ਸੁਖਜਿੰਦਰ ਮਾਨ
ਚੰਡੀਗੜ੍ਹ, 27 ਅਗਸਤ : ਅੰਬੇਦਕਰ ਸਟੂਡੈਂਟਸ ਐਸੋਸੀਏਸ਼ਨ ਵੱਲੋਂ ਅਨੁਸੂਚਿਤ ਜਾਤੀ ਵਿਦਿਆਰਥੀਆਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸਾਹਮਣੇ ਲਾਏ ਗਏ ਧਰਨੇ ਦੀ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਹਮਾਇਤ ਦਾ ਐਲਾਨ ਕੀਤਾ ਗਿਆ ਹੈ। ਇਸ ਸੰਬੰਧੀ ਅੱਜ ਇੱਥੇ ਸਾਂਝਾ ਬਿਆਨ ਜਾਰੀ ਕਰਦਿਆਂ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਇਨ੍ਹਾਂ ਵਿਦਿਆਰਥੀਆਂ ਪ੍ਰਤੀ ਯੂਨੀਵਰਸਿਟੀ ਅਧਿਕਾਰੀਆਂ ਦੇ ਅੱਖੜ ਵਤੀਰੇ ਨੂੰ ਮੰਦਭਾਗਾ ਕਰਾਰ ਦਿੱਤਾ ਹੈ। ਮਿਸਾਲ ਵਜੋਂ ਡਿਗਰੀਆਂ ਜਾਂ ਡੀ ਐਮ ਸੀ ਪਾਸ ਕਰ ਚੁੱਕੇ ਅਨੁਸੂਚਿਤ ਜਾਤੀ ਵਿਦਿਆਰਥੀਆਂ ਵੱਲੋਂ ਰੂਲਾਂ ਅਨੁਸਾਰ ਇਮਤਿਹਾਨ ਫ਼ੀਸ ਜਮ੍ਹਾਂ ਕਰਵਾਉਣ ਦੀ ਪੇਸ਼ਕਸ਼ ਦੇ ਬਾਵਜੂਦ ਉਨ੍ਹਾਂ ਨੂੰ ਸਰਟੀਫਿਕੇਟ ਜਾਰੀ ਕਰਨ ਤੋਂ ਲਗਾਤਾਰ ਟਾਲਮਟੋਲ ਕਰਨੀ। ਹਰਿਆਣੇ ਦੇ ਅਨੁਸੂਚਿਤ ਜਾਤੀ ਵਿਦਿਆਰਥੀਆਂ ਨੂੰ ਪੰਜਾਬ ਦੇ ਵਿਦਿਆਰਥੀਆਂ ਵਾਂਗ ਦਾਖਲਾ ਫੀਸ ਤੋਂ ਬਿਨਾਂ ਦਾਖ਼ਲ ਕਰਨ ਤੋਂ ਇਨਕਾਰੀ ਹੋਣਾ ਅਤੇ ਪੀ ਐਚ ਡੀ ਦਾਖਲਿਆਂ ਤੇ ਹੋਸਟਲ ਅਲਾਟਮੈਂਟਾਂ ਮੌਕੇ ਰਾਖਵਾਂ ਕੋਟਾ ਪਹਿਲ ਦੇ ਆਧਾਰ ‘ਤੇ ਦੇਣ ਤੋਂ ਇਨਕਾਰੀ ਹੋਣਾ ਮੰਦਭਾਗੇ ਕਦਮ ਹੀ ਹਨ। ਸਦੀਆਂ ਤੋਂ ਮਨੁੱਖੀ ਹੱਕਾਂ ਤੋਂ ਵਿਰਵੇ ਰੱਖੇ ਸਮਾਜ ਦੇ ਇਸ ਦੱਬੇ ਕੁਚਲੇ ਤਬਕੇ ਦੇ ਹੋਣਹਾਰ ਵਿਦਿਆਰਥੀਆਂ ਨੂੰ ਸੰਘਰਸ਼ਾਂ ਰਾਹੀਂ ਹਾਸਲ ਕੀਤੇ ਸੰਵਿਧਾਨਕ ਹੱਕਾਂ ਤੋਂ ਹੁਣ ਵੀ ਵਾਂਝੇ ਰੱਖਣਾ ਘੋਰ ਬੇਇਨਸਾਫ਼ੀ ਹੈ। ਇਸ ਲਈ ਕਿਸਾਨ ਆਗੂਆਂ ਵੱਲੋਂ ਸੰਘਰਸ਼ਸ਼ੀਲ ਵਿਦਿਆਰਥੀਆਂ ਦੀਆਂ ਹੱਕੀ ਮੰਗਾਂ ਤੁਰੰਤ ਪੂਰੀਆਂ ਕਰਨ ਦੀ ਮੰਗ ਕੀਤੀ ਗਈ ਅਤੇ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਇਨ੍ਹਾਂ ਪੀੜਤ ਵਿਦਿਆਰਥੀਆਂ ਦੇ ਸੰਘਰਸ਼ ਦੀ ਹਮਾਇਤ ਢੁੱਕਵੇਂ ਢੰਗਾਂ ਰਾਹੀਂ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ।
Share the post "ਅੰਬੇਦਕਰ ਸਟੂਡੈਂਟਸ ਐਸੋਸੀਏਸ਼ਨ ਚੰਡੀਗੜ੍ਹ ਦੇ ਸੰਘਰਸ਼ ਦੀ ਭਾਕਿਯੂ (ਏਕਤਾ-ਉਗਰਾਹਾਂ) ਵੱਲੋਂ ਹਮਾਇਤ ਦਾ ਐਲਾਨ"