ਦੋਨਾਂ ਧਿਰਾਂ ’ਚ ਵੱਡੀ ਬਗਾਵਤ ਤੋਂ ਬਚਾਅ ਪਰ ਅੰਦਰਖ਼ਾਤੇ ਰੋਸ਼ ਜਾਰੀ
ਸੁਖਜਿੰਦਰ ਮਾਨ
ਬਠਿੰਡਾ, 10 ਜਨਵਰੀ : ਹਰ ਵਾਰ ਦੀ ਤਰ੍ਹਾਂ ਉਮੀਦਵਾਰ ਐਲਾਨਣ ਵਿਚ ਪਹਿਲਕਦਮੀ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਤੋਂ ਬਾਅਦ ਆਮ ਆਦਮੀ ਪਾਰਟੀ ਦੂਜੀ ਅਜਿਹੀ ਪਾਰਟੀ ਹੈ, ਜਿਸਨੇ ਸੂਬੇ ਦੀ ਦੂਜੀ ਸਿਆਸੀ ਰਾਜਧਾਨੀ ਮੰਨੇ ਜਾਣ ਵਾਲੇ ਬਠਿੰਡਾ ਜ਼ਿਲ੍ਹੈ ਦੇ ਸਮੂਹ ਵਿਧਾਨ ਸਭਾ ਹਲਕਿਆਂ ਤੋਂ ਅਪਣੇ ਉਮੀਦਵਾਰ ਮੈਦਾਨ ਵਿਚ ਉਤਾਰ ਦਿੱਤੇ ਹਨ। ਜਦੋਂਕਿ ਕਾਂਗਰਸ ਤੇ ਭਾਜਪਾ ਗਠਜੋੜ ਹਾਲੇ ਤੱਕ ਇੱਕ ਵੀ ਉਮੀਦਵਾਰ ਦਾ ਐਲਾਨ ਨਹੀਂ ਕਰ ਸਕਿਆ ਹੈ। ਜ਼ਿਲ੍ਹੇ ਵਿਚ ਪੈਂਦੇ 6 ਵਿਧਾਨ ਸਭਾ ਹਲਕਿਆਂ ਵਿਚ ਬੇਸੱਕ ਦੋਨਾਂ ਧਿਰਾਂ ਵਲੋਂ ਉਤਾਰੇ ਉਮੀਦਵਾਰਾਂ ਨੂੰ ਲੈ ਕੇ ਸਭ ਕੁੱਝ ਸ਼ਾਂਤ ਵਿਖਾਈ ਦਿੰਦਾ ਹੈ ਪ੍ਰੰਤੂ ਅੰਦਰਖ਼ਾਤੇ ਟਿਕਟਾਂ ਦੇ ਚਾਹਵਾਨਾਂ ਵਿਚ ਨਰਾਜ਼ਗੀ ਜਰੂਰ ਪਾਈ ਜਾ ਰਹੀ ਹੈ। ਜੇਕਰ ਬਠਿੰਡਾ ਸ਼ਹਿਰੀ ਦੀ ਗੱਲ ਕੀਤੀ ਜਾਵੇ ਤਾਂ ਇੱਥੋਂ ਸ਼੍ਰੋਮਣੀ ਅਕਾਲੀ ਦਲ ਨੇ ਸਾਬਕਾ ਵਿਧਾਇਕ ਸਰੂਪ ਸਿੰਗਲਾ ’ਤੇ ਮੁੜ ਤੀਜ਼ੀ ਵਾਰ ਦਾਅ ਖੇਡਿਆ ਹੈ। ਇਸ ਹਲਕੇ ਤੋਂ ਟਿਕਟ ਲੈਣ ਲਈ ਕਾਂਗਰਸ ਵਿਚੋਂ ਅਕਾਲੀ ਦਲ ’ਚ ਆਏ ਬਬਲੀ ਢਿੱਲੋਂ ਤੇ ਸਾਬਕਾ ਭਾਜਪਾ ਆਗੂ ਮੋਹਿਤ ਗੁਪਤਾ ਵੀ ਵੱਡੇ ਦਾਅਵੇਦਾਰ ਸਨ। ਇਸੇ ਤਰ੍ਹਾਂ ਆਪ ਦੀ ਟਿਕਟ ਜਗਰੂਪ ਗਿੱਲ ਦੇ ਖ਼ਾਤੇ ਵਿਚ ਗਈ ਹੈ। ਇਸ ਪਾਰਟੀ ਦੇ ਵੀ ਟਿਕਟ ਦੇ ਅੱਧੀ ਦਰਜ਼ਨ ਦਾਅਵੇਦਾਰ ਸਨ, ਜਿੰਨ੍ਹਾਂ ਵਿਚ ਨਵਦੀਪ ਸਿੰਘ ਜੀਦਾ, ਅੰਮਿ੍ਰਤ ਲਾਲ ਅਗਰਵਾਲ, ਨੀਲ ਗਰਗ, ਮਨਦੀਪ ਕੌਰ ਰਾਮਗੜ੍ਹੀਆ ਆਦਿ ਸ਼ਾਮਲ ਹਨ। ਉਧਰ ਫ਼ੂਲ ਹਲਕੇ ’ਚ ਅਕਾਲੀ ਦਲ ਨੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੂੰ ਟਿਕਟ ਦਿੱਤੀ ਹੈ। ਉਹ ਇਸ ਵਾਰ ਦੋ ਟਿਕਟਾਂ ਦੀ ਮੰਗ ਕਰ ਰਹੇ ਸਨ ਪ੍ਰੰਤੂ ਅਕਾਲੀ ਹਾਈਕਮਾਂਡ ਨੇ ਉਨਾਂ ਨੂੰ ਇੱਕ ਟਿਕਟ ਦੇ ਕੇ ਉਨ੍ਹਾਂ ਦੀ ਸਿਆਸੀ ਹਸਤੀ ਨੂੰ ਛੋਟਾ ਕਰ ਦਿੱਤਾ ਹੈ। ਮਲੂਕਾ ਦੇ ਨੇੜਲਿਆਂ ਮੁਤਾਬਕ ਬੇਸ਼ੱਕ ਉਨ੍ਹਾਂ ਦਾ ਆਗੂ ਵਕਤੀ ਤੌਰ ‘ਤੇ ਚੁੱਪ ਹੋ ਗਿਆ ਹੈ ਪ੍ਰੰਤੂੁ ਲੰਮੇ ਸਮੇਂ ਤੱਕ ‘ਦਿਲ’ ’ਤੇ ਲੱਗੀਆਂ ਚੋਟਾਂ ਨੂੰ ਯਾਦ ਰੱਖਣ ਵਾਲੇ ਇਸ ਸਾਬਕਾ ਮੰਤਰੀ ਦੀ ਬਾਦਲ ਪ੍ਰਵਾਰ ਨਾਲ ਦਹਾਕਿਆਂ ਤੋਂ ਨੇੜਤਾ ਵਿਚ ਫਰਕ ਪਿਆ ਜਰੂਰ ਦਿਖ਼ਾਈ ਦਿੰਦਾ ਹੈ। ਦੁੂਜੇ ਪਾਸੇ ਇਸ ਹਲਕੇ ਤੋਂ ਆਪ ਨੇ ਉਘੇ ਗਾਇਕ ਬਲਕਾਰ ਸਿੱਧੂ ਨੂੰ ਟਿਕਟ ਦਿੱਤੀ ਹੈ। ਹਾਲਾਂਕਿ ਇਸ ਹਲਕੇ ਤੋਂ ਪਿਛਲੀਆਂ ਚੋਣਾਂ ਲੜਣ ਵਾਲੇ ਮਨਜੀਤ ਸਿੰਘ ਬਿੱਟੀ ਤੇ ਬੈਂਸਾਂ ਦੀ ਪਾਰਟੀ ਵਿਚੋਂ ਆਏ ਜਤਿੰਦਰ ਭੱਲਾ ਵੀ ਦਾਅਵੇਦਾਰ ਬਣੇ ਹੋਏ ਸਨ। ਇਹ ਦੋਨੋਂ ਆਗੂ ਹਾਲੇ ਉਪਰ ਸ਼ਾਂਤ ਹਨ ਪ੍ਰੰਤੂ ਚੋਣਾਂ ਦੇ ਦਿਨ ਤੱਕ ਇੰਨ੍ਹਾਂ ਦੀਆਂ ਗਤੀਵਿਧੀਆਂ ਆਪ ਉਮੀਦਵਾਰ ਦੇ ਦਿਲ ਦੀਆਂ ਧੜਕਣਾਂ ਜਰੂਰ ਵਧਾਈ ਰੱਖਣਗੀਆਂ। ਤਲਵੰਡੀ ਸਾਬੋ ਹਲਕੇ ਵਿਚ ਮੌਜੂਦਾ ਵਿਧਾਇਕ ਬਲਜਿੰਦਰ ਕੌਰ ਮੁੜ ਉਮੀਦਵਾਰ ਬਣੇ ਹਨ ਪ੍ਰੰਤੂ ਪਿਛਲੀਆਂ ਚੋਣਾਂ ਦੇ ਮੁਕਾਬਲੇ ਇਸ ਵਾਰ ਆਪ ਦੇ ਕਈ ਆਗੂ ਉਨ੍ਹਾਂ ਤੋਂ ਦੂਰੀ ਬਣਾਈ ਖੜੇ ਹਨ। ਉਜ ਪਿਛਲੀਆਂ ਲੋਕ ਸਭਾ ਚੋਣਾਂ ਵਿਚ ਬੀਬੀ ਇਸ ਹਲਕੇ ਤੋਂ ਪੰਜ ਅੰਕਾਂ ਦਾ ਅੰਕੜਾ ਹਾਸਲ ਕਰਨ ਤੋਂ ਵੀ ਅਸਫ਼ਲ ਰਹੀ ਸੀ। ਦੂਜੇ ਪਾਸੇ ਅਕਾਲੀ ਦਲ ਨੇ ਇੱਥੋਂ ਸਾਬਕਾ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ ਉਮੀਦਵਾਰ ਬਣਾਇਆ ਹੈ। ਸਿੱਧੂ ਕਾਂਗਰਸ ਵਿਚ ਜਾਣ ਤੋਂ ਬਾਅਦ ਮੁੜ ਅਕਾਲੀ ਦਲ ਵਿਚ ਆਏ ਹਨ। ਬੇਸ਼ੱਕ ਉਨ੍ਹਾਂ ਨੂੰ ਕੱਦਾਵਾਰ ਲੀਡਰ ਮੰਨਿਆ ਜਾਂਦਾ ਹੈ ਪ੍ਰੰਤੂ ਸੀਨੀਅਰ ਆਗੂ ਅਮਰਜੀਤ ਸਿੰਘ ਖ਼ਾਨਾ ਦਾ ਖੇਮਾ ਹਾਲੇ ਤੱਕ ਵੀ ਉਨ੍ਹਾਂ ਨਾਲ ਜੁੜ ਨਹੀਂ ਸਕਿਆ ਹੈ। ਯੂਥ ਆਗੂ ਰਵੀਪ੍ਰੀਤ ਸਿੰਘ ਸਿੱਧੂ ਵੀ ਅਕਾਲੀ ਦਲ ਛੱਡ ਭਾਜਪਾ ਵਿਚ ਸ਼ਾਮਲ ਹੋ ਗਏ ਹਨ, ਜਿਸਦਾ ਨੁਕਸਾਨ ਜਰੂਰ ਅਕਾਲੀ ਉਮੀਦਵਾਰ ਨੂੰ ਹੋ ਸਕਦਾ ਹੈ। ਹਲਕਾ ਭੁੱਚੋਂ ਮੰਡੀ ਵਿਚ ਅਕਾਲੀ ਦਲ ਨੇ ਮੁੜ ਬਾਹਰਲਾ ਉਮੀਦਵਾਰ ਲਿਆਉਣ ਦਾ ਤਜਰਬਾ ਕੀਤਾ ਹੈ। ਪਿਛਲੀ ਵਾਰ ਮਲੋਟ ਹਲਕੇ ਤੋਂ ਹਰਪ੍ਰੀਤ ਸਿੰਘ ਕੋਟਭਾਈ ਨੂੰ ਉਮੀਦਵਾਰ ਬਣਾਇਆ ਸੀ ਜਦੋਂਕਿ ਉਸਤੋਂ ਪਹਿਲਾਂ ਮੌਜੂਦਾ ਕਾਂਗਰਸੀ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ’ਤੇ ਦਾਅ ਖੇਡਿਆ ਸੀ ਪ੍ਰੰਤੂ ਦੋਨੋਂ ਵਾਰ ਹੀ ਮੂੰਹ ਦੀ ਖ਼ਾਣੀ ਪਈ। ਇਸ ਵਾਰ ਵੀ ਬਠਿੰਡਾ ਦਿਹਾਤੀ ਹਲਕੇ ਦੀ ਨੁਮਾਇੰਦਗੀ ਕਰਨ ਵਾਲੇ ਦਰਸਨ ਸਿੰਘ ਕੋਟਫੱਤਾ ਨੂੰ ਇੱਥੋਂ ਉਮੀਦਵਾਰ ਬਣਾਇਆ ਹੈ। ਇਸ ਹਲਕੇ ਤੋਂ ਅਕਾਲੀ ਦਲ ਦੀ ਟਿਕਟ ਦੇ ਕਈ ਦਾਅਵੇਦਾਰ ਸਨ, ਜਿੰਨ੍ਹਾਂ ਵਿਚ ਟਿਕਟ ਨਾ ਮਿਲਣ ਕਾਰਨ ਮਾਯੂਸੀ ਪਾਈ ਜਾ ਰਹੀ ਹੈ। ਇਸੇ ਤਰ੍ਹਾਂ ਆਪ ਵਲੋਂ ਉਨ੍ਹਾਂ ਦੇ ਮੁਕਾਬਲੇ ਪਿਛਲੇ ਉਮੀਦਵਾਰ ਜਗਸੀਰ ਸਿੰਘ ’ਤੇ ਮੁੜ ਵਿਸਵਾਸ ਜਤਾਇਆ ਹੈ। ਬੇਸ਼ੱਕ ਪਿਛਲੀਆਂ ਚੋਣਾਂ ਸਮੇਂ ਆਪ ਦੇ ਹੱਕ ਵਿਚ ਚੱਲੀ ਹਨੇਰੀ ਕਾਰਨ ਉਕਤ ਉਮੀਦਵਾਰ ਜਿੱਤਦੇ ਜਿੱਤਦੇ ਹਾਰੇ ਸਨ ਪ੍ਰੰਤੂ ਇਸ ਵਾਰ ਹਾਲਾਤ ਬਦਲੇ ਹੋਏ ਨਜ਼ਰ ਆ ਰਹੇ ਹਨ। ਨਾ ਹੀ ਆਪ ਦੇ ਹੱਕ ਵਿਚ ਹਨੇਰੀ ਚੱਲਦੀ ਦਿਖ਼ਾਈ ਦੇ ਰਹੀ ਹੈ ਤੇ ਨਾ ਹੀ ਸਮੂਹ ਆਪ ਆਗੂ ਇਕਜੁਟ ਹੁੰਦੇ ਦਿਸ ਰਹੇ ਹਨ। ਇਸ ਹਲਕੇ ਤੋਂ ਜ਼ਿਲ੍ਹਾ ਪ੍ਰਧਾਨ ਗੁਰਜੰਟ ਸਿੰਘ ਸਿਵੀਆ ਵੀ ਮਜਬੂਤ ਉਮੀਦਵਾਰ ਮੰਨੇ ਜਾਂਦੇ ਸਨ, ਜਿਹੜੇ ਟਿਕਟ ਨਾ ਮਿਲਣ ਕਾਰਨ ਅੰਦਰੋ-ਅੰਦਰ ਨਿਰਾਸ ਦਿਖਾਈ ਦੇ ਰਹੇ ਹਨ। ਉਧਰ ਬਠਿੰਡਾ ਦਿਹਾਤੀ ਹਲਕੇ ਤੋਂ ਆਪ ਨੇ ਸਾਬਕਾ ਅਕਾਲੀ ਆਗੂ ਅਮਿਤ ਰਤਨ ਨੂੰ ਅਪਣਾ ਉਮੀਦਵਾਰ ਬਣਾਇਆ ਹੈ। ਇਸ ਹਲਕੇ ਤੋਂ ਜੇਤੂ ਰਹੀ ਰੁਪਿੰਦਰ ਕੌਰ ਰੂਬੀ ਵਲੋਂ ਪਾਰਟੀ ਛੱਡਣ ਤੋਂ ਬਾਅਦ ਕਈ ਆਗੂ ਟਿਕਟ ਲਈ ਮੈਦਾਨ ਵਿਚ ਨਿੱਤਰੇ ਹੋਏ ਸਨ, ਜਿੰਨ੍ਹਾਂ ਦਾ ਰਵੱਈਆ ਆਉਣ ਵਾਲੇ ਸਮੇਂ ਵਿਚ ਮਹੱਤਵਪੂਰਨ ਰਹੇਗਾ। ਅਕਾਲੀ ਦਲ ਨੇ ਇਸ ਹਲਕੇ ਤੋਂ ਵੀ ਬਾਹਰਲੇ ਉਮੀਦਵਾਰ ਪ੍ਰਕਾਸ਼ ਸਿੰਘ ਭੱਟੀ ਨੂੰ ‘ਪੈਰਾਸੂਟ’ ਰਾਹੀਂ ਲਿਆਂਦਾ ਹੈ। ਜੇਕਰ ਮੋੜ ਹਲਕੇ ਦੀ ਗੱਲ ਕੀਤੀ ਜਾਵੇ ਤਾਂ ਇੱਥੋਂ ਅਕਾਲੀ ਦਲ ਨੇ ਜਗਮੀਤ ਸਿੰਘ ਬਰਾੜ ਨੂੰ ਉਮੀਦਵਾਰ ਬਣਾਇਆ ਹੈ, ਜਿਸਦਾ ਮਲੂਕਾ ਧੜੇ ਵਲੋਂ ਡਟਕੇ ਵਿਰੋਧ ਕੀਤਾ ਗਿਆ ਸੀ। ਹਾਲਾਂਕਿ ਹੁਣ ਸਾਰਾ ਕੁੱਝ ਉਪਰੋਂ ਸ਼ਾਂਤ ਵਿਖਾਈ ਦਿੰਦਾ ਹੈ ਪ੍ਰੰਤੂ ਆਉਣ ਵਾਲੇ ਦਿਨਾਂ ’ਚ ਮਲੂਕਾ ਧੜੇ ਦੀਆਂ ਗਤੀਵਿਧੀਆਂ ਅਕਾਲੀ ਉਮੀਦਵਾਰ ਦੀ ਜਿੱਤ ਹਾਰ ’ਤੇ ਜਰੂਰ ਅਸਰ ਪਾਉਣਗੀਆਂ। ਇਸ ਹਲਕੇ ਤੋਂ ਆਪ ਨੇ ਸੁਖਬੀਰ ਮਾਈਸਰਖ਼ਾਨਾ ’ਤੇ ਦਾਅ ਖੇਡਿਆ ਹੈ, ਜਦੋਂਕਿ ਇਸ ਹਲਕੇ ਤੋਂ ਕਈ ਹੋਰ ਮਜਬੂਤ ਉਮੀਦਵਾਰ ਵੀ ਮੌਜੂਦ ਸਨ।
ਅਕਾਲੀ ਤੇ ਆਪ ਦੇ ਉਮੀਦਵਾਰਾਂ ਨੇ ਬਠਿੰਡਾ ’ਚ ਸੰਭਾਲੇ ਮੋਰਚੇ
14 Views