ਸੁਖਜਿੰਦਰ ਮਾਨ
ਬਠਿੰਡਾ, 27 ਸਤੰਬਰ: ਆਲ ਪੰਜਾਬ ਆਂਗਣਵਾੜੀ ਮੁਲਾਜਮ ਯੂਨੀਅਨ ਵੱਲੋਂ ਸੂਬੇ ਭਰ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਤੇ ਮਸਲਿਆਂ ਨੂੰ ਲੈ ਕੇ ਜੋ ਰੋਸ ਪ੍ਰਦਰਸਨ ਅਤੇ ਧਰਨੇ 2 ਅਕਤੂਬਰ ਨੂੰ ਬਲਾਕ ਪੱਧਰ ਤੇ ਸੂਬੇ ਭਰ ਵਿਚ ਦਿੱਤੇ ਜਾ ਰਹੇ ਹਨ ਉਹਨਾਂ ਧਰਨਿਆਂ ਦੀਆਂ ਤਿਆਰੀਆਂ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਪੰਜਾਬ ਦੇ ਵੱਖ ਵੱਖ ਜਿਲਿਆਂ ਵਿਚ ਵੱਡੀ ਪੱਧਰ ਤੇ ਕੀਤੀਆਂ ਜਾ ਰਹੀਆਂ ਹਨ ਤੇ ਵਰਕਰਾਂ ਅਤੇ ਹੈਲਪਰਾਂ ਵਿਚ ਭਾਰੀ ਉਤਸਾਹ ਪਾਇਆ ਜਾ ਰਿਹਾ ਹੈ । ਉਪਰੋਕਤ ਜਾਣਕਾਰੀ ਦਿੰਦਿਆਂ ਯੂਨੀਅਨ ਦੀ ਜਿਲ੍ਹਾ ਪ੍ਰਧਾਨ ਗੁਰਮੀਤ ਕੌਰ ਨੇ ਦੱਸਿਆ ਕਿ 2 ਅਕਤੂਬਰ ਨੂੰ ਆਈ ਸੀ ਡੀ ਐਸ ਸਕੀਮ ਨੂੰ ਸੁਰੂ ਹੋਇਆ 47 ਸਾਲ ਪੂਰੇ ਹੋ ਜਾਣਗੇ । ਪਰ ਐਨੇ ਲੰਮੇ ਸਮੇਂ ਅੰਦਰ ਸਮੇਂ ਦੀਆਂ ਸਰਕਾਰਾਂ ਨੇ ਆਂਗਣਵਾੜੀ ਮੁਲਾਜਮਾਂ ਦੀਆਂ ਮੰਗਾਂ ਨਹੀਂ ਮੰਨੀਆਂ । ਜਿਸ ਕਰਕੇ ਉਹਨਾਂ ਨੂੰ ਸੰਘਰਸ ਕਰਨਾ ਪੈਂਦਾ ਹੈ । ਉਹਨਾਂ ਕਿਹਾ ਕਿ 2 ਅਕਤੂਬਰ ਨੂੰ ਹਰ ਬਲਾਕ ਤੇ ਧਰਨਾ ਪ੍ਰਦਰਸਨ ਕਰਕੇ ਉੱਚ ਅਧਿਕਾਰੀਆਂ ਰਾਹੀਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੇ ਨਾਂ ਮੰਗ ਪੱਤਰ ਦਿੱਤੇ ਜਾਣਗੇ । ਉਹਨਾਂ ਦੋਸ ਲਗਾਇਆ ਕਿ ਕੇਂਦਰ ਵਿਚ ਆਈਆਂ ਸਰਕਾਰਾਂ ਨੇ ਉਹਨਾਂ ਨੂੰ ਪੱਕਾ ਮੁਲਾਜਮ ਨਹੀਂ ਐਲਾਨਿਆ ਤੇ ਸੋਸਲ ਵਰਕਰ ਕਿਹਾ ਜਾਂਦਾ ਹੈ । ਉਹਨਾਂ ਕਿਹਾ ਕਿ ਸਰਕਾਰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਸਰਕਾਰੀ ਮੁਲਾਜਮ ਦਾ ਦਰਜਾ ਦੇਵੇ ਅਤੇ ਨਵੀਂ ਸਿੱਖਿਆ ਨੀਤੀ ਅਨੁਸਾਰ ਆਂਗਣਵਾੜੀ ਵਰਕਰਾਂ ਨੂੰ ਪ੍ਰੀ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ । ਕਿਉਂਕਿ ਅੰਤਾਂ ਦੀ ਮਹਿਗਾਈ ਵਿਚ ਘੱਟ ਮਾਣ ਭੱਤੇ ਨਾਲ ਗੁਜਾਰਾ ਕਰਨਾ ਬਹੁਤ ਔਖਾ ਹੈ । ਕੇਂਦਰ ਸਰਕਾਰ ਵੱਲੋਂ ਆਂਗਣਵਾੜੀ ਸੈਂਟਰਾਂ ਦੀਆਂ ਇਮਾਰਤਾਂ ਬਣਾਉਣ ਲਈ ਹਰ ਸਾਲ ਕਰੋੜਾਂ ਰੁਪਏ ਦਾ ਫੰਡ ਰੱਖਿਆ ਜਾਂਦਾ ਹੈ । ਪਰ ਅਜੇ ਤੱਕ ਦੇਸ ਭਰ ਵਿਚ ਬਹੁਤ ਘੱਟ ਆਂਗਣਵਾੜੀ ਸੈਂਟਰਾਂ ਦੀਆਂ ਇਮਾਰਤਾਂ ਹੀ ਸਰਕਾਰੀ ਹਨ । ਬਾਕੀ ਸੈਂਟਰ ਤਾਂ ਧਰਮਸਾਲਾਵਾਂ , ਧਾਰਮਿਕ ਸਥਾਨਾਂ ਦੇ ਅੰਦਰ , ਸਕੂਲਾਂ ਵਿਚ ਜਾਂ ਕਿਰਾਏ ਦੇ ਮਕਾਨਾਂ ਵਿਚ ਹੀ ਚੱਲ ਰਹੇ ਹਨ ।
Share the post "ਆਂਗਣਵਾੜੀ ਯੂਨੀਅਨ ਵੱਲੋਂ 2 ਅਕਤੂਬਰ ਦੇ ਧਰਨਿਆਂ ਦੀਆਂ ਤਿਆਰੀਆਂ ਜੋਰਾਂ ’ਤੇ: ਗੁਰਮੀਤ ਕੌਰ"