ਸੁਖਜਿੰਦਰ ਮਾਨ
ਬਠਿੰਡਾ , 14 ਨਵੰਬਰ : ਬੀ.ਐਫ.ਜੀ.ਆਈ. ਦੀ ਅਲੂਮਨੀ ਐਸੋਸੀਏਸ਼ਨ ਦੇ ਸਹਿਯੋਗ ਨਾਲ ਬਿਜ਼ਨਸ ਸਟੱਡੀਜ਼ ਵਿਭਾਗ ਨੇ ਕੈਰੀਅਰ ਦੇ ਵਿਕਾਸ ਵਿੱਚ ਸਮਰਪਣ ਅਤੇ ਸਵੈ-ਵਿਸ਼ਵਾਸ ਦੀ ਭੂਮਿਕਾ ਬਾਰੇ ਮਾਹਿਰ ਗੱਲਬਾਤ ਕਰਵਾਈ। ਇਹ ਮਾਹਿਰ ਗੱਲਬਾਤ ਦੇ ਸੈਸ਼ਨ ਵਿੱਚ ਬੀ.ਕਾਮ. ਅਤੇ ਐਮ.ਕਾਮ. ਦੇ ਮੌਜੂਦਾ ਵਿਦਿਆਰਥੀਆਂ ਨੇ ਭਾਗ ਲਿਆ। ਇਸ ਸੈਸ਼ਨ ਵਿੱਚ ਕਾਲਜ ਦੇ ਅਲੂਮਨੀ ਸੰਦੀਪ ਸਿੰਘ ਮਾਨ ਨੇ ਸ਼ਿਰਕਤ ਕੀਤੀ ਜੋ ਅਨਲੌਕ ਯੂਅਰ ਡਰੀਮ, ਆਈਲੈਟਸ ਐਂਡ ਇਮੀਗ੍ਰੇਸ਼ਨ ਕੰਪਨੀ ਦਾ ਮੈਨੇਜਿੰਗ ਡਾਇਰੈਕਟਰ ਹੈ। ਇਸ ਸੈਸ਼ਨ ਦੀ ਸ਼ੁਰੂਆਤ ਅਲੂਮਨੀ ਸੰਦੀਪ ਸਿੰਘ ਮਾਨ ਵੱਲੋਂ ਉਦਮਤਾ ਦੇ ਵਿਸ਼ੇ ਨਾਲ ਕੀਤੀ ਗਈ ਕਿਉਂਕਿ ਉਸ ਨੂੰ ਆਪਣੀ ਉੱਤਮਤਾ ਅਤੇ ਉਦਮਤਾ ਦੇ ਗਿਆਨ ਲਈ ਜਾਣਿਆ ਜਾਂਦਾ ਹੈ। ਉਸ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਉਦਮਤਾ ਦੀਆਂ ਬੁਨਿਆਦੀ ਗੱਲਾਂ ਨਾਲ ਵਿਦਿਆਰਥੀ ਕਿਵੇਂ ਆਪਣਾ ਕੈਰੀਅਰ ਵਧਾ ਸਕਦੇ ਹਨ। ਉਸ ਨੇ ਕਾਰੋਬਾਰੀ ਖੇਤਰ ਦੀਆਂ ਗੱਲਾਂ ਜਿਵੇਂ ਜੋਖ਼ਮ ਪ੍ਰਬੰਧਨ, ਸਵੈ-ਪ੍ਰੇਰਨਾ ਅਤੇ ਸੰਚਾਰ ਆਦਿ ਬਾਰੇ ਵਿਸਥਾਰ ਨਾਲ ਦੱਸਿਆ। ਉਸ ਨੇ ਇਹ ਵੀ ਦੱਸਿਆ ਕਿ ਕਿਵੇਂ ਵਿਦਿਆਰਥੀਆਂ ਦਾ ਸਵੈ-ਸਮਰਪਣ ਉਨ੍ਹਾਂ ਨੂੰ ਇੱਕ ਸਫਲ ਜੀਵਨ ਵੱਲ ਲਿਜਾ ਸਕਦਾ ਹੈ। ਉਸ ਨੇ ਵਿਸਥਾਰ ਨਾਲ ਦੱਸਿਆ ਕਿ ਕਿਸੇ ਵੀ ਆਰਥਿਕਤਾ ਵਿੱਚ ਉੱਦਮੀ ਮੁੱਖ ਭੂਮਿਕਾ ਨਿਭਾਉਂਦੇ ਹਨ। ਉਹ ਅਜਿਹੇ ਹੁਨਰਾਂ ਅਤੇ ਪਹਿਲਕਦਮੀਆਂ ਦੀ ਵਰਤੋਂ ਕਰਦੇ ਹਨ ਜੋ ਲੋੜਾਂ ਦਾ ਅੰਦਾਜ਼ਾ ਲਗਾਉਣ ਅਤੇ ਮਾਰਕੀਟ ਵਿੱਚ ਚੰਗੇ ਨਵੇਂ ਵਿਚਾਰ ਲਿਆਉਣ ਲਈ ਜ਼ਰੂਰੀ ਹਨ। ਆਪਣੇ ਨਿੱਜੀ ਜੀਵਨ ਦੀ ਇੱਕ ਉਦਾਹਰਨ ਨਾਲ ਉਸ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਕਿ ਉਹ ਸਭਿਆਚਾਰਕ ਗਤੀਵਿਧੀਆਂ ਅਤੇ ਮੁਕਾਬਲਿਆਂ ਵਿੱਚ ਪਹਿਲਕਦਮੀ ਕਰਨ ਜਿਸ ਸਦਕਾ ਉਨ੍ਹਾਂ ਦੇ ਹੁਨਰ ਨੂੰ ਬਿਹਤਰ ਬਣਾਉਣ ਵਿੱਚ ਮਦਦ ਮਿਲੇਗੀ ਅਤੇ ਉਨ੍ਹਾਂ ਦੇ ਆਤਮ ਵਿਸ਼ਵਾਸ ਵਿੱਚ ਵਾਧਾ ਹੋਵੇਗਾ। ਸਮੁੱਚੇ ਤੌਰ ‘ਤੇ ਇਹ ਸੈਸ਼ਨ ਪ੍ਰੇਰਣਾਦਾਇਕ, ਜਾਣਕਾਰੀ ਭਰਪੂਰ ਅਤੇ ਦਿਲਚਸਪ ਸੀ । ਅੰਤ ਵਿੱਚ ਪਲੇਸਮੈਂਟ ਕੋਆਰਡੀਨੇਟਰ ਪ੍ਰੋ. ਨਵਨੀਤ ਕੌਰ ਨੇ ਅਜਿਹੇ ਜਾਣਕਾਰੀ ਭਰਪੂਰ ਭਾਸ਼ਣ ਲਈ ਅਲੂਮਨੀ ਸੰਦੀਪ ਸਿੰਘ ਮਾਨ ਦਾ ਧੰਨਵਾਦ ਕੀਤਾ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਅਲੂਮਨੀ ਐਸੋਸੀਏਸ਼ਨ ਅਤੇ ਬਿਜ਼ਨਸ ਸਟੱਡੀਜ਼ ਵਿਭਾਗ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।
Share the post "ਅਲੂਮਨੀ ਐਸੋਸੀਏਸ਼ਨ ਦੇ ਸਹਿਯੋਗ ਨਾਲ ਬਿਜ਼ਨਸ ਸਟੱਡੀਜ਼ ਵਿਭਾਗ ਨੇ ਅਲੂਮਨੀ ਗੱਲਬਾਤ ਕਰਵਾਈ"