Site icon Punjabi Khabarsaar

ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਉੱਪਰ ਲੱਗ ਰਹੇ ਦੋਸ਼ਾਂ ’ਤੇ ਦਿੱਤੀ ਸਫ਼ਾਈ, ਕਿਹਾ ਝੂਠੇ ਦਾ ਹੋਵੇ ਬੇੜਾ ਗਰਕ

ਤਲਵੰਡੀ ਸਾਬੋ, 18 ਦਸੰਬਰ: ਪਿਛਲੇ ਕੁੱਝ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਲੀਡਰਸ਼ਿਪ ਨਾਲ ਸਿੱਧੇ ਟਕਰਾਅ ਵਿਚ ਚੱਲ ਰਹੇ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਉਪਰ ਲੱਗ ਰਹੇ ਦੋਸ਼ਾਂ ਦੀ ਸਫ਼ਾਈ ਦਿੱਤੀ ਹੈ। ਬੁੱਧਵਾਰ ਨੂੰ ਤਖਤ ਸਾਹਿਬ ਉਪਰ ਖੜ੍ਹੇ ਹੋ ਕੇ ਪੰਜ ਪਿਆਰਿਆਂ ਦੀ ਹਾਜ਼ਰੀ ਵਿਚ ਗਿਆਨੀ ਹਰਪ੍ਰੀਤ ਸਿੰਘ ਨੇ ਐਲਾਨ ਕੀਤਾ ਕਿ ‘‘ ਜੇਕਰ ਉਨ੍ਹਾਂ ਉਪਰ ਲੱਗ ਰਹੇ ਦੋਸ਼ਾਂ ਵਿਚ ਭੋਰਾ ਵੀ ਸਚਾਈ ਹੋਵੇ ਤਾਂ ਉਸਦਾ ਬੇੜਾ ਗਰਕ ਹੋ ਜਾਵੇ, ਨਹੀਂ ਤਾਂ ਉਸਦੇ ਉਪਰ ਝੂਠੇ ਦੋਸ਼ ਲਗਾਉਣ ਵਾਲਿਆਂ ਨਾਲ ਅਜਿਹਾ ਹੋਵੇ। ’’ ਉਨ੍ਹਾਂ ਕਿਹਾ ਕਿ ਮੇਰੇ ਉਪਰ ਆਪਣੀ ਹੀ ਸਾਲੀ ਦੇ ਨਾਲ ਨਜਾਇਜ਼ ਸਬੰਧਾਂ ਦੇ ਝੂਠੇ ਦੋਸ਼ ਲਗਾਏ ਜਾ ਰਹੇ ਹਨ ਜਦੋਂਕਿ ਉਹ ਉਸਨੂੰ ਧੀ ਦੇ ਸਮਾਨ ਸਮਝਦਾ ਹੈ।

ਇਹ ਵੀ ਪੜ੍ਹੋ Punjab Police ਦੇ ਅਫ਼ਸਰ ਨੂੰ ਰਿਸ਼ਵਤ ਦੇ ਕੇਸ ’ਚ ਫ਼ਸਾਉਦੇ ਪਿਊ-ਪੁੱਤ ਕਾਬੂ

ਜਿਕਰਯੋਗ ਹੈ ਕਿ ਪਿਛਲੇ ਕੁੱਝ ਦਿਨਾਂ ਤੋਂ ਮੁਕਤਸਰ ਸਾਹਿਬ ਨਾਲ ਸਬੰਧਤ ਗਿਆਨੀ ਜੀ ਦੇ ਸਾਬਕਾ ਸਾਂਢੂ ਵੱਲੋਂ ਲਗਾਏ ਜਾ ਰਹੇ ਦੋਸ਼ਾਂ ਅਤੇ ਹੁਣ ਵਿਵਾਦਤ ਆਗੂ ਵਿਰਸਾ ਸਿੰਘ ਵਲਟੋਹਾ ਦੀ ਪੰਜ ਸਿੰਘ ਸਾਹਿਬਾਨ ਸਾਹਮਣੇ ਹੋਈ ਪੇਸ਼ੀ ਦੀ ਵੀਡੀਓ ਵਾਈਰਲ ਹੋਣ ਦੇ ਮਾਮਲੇ ਨੂੰ ਇੱਕ ਯੋਜਨਾਵਧ ਤਰੀਕੇ ਨਾਲ ਆਪਣੀ ਕਿਰਦਾਰਕੁਸ਼ੀ ਦਸਦਿਆਂ ਜਥੇਦਾਰ ਸਾਹਿਬ ਨੇ ਦਾਅਵਾ ਕੀਤਾ ਕਿ ‘‘ ਅਜਿਹਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਨਹੀਂ, ਇੱਕ ਵਿਸ਼ੇਸ ਟੋਲੇ ਵੱਲੋਂ ਕੀਤਾ ਜਾ ਰਿਹਾ,ਜਿਸਦੇ ਪਿੱਛੇ ਉਸਦੇ ਵੱਲੋਂ 2 ਦਸੰਬਰ ਨੂੰ ਸਿੰਘ ਸਾਹਿਬਾਨ ਦੀ ਮੀਟਿੰਗ ਵਿਚ ਸ਼ਾਮਲ ਹੋਣ ਦਾ ਮੁੱਖ ਗੁਨਾਹ ਕਿਹਾ ਜਾ ਸਕਦਾ। ’’ ਇੱਥੇ ਦਸਣਾ ਬਣਦਾ ਹੈ ਕਿ ਜਥੇਦਾਰ ਹਰਪ੍ਰੀਤ ਸਿੰਘ ਨੇ ਅਕਾਲੀ ਦਲ ਦੇ ਆਈਟੀ ਵਿੰਗ ਉਪਰ ਆਪਣੇ ਪ੍ਰਵਾਰ ’ਤੇ ਨਿੱਜੀ ਹਮਲੇ ਕਰਨ ਦੇ ਦੋਸ਼ ਲਗਾਉਂਦਿਆਂ ਅਸਤੀਫ਼ਾ ਦੇ ਦਿੱਤਾ ਸੀ ਪ੍ਰੰਤੂ ਉਸ ਸਮੇਂ ਬਣੇ ਮਾਹੌਲ ਕਾਰਨ ਸ਼੍ਰੋਮਣੀ ਕਮੇਟੀ ਨੇ ਅਸਤੀਫ਼ਾ ਪ੍ਰਵਾਨ ਨਹੀਂ ਕੀਤਾ ਸੀ।

ਇਹ ਵੀ ਪੜ੍ਹੋ ‘ਫਰਿਸ਼ਤੇ ਸਕੀਮ’ ਜ਼ਿੰਦਗੀ ਬਚਾਉਣ ’ਚ ਹੋ ਰਹੀ ਹੈ ਵਰਦਾਨ ਸਾਬਤ , 223 ਦੁਰਘਟਨਾ ਪੀੜਤਾਂ ਦਾ ਹੋਇਆ ਮੁਫ਼ਤ ਇਲਾਜ

ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਤੇ ਉਸ ਵਿਚ ਦਾਅਵਾ ਕੀਤਾ ਕਿ ‘‘ ਉਸਨੂੰ ਬਦਨਾਮ ਕਰਕੇ ਕੁੱਝ ਸਕਿੰਟਾਂ ਦੀਆਂ ਵੀਡੀਓ ਕੱਟ ਕੱਟ ਕੇ ਪਾਈਆਂ ਜਾ ਰਹੀਆਂ ਹਨ ਜਦੋਂਕਿ ਪੂਰੀ ਡੇਢ ਘੰਟੇ ਦੀ ਵੀਡੀਓ ਪਾਉਣੀ ਚਾਹੀਦੀ ਹੈ। ’’ ਵਿਰਸਾ ਸਿੰਘ ਵਲਟੋਹਾ ਵੱਲੋਂ ਗਾਲਾਂ ਕੱਢਣ ਬਾਰੇ ਕੀਤੇ ਜਾ ਰਹੇ ਦਾਅਵਿਆਂ ਨੂੰ ਵੀ ਗਲਤ ਕਰਾਰ ਦਿੰਦਿਆਂ ਕਿਹਾ ਕਿ ‘‘ ਅਸੀ ਮਲਵਈ ਹੁਣੇ ਹਾਂ ਤੇ ਮਲਵਈ ਭਾਸ਼ਾ ਵਿਚ ‘ਸਾਲਾ’ ਸ਼ਬਦ ਸੁਭਾਵਿਕ ਹੀ ਮੂੰਹ ਵਿਚੋਂ ਨਿਕਲ ਜਾਂਦਾ ਹੈ, ਜਿਸਨੂੰ ਗਾਲ ਨਹੀਂ ਕਹਿ ਸਕਦੇ। ’’ ਇਸ ਦੌਰਾਨ ਉਨ੍ਹਾਂ ਇਸ ਵੀਡੀਓ ਦੇ ਬਾਹਰ ਆਉਣ ’ਤੇ ਵੀ ਸਵਾਲ ਖ਼ੜੇ ਕੀਤੇ। ਇਸਦੇ ਇਲਾਵਾ ਉਨ੍ਹਾਂ ਇਹ ਵੀ ਐਲਾਨ ਕੀਤਾ ਕਿ 2 ਦਸੰਬਰ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਸੁਣਾਏ ਫੈਸਲੇ ਨੂੰ ਸੋਧ ਕਰਨ ਲਈ ਅੱਗੇ ਰੱਖੀ ਜਾਣ ਵਾਲੀ ਕਿਸੇ ਵੀ ਮੀਟਿੰਗ ਵਿਚ ਸ਼ਾਮਲ ਨਹੀਂ ਹੋਣਗੇ।

 

ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ

https://chat.whatsapp.com/EK1btmLAghfLjBaUyZMcLK

 

Exit mobile version