ਡੀਸੀ ਨੂੰ ਦਿੱਤਾ ਮੰਗ ਪੱਤਰ
ਸੁਖਜਿੰਦਰ ਮਾਨ
ਬਠਿੰਡਾ, 24 ਫਰਵਰੀ : ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿਚ ਆਟਾ ਦਾਲ ਕਾਰਡਾਂ ਦੀ ਕਰਵਾਈ ਜਾ ਰਹੀ ਜਾਂਚ ਦੌਰਾਨ ਬਠਿੰਡਾ ’ਚ ਹਜ਼ਾਰਾਂ ਕਾਰਡ ਕੱਟਣ ਦੇ ਵਿਰੁਧ ਮੋਰਚਾ ਖੋਲਦਿਆਂ ਕਾਂਗਰਸ ਪਾਰਟੀ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੰਗ ਪੱਤਰ ਦਿੱਤਾ ਹੈ। ਅੱਜ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਨ ਗਰਗ ਦੀ ਅਗਵਾਈ ਹੇਠ ਏਡੀਸੀ ਪੱਲਵੀ ਚੌਧਰੀ ਨੂੰ ਮੰਗ ਪੱਤਰ ਦੇਣ ਪੁੱਜੇ ਕਾਂਗਰਸੀ ਆਗੂਆਂ ਦੇ ਇੱਕ ਵਫ਼ਦ ਨੇ ਦੋਸ਼ ਲਗਾਇਆ ਕਿ ਸਰਕਾਰ ਨੇ ਪੜਤਾਲ ਦੇ ਨਾਂ ਹੇਠ ਹਜ਼ਾਰਾਂ ਯੋਗ ਕਾਰਡ ਕੱਟ ਦਿੱਤੇ ਹਨ, ਜਿਹੜੇ ਕਾਂਗਰਸ ਪਾਰਟੀ ਦੀ ਸਰਕਾਰ ਦੌਰਾਨ ਗਰੀਬਾਂ ਨੂੰ ਸਸਤਾ ਰਾਸ਼ਨ ਦੇਣ ਲਈ ਬਣਾਏ ਗਏ ਸਨ। ਕਾਂਗਰਸੀ ਆਗੂਆਂ ਨੇ ਪੜਤਾਲ ਦੇ ਤਰੀਕਿਆਂ ਉਪਰ ਹੀ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਦਫ਼ਤਰਾਂ ’ਚ ਬੈਠ ਕੇ ਸਰਕਾਰ ਦੀਆਂ ਹਿਦਾਇਤਾਂ ’ਤੇ ਹਜ਼ਾਰਾਂ ਕਾਰਡ ਕੱਟ ਦਿੱਤੇ ਗਏ ਹਨ। ਜਿਸਦੇ ਚੱਲਦੇ ਆਮ ਲੋਕਾਂ ਲਈ ਦਿੱਤੀਆਂ ਖੜੀਆਂ ਹੋ ਗਈਆਂ ਹਨ। ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਨੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਵਲੋਂ ਬਣਾਈਆਂ ਫੂਡ ਸਪਲਾਈ ਸਲਾਹਕਾਰ ਕਮੇਟੀਆਂ ਵਿਚ ਆਪਣੀ ਹੀ ਪਾਰਟੀ ਦੇ ਵਰਕਰਾਂ ਅਤੇ ਆਗੂਆਂ ਨੂੰ ਕਮੇਟੀ ਵਿਚ ਸ਼ਾਮਲ ਕਰਕੇ ਦੂਜੀਆਂ ਪਾਰਟੀਆਂ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਦਰਕਿਨਾਰ ਕਰ ਦਿੱਤਾ ਹੈ। ਇਸ ਮੌਕੇ ਉਨ੍ਹਾਂ ਇਹ ਵੀ ਮੰਗ ਕੀਤੀ ਕਿ ਪੰਜਾਬ ਸਰਕਾਰ ਫ਼ੂਡ ਸਪਲਾਈ ਦੇ ਅਧਿਕਾਰੀਆਂ ਨੂੰ ਘਰ-ਘਰ ਜਾ ਕੇ ਕੱਟੇ ਹੋਏ ਕਾਰਡਾਂ ਦੀ ਵੈਰੀਫਿਕੇਸ਼ਨ ਦਾ ਹੁਕਮ ਦੇਵੇ ਤਾਂ ਕਿ ਸਹੀ ਲੋਕਾਂ ਨੂੰ ਅਨਾਜ਼ ਮਿਲਦਾ ਰਹੇ। ਇਸ ਦੌਰਾਨ ਉਨ੍ਹਾਂ ਨਾਲ ਸੀਨੀਅਰ ਡਿਪਟੀ ਮੇਅਰ ਅਸ਼ੋਕ ਪ੍ਰਧਾਨ, ਬਲਾਕ ਪ੍ਰਧਾਨ ਹਰਵਿੰਦਰ ਲੱਡੂ, ਬਲਰਾਜ ਪੱਕਾ, ਟਹਿਲ ਸਿੰਘ ਬੁੱਟਰ, ਕੋਂਸਲਰ ਸੰਜੇ ਬਿਸਵਾਲ, ਸਾਧੂ ਸਿੰਘ, ਜਸਵੀਰ ਸਿੰਘ ਜੱਸਾ, ਜੁਗਰਾਜ ਸਿੰਘ ਆਦਿ ਹਾਜ਼ਰ ਸਨ।
ਆਟਾ-ਦਾਲ ਕੱਟਣ ਵਿਰੁਧ ਕਾਂਗਰਸ ਨੇ ਸਰਕਾਰ ਵਿਰੁਧ ਖੋਲਿਆ ਮੋਰਚਾ
12 Views