ਸੁਖਜਿੰਦਰ ਮਾਨ
ਬਠਿੰਡਾ, 24 ਜੂਨ:ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਿਲ 22 ਕਿਸਾਨ ਜੱਥੇਬੰਦੀਆਂ ਵਲੋਂ ਅੱਜ ਸਥਾਨਕ ਡੀ.ਸੀ. ਦਫਤਰ ਅੱਗੇ ਧਰਨਾ ਦਿੱਤਾ ਗਿਆ ਅਤੇ ਤਹਿਸੀਲਦਾਰ ਨੂੰ ਮੰਗ ਪੱਤਰ ਸੋਪਿਆ ਗਿਆ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਡਕੌਂਦਾ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਨੇ ਕਿਹਾ ਕਿ ਪਹਿਲੀ ਵਾਰ ਕੇਂਦਰ ਸਰਕਾਰ ਫੌਜ ਦੇ ਵਿੱਚ ਠੇਕਾ ਭਰਤੀ ਕਰ ਰਹੀ ਹੈ। ਜਿਹੜਾ ਕਿ ਦੇਸ਼ ਦੇ ਨੌਜਵਾਨਾਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਜਿਹੜਾ ਕਿ ਨਾ ਕਿ ਦੇਸ਼ ਦੇ ਹਿੱਤ ਵਿੱਚ ਅਤੇ ਨਾ ਹੀ ਨੌਜਵਾਨਾਂ ਦੇ ਹਿੱਤ ਵਿੱਚ ਫੈਸਲਾ ਹੈ। ਅੱਜ ਪੂਰੇ ਦੇਸ਼ ਦੇ ਵਿੱਚ ਲੋਕ ਸੜਕਾਂ ਤੇ ਨਿੱਤਰੇ ਹੋਏ ਹਨ। ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਬਲਕਰਨ ਸਿੰਘ ਬਰਾੜ ਨੇ ਕੇਂਦਰ ਸਰਕਾਰ ਤੇ ਦੋਸ਼ ਲਾਉਂਦਿਆਂ ਕਿਹਾ ਕਿ ਨਿੱਜੀਕਰਨ ਦੀ ਨੀਤੀ ਤਹਿਤ ਫੌਜ ਵੀ ਨਿੱਜੀਕਰਨ ਦੇ ਘੇਰੇ ਵਿੱਚ ਲਿਆਂਦੀ ਜਾ ਰਹੀ ਹੈ। ਇਹ ਨੀਤੀ ਦੇਸ਼ ਲਈ ਖਤਰਨਾਕ ਸਾਬਿਤ ਹੋਵੇਗੀ। ਭਾਰਤ ਦੇ ਲੱਖਾਂ ਨੌਜਵਾਨਾਂ ਨੂੰ ਫੌਜ ਦੇ ਵਿੱਚ ਰੁਜਗਾਰ ਮਿਲ ਰਿਹਾ ਸੀ, ਜਿਹੜਾ ਕਿ ਇੱਕੋ ਝਟਕੇ ਦੇ ਨਾਲ ਨੌਜਵਾਨਾਂ ਦਾ ਰੁਜਗਾਰ ਬੰਦ ਹੋ ਜਾਵੇਗਾ ਅਤੇ 4 ਸਾਲਾਂ ਬਾਅਦ ਬਿਨਾਂ ਪੈਨਸ਼ਨ, ਬਿਨਾਂ ਭੱਤਿਆਂ ਤੋਂ ਨੌਜਵਾਨਾਂ ਨੂੰ ਘਰਾਂ ਨੂੰ ਵਾਪਿਸ ਮੋੜਿਆ ਜਾਵੇਗਾ। ਕਿਰਤੀ ਕਿਸਾਨ ਯੂਨੀਅਨ ਦੇ ਆਗੂ ਅਮਰਜੀਤ ਸਿੰਘ ਹਨੀ ਨੇ ਕਿਹਾ ਕਿ ਕੇਂਦਰ ਦਾ ਇਹ ਫੈਸਲਾ ਨੌਜਵਾਨਾਂ ਦਾ ਭਵਿੱਖ ਤਬਾਹ ਕਰਨ ਵਾਲਾ ਹੈ ਅਤੇ ਇਸਨੂੰ ਵਾਪਿਸ ਲੈਣ ਦੀ ਮੰਗ ਕੀਤੀ। ਇਸ ਮੌਕੇ ਡਕੌੰਦਾ ਦੇ ਜਿਲ੍ਹਾ ਪ੍ਰਧਾਨ ਬਲਦੇਵ ਸਿੰਘ ਭਾਈਰੂਪਾ,ਜਿਲ੍ਹਾ ਸਕੱਤਰ ਨੈਬ ਸਿੰਘ ਫੂਸ ਮੰਡੀ, ਜਮਹੂਰੀ ਕਿਸਾਨ ਸਭਾ ਦੇ ਜਿਲ੍ਹਾ ਪ੍ਰਧਾਨ ਦਰਸਨ ਮਿੱਠੀਫੁੱਲੋ, ਤਾਰਾ ਸਿੰਘ ਨੰਦਗੜ, ਪੰਜਾਬ ਕਿਸਾਨ ਯੂਨੀਅਨ ਦੇ ਰਜਿੰਦਰ ਸਿੰਘ ਸਿਵੀਆਂ, ਕਿਰਤੀ ਕਿਸਾਨ ਯੂਨੀਅਨ ਦੇ ਸਤਨਾਮ ਸਿੰਘ ਸੱਗੂ, ਸੁਖਮੰਦਰ ਸਿੰਘ ਸਰਾਭਾ ਬਾਕੀ ਆਦਿ ਮੌਜੂਦ ਸਨ।
ਅਗਨੀਪੱਥ ਯੋਜਨਾ ਵਿਰੁਧ 22 ਕਿਸਾਨ ਜਥੇਬੰਦੀਆਂ ਨੇ ਦਿੱਤਾ ਧਰਨਾ
16 Views