦੀ ਯੋਜਨਾ ਬਣਾ ਰਹੀ ਹੈ।

ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ

https://chat.whatsapp.com/EK1btmLAghfLjBaUyZMcLK

 

Exit mobile version