👉ਹਰਿਆਣਾ ਪੁਲਿਸ ਨੇ ਪੰਜਾਬ ਦੇ ਪੱਤਰਕਾਰਾਂ ਨੂੰ ਵੀ ਬਾਰਡਰ ਤੋਂ ਦੂਰ ਰਹਿਣ ਲਈ ਕਿਹਾ
ਸ਼ੰਭੂ, 8 ਦਸੰਬਰ: SKM News: ਸਾਲ 2021 ’ਚ ਕਰੀਬ ਸਾਲ ਭਰ ਚੱਲੇ ਦਿੱਲੀ ਅੰਦੋਲਨ ਦੌਰਾਨ ਮੰਨੀਆਂ ਮੰਗਾਂ ਨੂੰ ਲਾਗੂ ਕਰਵਾਉਣ ਨੂੰ ਲੈ ਕੇ ਜਦੋਜਹਿਦ ਕਰ ਰਹੇ ਕਿਸਾਨਾਂ ਵੱਲੋਂ ਅੱਜ ਐਤਵਾਰ ਨੂੰ ਮੁੜ 101 ਕਿਸਾਨਾਂ ਦਾ ਜਥਾ ਦਿੱਲੀ ਭੇਜਣ ਦਾ ਐਲਾਨ ਕੀਤਾ ਗਿਆ ਹੈ। ਦੂਜੇ ਪਾਸੇ ਹਰਿਆਣਾ ਸਰਕਾਰ ਤੇ ਪੁਲਿਸ ਦੀਆਂ ਤਿਆਰੀਆਂ ਪਹਿਲਾਂ ਨਾਲੋਂ ਹੋਰ ਵੀ ਮਜਬੂਤ ਤੇ ਸਖ਼ਤ ਹੁੰਦੀਆਂ ਦਿਖ਼ਾਈਆਂ ਦੇ ਰਹੀਆਂ ਹਨ। 6 ਦਸੰਬਰ ਨੂੰ ਕਿਸਾਨਾਂ ਦੇ ਪਹਿਲੇ ਜਥੇ ਵੱਲੋਂ ਬਾਰਡਰ ਉਪਰ ਪੁੱਟੇ ਬੇਰੀਗੇਡਾਂ ਨੂੰ ਦੁੁਬਾਰਾ ਲਗਾਉਣ ਤੋਂ ਇਲਾਵਾ ਸੜਕ ’ਤੇ ਲੋਹੇ ਦੀਆਂ ਕਿੱਲਾਂ ਮੁੜ ‘ਗੱਡ’ ਦਿੱਤੀਆਂ ਗਈਆਂ ਹਨ। ਇਸਦੇ ਇਲਾਵਾ ਹਰਿਆਣਾ ਪੁਲਿਸ ਨੇ ਪੰਜਾਬ ਦੇ ਪੱਤਰਕਾਰਾਂ ਨੂੰ ਸ਼ੰਭੂ ਬਾਰਡਰ ਤੋਂ ਇੱਕ ਕਿਲੋਮੀਟਰ ਦੂਰ ਰਹਿਣ ਦੀ ਸਲਾਹ ਦਿੱਤੀ ਹੈ।
ਇਹ ਵੀ ਪੜ੍ਹੋ ਪੈਦਲ ਯਾਤਰਾ ਰਾਹੀਂ ਦਿੱਲੀ ਜਾਣ ਤੋਂ ਰੋਕਣ ਲਈ ਕਿਸਾਨਾਂ ਉੱਪਰ ਅੱਥਰੂ ਗੋਲੇ ਸੁੱਟਣ ਦੇ ਵਿਰੋਧ ਚ ਮੋਦੀ ਸਰਕਾਰ ਦੇ ਪੂਤਲੇ ਫੂਕੇ
ਜਿਸਦੇ ਨਾਲ ਹਰਿਆਣਾ ਵਾਲੇ ਪਾਸਿਓ ਕੋਈ ਵੱਡਾ ‘ਐਕਸ਼ਨ’ ਹੋਣ ਦਾ ਖ਼ਦਸਾ ਜਤਾਇਆ ਜਾ ਰਿਹਾ। 6 ਦਸੰਬਰ ਤੋਂ ਬਾਅਦ ਕਿਸਾਨਾਂ ਨਾਲ ਕੇਂਦਰ ਜਾਂ ਕਿਸੇ ਹੋਰ ਸਰਕਾਰ ਵੱਲੋਂ ਗੱਲਬਾਤ ਦਾ ਕੋਈ ਸੱਦਾ ਨਹੀਂ ਆਇਆ ਹੈ। ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਵੱਖ ਵੱਖ ਮੀਡੀਆ ਚੈਨਲਾਂ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਹੈ ਕਿ ‘‘ ਕੇਂਦਰ ਦੀ ਮੋਦੀ ਸਰਕਾਰ ਦੀ ਸ਼ਹਿ ’ਤੇ ਹਰਿਆਣਾ ਪੁਲਿਸ ਵੱਲੋਂ ਸ਼ਾਂਤਮਈ ਢੰਗ ਨਾਲ ਦਿੱਲੀ ਵੱਲ ਜਾਣ ਦੀ ਕੋਸ਼ਿਸ ਕਰ ਰਹੇ ਕਿਸਾਨਾਂ ਉਪਰ ਅੱਤਿਆਚਾਰ ਕੀਤੇ ਜਾ ਰਹੇ ਹਨ, ਜਿਸਦੇ ਨਾਲ ਪੂਰੀ ਦੁਨੀਆਂ ਸਾਹਮਣੇ ਉਨ੍ਹਾਂ ਦਾ ਚਿਹਰਾ ਨੰਗਾ ਹੋ ਰਿਹਾ। ’’
ਇਹ ਵੀ ਪੜ੍ਹੋ ਵਿਆਹੁਤਾ ਪ੍ਰੇਮਿਕਾ ਦਾ ਕ+ਤਲ ਕਰਨ ਤੋਂ ਬਾਅਦ ਪ੍ਰੇਮੀ ਨੇ ਕੀਤੀ ਖ਼ੁਦ+ਕਸ਼ੀ
ਸ਼੍ਰੀ ਪੰਧੇਰ ਨੇ ਹਰਿਆਣਾ ਸਰਕਾਰ ਦੀ ਨੀਤੀ ’ਤੇ ਸਵਾਲ ਉਠਾਉਂਦਿਆਂ ਕਿਹਾ ਕਿ ‘‘ ਕਿਸਾਨਾਂ ਵੱਲੋਂ ਸ਼ਾਂਤਮਈ ਤਰੀਕੇ ਨਾਲ ਪੈਦਲ ਯਾਤਰਾ ਰਾਹੀਂ ਸਿਰਫ਼ ਸ਼ੰਭੂ ਬਾਰਡਰ ਰਾਹੀਂ ਜਾਣ ਦਾ ਐਲਾਨ ਕੀਤਾ ਹੋਇਆ ਹੈ ਤੇ ਫ਼ਿਰ ਉਹ ਦੱਸੇ ਕਿ ਖ਼ਨੌਰੀ, ਡੱਬਵਾਲੀ ਤੇ ਪੰਜਾਬ ਨਾਲ ਲੱਗਦੇ ਹਰਿਆਣਾ ਦੇ ਹੋਰਨਾਂ ਬਾਰਡਰਾਂ ਨੂੰ ਕਿਉਂ ਸੀਲ ਕੀਤਾ ਹੋਇਆ ਹੈ ਤੇ ਭਾਰੀ ਪੁਲਿਸ ਤੈਨਾਤ ਕੀਤੀ ਹੋਈ ਹੈ?’’ ਉਨ੍ਹਾਂ ਕਿਹਾ ਕਿ ਇਸਤੋਂ ਕੇਂਦਰ ਤੇ ਹਰਿਆਣਾ ਸਰਕਾਰ ਦੀ ਕਿਸਾਨਾਂ ਪ੍ਰਤੀ ਨੀਅਤ ਸਾਫ਼ ਹੁੰਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦਾ ਸ਼ਾਂਤਮਈ ਸੰਘਰਸ਼ ਜਾਰੀ ਰਹੇਗਾ ਤੇ ਉਹ ਐਮ.ਐਸ.ਪੀ ਸਹਿਤ ਹੋਰਨਾਂ ਦਰਜ਼ਨ ਮੰਗਾਂ ਨੂੰ ਮਨਵਾ ਕੇ ਹੀ ਰਹਿਣਗੇ। ਇਸਤੋਂ ਇਲਾਵਾ ਉਨ੍ਹਾਂ ਕੇਂਦਰ ਨੂੰ ਮੁੜ ਗੱਲਬਾਤ ਦਾ ਸੱਦਾ ਵੀ ਦਿੱਤਾ ਹੈ। ਉਧਰ ਸੰਯੁਕਤ ਕਿਸਾਨ ਮੋਰਚੇ (ਗੈਰ ਰਾਜਨੀਤਕ) ਮੰਚ ਦੇ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਵੀ ਅੱਜ 13ਵੇਂ ਦਿਨ ਵਿਚ ਦਾਖ਼ਲ ਹੋ ਗਿਆ ਹੈ। ਉਨ੍ਹਾਂ ਦੀ ਸਿਹਤ ਲਗਾਤਾਰ ਘਟਦੀ ਜਾ ਰਹੀ ਹੈ ਪ੍ਰੰਤੂ ਉਹ ਵੀ ਆਪਣੇ ‘ਫੈਸਲੇ’ ਉਪਰ ਦ੍ਰਿੜਤਾ ਨਾਲ ਪਹਿਰਾ ਦੇ ਰਹੇ ਹਨ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK