ਸਰ੍ਹੀ, 21 ਦਸੰਬਰ: ਕੈਨੇਡਾ ’ਚ ਪੰਜਾਬੀਆਂ ਲਈ ਹਰਮਨਪਿਆਰੀ ਰਹੀ ਜਸਟਿਨ ਟਰੂਡੋ ਦੀ ਸਰਕਾਰ ਅਗਲੇ ਮਹੀਨਿਆਂ ਦੌਰਾਨ ਡਿੱਗ ਸਕਦੀ ਹੈ। ਪਹਿਲਾਂ ਹੀ ਘੱਟ ਗਿਣਤੀ ਵਿਚ ਚੱਲ ਰਹੀ ਲਿਬਰਲ ਪਾਰਟੀ ਦੀ ਇਸ ਸਰਕਾਰ ਵਿਰੁਧ ਹੁਣ ਐਨ ਡੀ ਪੀ ਨੇ ਅਗਲੇ ਸ਼ੈਸਨ ਵਿਚ ਬੇਭਰੋਸਗੀ ਦਾ ਮਤਾ ਲਿਆਊਣ ਦਾ ਐਲਾਨ ਕੀਤਾ ਹੈ। ਐਨਡੀਪੀ ਦੇ ਆਗੂ ਜਗਮੀਤ ਸਿੰਘ ਵੱਲੋਂ ਬਕਾਇਦਾ ਇੱਕ ਟਵੀਟ ਕਰਕੇ ਕਿਹਾ ਹੈ ਕਿ ‘‘ ਲਿਬਰਲ ਪਾਰਟੀ ਦੀ ਸਰਕਾਰ ਹੁਣ ਹੋਰ ਰਾਜ ਕਰਨ ਦੇ ਕਾਬਲ ਨਹੀਂ ਰਹੀ ਹੈ ਤੇ ਉਨ੍ਹਾਂ ਦੀ ਪਾਰਟੀ ਕੈਨੇਡੀਅਨ ਨਾਗਰਿਕਾਂ ਨੂੰ ਅਜਿਹੀ ਸਰਕਾਰ ਚੁਣਨ ਦਾ ਮੌਕਾ ਦੇਵੇਗੀ, ਜੋ ਉਨ੍ਹਾਂ ਦੇ ਹਿੱਤਾਂ ਮੁਤਾਬਕ ਕੰਮ ਕਰ ਸਕੇ। ’’
ਇਹ ਵੀ ਪੜ੍ਹੋ ਪੰਜਾਬ ਪੁਲਿਸ ਦੀ ਇੱਕ ਹੋਰ ਚੌਕੀ ’ਚ ਬਲਾਸਟ, ਦਹਿਸਤ ਦਾ ਮਾਹੌਲ
ਜਿਕਰਯੋਗ ਹੈ ਕਿ ਕੈਨੇਡਾ ਦੀ ਕੌਮੀ ਪਾਰਲੀਮਂੈਂਟ ਦਾ ਅਗਲਾ ਸੈਸ਼ਨ 27 ਜਨਵਰੀ 2025 ਨੂੂੰ ਸ਼ੁਰੂ ਹੋ ਰਿਹਾ ਹੈ। ਜਿਸ ਦੌਰਾਨ ਕੈਨੇਡਾ ਦੇ ਪਾਰਲੀਮੈਂਟ ਨਿਯਮਾਂ ਅਨੁਸਾਰ ਐਨਡੀਪੀ ਮਾਰਚ ਮਹੀਨੇ ਅਤੇ ਕੰਜ਼ਰਵੇਟਿਵ ਪਾਰਟੀ ਫਰਵਰੀ ਦੇ ਵਿੱਚ ਇਹ ਬੇਭਰੋਸਗੀ ਦਾ ਮਤਾ ਲਿਆ ਸਕਦੇ ਹਨ। ਹਾਲਾਂਕਿ ਟਰੂਡੋ ਸਰਕਾਰ ਨੂੰ ਸੁੱਟਣ ਲਈ ਸਮੂਹ ਵਿਰੋਧੀ ਧਿਰਾਂ ਦਾ ਇਕਜੁੱਟ ਹੋਣਾ ਬਹੁਤ ਜ਼ਰੂਰੀ ਹੈ। ਉਂਝ ਕੈਨੇਡਾ ਵਿਚ ਆਮ ਚੋਣਾਂ ਅਕਤੂਬਰ 2025 ਵਿਚ ਹੋਣੀਆਂ ਤੈਅ ਹਨ ਪ੍ਰੰਤੂ ਜੇਕਰ ਲਿਬਰਲ ਪਾਰਟੀ ਦੀ ਸਰਕਾਰ ਡਿੱਗ ਪੈਂਦੀ ਹੈ ਤਾਂ ਸਮੇਂ ਤੋਂ ਪਹਿਲਾਂ ਇਹ ਚੋਣਾਂ ਹੋਣੀਆਂ ਯਕੀਨੀ ਹਨ। ਇੱਥੇ ਇਹ ਵੀ ਦਸਣਾ ਬਣਦਾ ਹੈ ਕਿ ਪਹਿਲਾਂ ਜਸਟਿਨ ਟਰੂਡੋ ਦੀ ਸਰਕਾਰ ਐਨਡੀਪੀ ਦੀ ਹਿਮਾਇਤ ਨਾਲ ਚੱਲ ਰਹੀ ਸੀ, ਹਾਲਾਂਕਿ ਐਨਡੀਪੀ ਪਹਿਲਾਂ ਹੀ ਇਸ ਨਾਲੋਂ ਵੱਖ ਹੋ ਗਈ ਸੀ ਪ੍ਰੰਤੂ ਇਸ ਘੱਟ ਗਿਣਤੀ ਸਰਕਾਰ ਦੇ ਵਿਰੁਧ ਮਤਾ ਲਿਆਉਣ ਤੋਂ ਇੰਨਕਾਰ ਕਰ ਦਿੱਤਾ ਸੀ।
ਇਹ ਵੀ ਪੜ੍ਹੋ Punjab MC Election: 5 ਨਗਰ ਨਿਗਮਾਂ ਤੇ 43 ਕੋਂਸਲਾਂ ਲਈ ਵੋਟਾਂ ਪੈਣੀਆਂ ਸ਼ੁਰੂ
ਪ੍ਰੰਤੂ ਨਵੇਂ ਬਦਲੇ ਹੋਏ ਸਿਆਸੀ ਹਾਲਾਤਾਂ ਮੁਤਾਬਕ ਟਰੂਡੋ ਸਰਕਾਰ ਦੇ ਆਪਣੇ ਕਾਰਜ਼ਕਾਲ ਪੂਰਾ ਕਰਨ ’ਤੇ ਸਵਾਲੀਆਂ ਨਿਸ਼ਾਨ ਲੱਗ ਗਏ ਹਨ। ਇਸਤੋਂ ਇਲਾਵਾ ਕੁੱਝ ਦਿਨ ਪਹਿਲਾਂ ਡਿਪਟੀ ਪ੍ਰਧਾਨ ਮੰਤਰੀ ਨੇ ਵੀ ਟਰੂਡੋ ਦੀਆਂ ਨੀਤੀਆਂ ਤੋਂ ਅਸਹਿਮਤ ਹੁੰਦਿਆਂ ਆਪਣਾ ਅਸਤੀਫ਼ਾ ਦੇ ਦਿੱਤਾ ਸੀ। ਇਸੇ ਤਰ੍ਹਾਂ ਮੀਡੀਆ ਵਿਚ ਖ਼ਬਰਾਂ ਹਨ ਕਿ ਲਿਬਰਲ ਪਾਰਟੀ ਦੇ ਕਈ ਸੰਸਦ ਮੈਂਬਰਾਂ ਵੱਲੋਂ ਵੀ ਟਰੂਡੋ ਤੋਂ ਅਸਤੀਫ਼ੇ ਦੀ ਮੰਗ ਕੀਤੀ ਜਾ ਰਹੀ ਹੈ। ਹਾਲਾਂਕਿ ਆਪਣੀ ਸਰਕਾਰ ਬਚਾਉਣ ਲਈ ਜਸਟਿਨ ਟਰੂਡੋ ਨੇ ਅੱਜ ਹੀ ਕੁਝ ਨਵੇਂ ਮੰਤਰੀ ਬਣਾਏ ਹਨ ਪ੍ਰੰਤੂ ਮੌਜੂਦਾ ਹਾਲਾਤ ਵਿਚ ਹੁਣ ਇਸ ਸਰਕਾਰ ਦਾ ਲੰਮੇ ਸਮੇਂ ਤੱਕ ਚੱਲਣਾ ਅਸੰਭਵ ਲੱਗਣ ਲੱਗਾ ਹੈ। ਗੌਰਤਲਬ ਹੈ ਕਿ ਕੈਨੇਡਾ ਦਾ ਪਿਛਲੇ ਕੁੱਝ ਸਮੇਂ ਤਂੋ ਭਾਰਤ ਨਾਲ ਵੀ ਤਨਾਅ ਵਾਲਾ ਰਿਸ਼ਤਾ ਚੱਲ ਰਿਹਾ ਹੈ। ਭਾਰਤ ਤੇ ਖ਼ਾਸਕਰ ਪੰਜਾਬ ਦੇ ਲੱਖਾਂ ਬੱਚੇ ਇੱਥੇ ਹਰ ਸਾਲ ਪੜ੍ਹਣ ਆਉਂਦੇ ਹਨ ਤੇ ਬਾਅਦ ਵਿਚ ਇੱਥੇ ਹੀ ਵਸਣ ਨੂੰ ਤਰਜ਼ੀਹ ਦਿੰਦੇ ਹਨ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK