ਪਿੰਡ ਮੂਸੇ ’ਚ ਹੋਈ ਵਰਕਰ ਮੀਟਿੰਗ ਨੇ ਧਾਰਿਆ ਰੈਲੀ ਦਾ ਰੁੂਪ
ਮਾਨਸਾ, 4 ਮਈ: ਕਾਂਗਰਸ ਪਾਰਟੀ ਨੂੰ ਬਠਿੰਡਾ ਲੋਕ ਸਭਾ ਹਲਕੇ ਵਿਚ ਉਸ ਸਮੇਂ ਵੱਡਾ ਹੁਲਾਰਾ ਮਿਲਿਆ ਜਦ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਅੱਜ ਖੁੱਲ ਕੇ ਐਲਾਨ ਕਰ ਦਿੱਤਾ ਕਿ ‘‘ ਉਨ੍ਹਾਂ ਦਾ ਪ੍ਰਵਾਰ ਕਾਂਗਰਸ ਪਾਰਟੀ ਦੀ ਜਿੱਤ ਲਈ ਦਿਨ-ਰਾਤ ਇੱੱਕ ਕਰ ਦੇਵੇਗਾ।’’ ਸ਼ਨੀਵਾਰ ਨੂੰ ਮਰਹੂਮ ਗਾਇਕ ਦੇ ਜੱਦੀ ਪਿੰਡ ਵਿਖੇ ਕਾਂਗਰਸ ਪਾਰਟੀ ਵੱਲੋਂ ਇੱਕ ਵੱਡੀ ਮੀਟਿੰਗ ਰੱਖੀ ਗਈ ਜੋ ਰੈਲੀ ਦਾ ਰੂਪ ਧਾਰਨ ਕਰ ਗਈ। ਇਸ ਮੀਟਿੰਗ ਵਿਚ ਕਾਂਗਰਸੀ ਉਮੀਦਵਾਰ ਜੀਤਮਹਿੰਦਰ ਸਿੰਘ ਸਿੱਧੂ ਵਿਸ਼ੇਸ ਤੌਰ ‘ਤੇ ਪੁੱਜੇ। ਕਾਂਗਰਸੀ ਉਮੀਦਵਾਰ ਨੇ ਵੀ ਅਪਣੇ ਭਾਸ਼ਣ ਵਿਚ ਭਰੋਸਾ ਦਿਵਾਇਆ ਕਿ ਉਹ ਅਪਣੇ ਛੋਟੇ ਭਰਾ ਨੂੰ ਇਨਸਾਫ਼ ਦਿਵਾਉਣ ਲਈ ਅਪਣੀ ਪੂਰੀ ਵਾਹ ਲਗਾ ਦੇਣੇਗੇ ਅਤੇ ਉਸਦੀ ਯਾਦ ਵਿਚ ਮਾਨਸਾ ਜ਼ਿਲ੍ਹੇ ਵਿਚ ਕੋਈ ਮੈਡੀਕਲ ਕਾਲਜ਼, ਯੂਨੀਵਰਸਿਟੀ ਜਾਂ ਫ਼ਿਰ ਕੋਈ ਉੱਚ ਪੱਧਰੀ ਸੰਸਥਾ ਵੀ ਖੁਲਵਾਉਣਗੇ।
ਮਸ਼ਹੂਰ ਪੰਜਾਬੀ ਗਾਇਕ ਮਾਸਟਰ ਸਲੀਮ ਦੇ ਘਰ ਚੋਰੀ
ਇਸ ਮੌਕੇ ਅਪਣੇ ਭਾਸ਼ਣ ਵਿਚ ਬਲਕੌਰ ਸਿੰਘ ਸਿੱਧੂ ਨੇ ਕਿਹਾ ਕਿ ‘‘ ਉਨ੍ਹਾਂ ਦਾ ਪ੍ਰਵਾਰ 1975 ਤੋਂ ਲੈਕੇ ਹੁਣ ਤੱਕ ਕਾਂਗਰਸ ਪਾਰਟੀ ਨਾਲ ਜੁੜਿਆ ਆ ਰਿਹਾ ਤੇ ਉਨ੍ਹਾਂ ਵੱਲੋਂ ਸਰਪੰਚੀ ਵੀ ਕਾਂਗਰਸ ਦੀ ਤਰਫ਼ੋਂ ਲੜੀ ਗਈ ਤੇ ਸ਼ੁਭਦੀਪ ਵੱਲੋਂ ਮਾਨਸਾ ਹਲਕੇ ਤੋਂ ਚੋਣ ਵੀ ਕਾਂਗਰਸ ਪਾਰਟੀ ਦੀ ਟਿਕਟ ’ਤੇ ਲੜੀ, ਜਿਸਦੇ ਚੱਲਦੇ ਹੁਣ ਵੀ ਉਹ ਕਾਂਗਰਸ ਪਾਰਟੀ ਦੇ ਨਾਲ ਡਟ ਕੇ ਖੜਾ ਹੈ। ’’ ਇਸ ਮੌਕੇ ਉਨ੍ਹਾਂ ਇਹ ਵੀ ਕਿਹਾ ਕਿ ਅੱਜ ਦੇਸ ਦੇ ਸੰਵਿਧਾਨ ਨੂੰ ਬਚਾਉਣ ਲਈ ਰਾਹੁਲ ਗਾਂਧੀ ਦੇ ਹੱਥ ਮਜਬੂਤ ਕਰਨੇ ਜਰੂਰੀ ਹਨ। ਬਲਕੌਰ ਸਿੰਘ ਸਿੱਧੂ ਨੇ ਜੀਤਮਹਿੰਦਰ ਸਿੰਘ ਸਿੱਧੂ ਤੋਂ ਇਲਾਵਾ ਜਲੰਧਰ ਤੋਂ ਚਰਨਜੀਤ ਸਿੰਘ ਚੰਨੀ ਤੇ ਸੰਗਰੂਰ ਤੋਂ ਸੁਖਪਾਲ ਸਿੰਘ ਖ਼ਹਿਰਾ ਦਾ ਵੀ ਵਿਸ਼ੇਸ ਤੌਰ ‘ਤੇ ਨਾਮ ਲਿਆ ਅਤੇ ਕਿਹਾ ਕਿ ਕਾਂਗਰਸ ਪਾਰਟੀ ਦੇ ਪੰਜਾਬ ਵਿਚ ਖੜ੍ਹੇ ਉਮੀਦਵਾਰ ਦੂਜੇ ਉਮੀਦਵਾਰਾਂ ਦੇ ਮੁਕਾਬਲੇ ਜਿਆਦਾ ਪੜ੍ਹੇ ਲਿਖੇ ਤੇ ਸਮਝਦਾਰ ਹਨ, ਜਿਸ ਕਾਰਨ ਇੰਨ੍ਹਾਂ ਨੂੰ ਸੰਸਦ ਵਿਚ ਭੇਜਣਾ ਜਰੂਰੀ ਹੈ। ਇਸ ਮੌਕੇ ਸਾਬਕਾ ਚੇਅਰਮੈਨ ਬਿਕਰਮ ਸਿੰਘ ਮੋਫ਼ਰ, ਚਮਕੌਰ ਸਿੰਘ ਸਹਿਤ ਵੱਡੇ ਕਾਂਗਰਸੀ ਆਗੂ ਤੇ ਵਰਕਰ ਮੌਜੂਦ ਸਨ।