ਕਿਸਾਨ ਪਰਾਲੀ ਨੂੰ ਅੱਗ ਲਗਾਏ ਬਗੈਰ ਨਵੀਆਂ ਤਕਨੀਕਾਂ ਨਾਲ ਬਿਜਾਈ ਕਰਨ- ਡਾ: ਪਾਖਰ ਸਿੰਘ
ਸੁਖਜਿੰਦਰ ਮਾਨ
ਬਠਿੰਡਾ, 19 ਦਸੰਬਰ: ਮਿੱਟੀ ਦੀ ਸਿਹਤ ਸੰਭਾਲ ਅਤੇ ਵਾਤਾਵਰਣ ਦੀ ਸੁੱਧਤਾ ਲਈ ਕਿਸਾਨ ਪਰਾਲੀ ਨੂੰ ਅੱਗ ਲਗਾਏ ਬਗੈਰ ਨਵੀਆਂ ਤਕਨੀਕਾਂ ਨਾਲ ਬਿਜਾਈ ਕਰਨ। ਇਹ ਸੁਝਾਅ ਡਾ: ਪਾਖਰ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਬਠਿੰਡਾ ਨੇ ਪਿੰਡ ਗਹਿਰੀ ਦੇਵੀ ਨਗਰ ਵਿਖੇ ਝੋਨੇ ਦੀ ਪਰਾਲੀ ਨੂੰ ਬਿਨਾਂ ਅੱਗ ਲਗਾਏ ਸੁਧਰੀ ਖੇਤੀ ਮਸ਼ੀਨਰੀ ਨਾਲ ਪਰਾਲੀ ਨੂੰ ਖੇਤ ਵਿੱਚ ਵਾਹ ਕੇ ਕਣਕ ਦੀ ਸੁਚੱਜੀ ਕਾਸਤ ਕਰਨ ਸਬੰਧੀ ਲਗਾਈ ਕਿਸਾਨ ਗੋਸਟੀ ਨੂੰ ਸੰਬੋਧਨ ਕਰਦਿਆਂ ਦਿੱਤਾ।
ਡਾ: ਪਾਖਰ ਸਿੰਘ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਸਬਸਿਡੀ ਤੇ ਖੇਤੀ ਮਸ਼ੀਨਰੀ ਮਹੱਈਆ ਕਰਵਾਈ ਗਈ ਹੈ, ਜਿਸ ਦਾ ਕਿਸਾਨਾਂ ਨੂੰ ਲਾਭ ਉਠਾਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਪਰਾਲੀ ਨੂੰ ਅੱਗ ਲਗਾਏ ਬਗੈਰ ਨਵੀਆਂ ਤਕਨੀਕਾਂ ਨਾਲ ਕਾਸਤ ਕਰਨੀ ਚਾਹੀਦੀ ਹੈ, ਜਿਸ ਨਾਲ ਮਿੱਟੀ ਦੀ ਸਿਹਤ ਦੀ ਸੰਭਾਲ ਕੀਤੀ ਜਾ ਸਕੇਗੀ ਅਤੇ ਵਾਤਾਵਰਣ ਵੀ ਸੁੱਧ ਰਹੇਗਾ। ਉਹਨਾਂ ਕਿਸਾਨਾਂ ਨੂੰ ਸੁਝਾਅ ਦਿੱਤਾ ਕਿ ਉਹ ਖੇਤੀ ਮਾਹਰਾਂ ਅਨੁਸਾਰ ਤਕਨੀਕਾਂ ਅਪਨਾਉਣ ਅਤੇ ਕਿਸੇ ਮੁਸਕਿਲ ਸਬੰਧੀ ਮਾਹਰਾਂ ਨਾਲ ਸਲਾਹ ਮਸਵਰਾ ਕਰਨ। ਡਾ: ਜਗਦੀਸ ਸਿੰਘ ਖੇਤੀਬਾੜੀ ਅਫ਼ਸਰ ਨੇ ਸੰਬੋਧਨ ਕਰਦਿਆਂ ਹਾੜੀ ਦੀਆਂ ਫ਼ਸਲਾਂ ਲਈ ਪਾਣੀ ਦੀ ਸੁਚੱਜੀ ਵਰਤੋਂ ਦੀ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਪਰਾਲੀ ਨੂੰ ਖੇਤ ਵਿੱਚ ਵਾਹ ਕੇ ਖਾਦਾਂ ਦੀ ਵਰਤੋਂ ਘੱਟ ਕੀਤੀ ਜਾ ਸਕਦੀ ਹੈ, ਜਿਸ ਨਾਲ ਸਮੇਂ ਤੇ ਪੈਸੇ ਦੀ ਬੱਚਤ ਹੁੰਦੀ ਹੈ।ਡਾ: ਤੇਜਦੀਪ ਕੌਰ ਪ੍ਰੋਜੈਕਟ ਡਾਇਰੈਕਟਰ ਆਤਮਾ ਨੇ ਕਿਸਾਨਾਂ ਨੂੰ ਆਤਮਾ ਸਕੀਮ ਅਧੀਨ ਚਲਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸਾਨ ਖੇਤੀ ਸਹਾਇਕ ਧੰਦਾ ਸੁਰੂ ਕਰਨ ਦੀ ਟ੍ਰੇਨਿੰਗ ਲੈ ਸਕਦੇ ਹਨ। ਡਾ: ਜਗਪਾਲ ਸਿੰਘ ਏ ਡੀ ਓ ਨੇ ਕਿਸਾਨਾਂ ਨੂੰ ਬੇਲੋੜੀਆਂ ਖਾਦਾਂ ਦੀ ਵਰਤੋ ਨਾਂ ਕਰਨ ਦਾ ਸੁਝਾਅ ਦਿੱਤਾ ਅਤੇ ਸਮੇਂ ਸਮੇਂ ਤੇ ਫ਼ਸਲਾਂ ਦੀਆਂ ਘਾਟਾਂ ਦੀ ਪੂਰਤੀ ਕਰਨ ਦੇ ਨੁਕਤੇ ਸਾਂਝੇ ਕੀਤੇ। ਡਾ: ਮਨਜਿੰਦਰ ਸਿੰਘ ਏ ਡੀ ਓ ਨੇ ਕਿਸਾਨਾਂ ਨੂੰ ਕਣਕ ਦੀ ਫ਼ਸਲ ਵਿੱਚ ਨਦੀਨਾਂ ਦੀ ਰੋਕਥਾਮ ਬਾਰੇ ਸੁਝਾਅ ਦਿੱਤੇ ਅਤੇ ਨਦੀਨਾਂ ਦੀ ਰੋਕਥਾਮ ਲਈ ਸਪਰੇਆਂ ਦੀ ਸਹੀ ਚੋਣ ਅਤੇ ਸਹੀ ਤਰੀਕਾ ਅਪਨਾਉਣ ਦੀ ਲੋੜ ਤੇ ਜੋਰ ਦਿੱਤਾ। ਡਾ: ਅਜੈਪਾਲ ਸਿੰਘ ਏ ਡੀ ਓ ਨੇ ਹਾੜੀ ਦੀ ਫ਼ਸਲ ਤੇ ਹਮਲਾ ਕਰਨ ਵਾਲੇ ਕੀੜੇ ਮਕੌੜਿਆਂ ਬਾਰੇ ਜਾਣਕਾਰੀ ਦਿੱਤੀ ਤੇ ਰੋਕਥਾਮ ਲਈ ਨੁਕਤੇ ਸਾਂਝੇ ਕੀਤੇ।ਸ੍ਰੀ ਗੁਰਮਿਲਾਪ ਸਿੰਘ ਬੀ ਟੀ ਐੱਮ ਨੇ ਆਤਮਾ ਸਕੀਮ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸਾਨਾਂ ਨੂੰ ਉਤਸਾਹਿਤ ਕਰਨ ਲਈ ਇਸ ਸਕੀਮ ਅਧੀਨ ਵੱਖ ਵੱਖ ਫ਼ਸਲਾਂ ਦੇ ਪ੍ਰਦਰਸਨੀ ਪਲਾਂਟ ਲਗਾਏ ਗਏ ਹਨ। ਸ੍ਰੀਮਤੀ ਅਮਨਵੀਰ ਕੌਰ ਏ ਐੱਮ ਆਈ ਨੇ ਤੇਲ ਬੀਜ ਫ਼ਸਲਾਂ ਦੀ ਕਾਸਤ ਬਾਰੇ ਜਾਣਕਾਰੀ ਦਿੰਦਿਆਂ ਇਹਨਾਂ ਦੀ ਵੱਧ ਤੋਂ ਵੱਧ ਰਕਬੇ ਵਿੱਚ ਕਰਨ ਦੀ ਲੋੜ ਤੇ ਜੋਰ ਦਿੱਤਾ। ਸ੍ਰੀਮਤੀ ਕੁਲਵੀਰ ਕੌਰ ਏ ਐੱਸ ਆਈ ਨੇ ਕਿਚਨ ਗਾਰਡਨ ਸਬੰਧੀ ਜਾਗਰੂਕ ਕਰਦੇ ਹੋਏ ਘਰ ਦੀ ਲੋੜ ਅਨੁਸਾਰ ਸਬਜੀਆਂ ਦੀ ਕਾਸ਼ਤ ਕਰਨ ਦਾ ਸੁਝਾਅ ਦਿੱਤਾ। ਇਸ ਮੌਕੇ ਖੇਤੀ ਮਾਹਰਾਂ ਤੇ ਅਧਿਕਾਰੀਆਂ ਨੇ ਕਿਸਾਨਾਂ ਦੇ ਸੁਆਲਾਂ ਦੇ ਜਵਾਬ ਵੀ ਦਿੱਤੇ ਅਤੇ ਨਵੀਆਂ ਤਕਨੀਕਾਂ ਸਬੰਧੀ ਲਿਟਰੇਚਰ ਤੇ ਕਿੱਟਾਂ ਵੀ ਵੰਡੀਆਂ। ਅੰਤ ’ਚ ਜਗਸੀਰ ਸਿੰਘ ਖੇਤੀਬਾੜੀ ਟੈਕਨਾਲੌਜੀ ਮੈਨੇਜਰ ਨੇ ਆਏ ਮਹਿਮਾਨਾਂ ਤੇ ਕਿਸਾਨਾਂ ਦਾ ਧੰਨਵਾਦ ਕੀਤਾ। ਗੋਸਟੀ ਪ੍ਰਬੰਧਾਂ ਵਿੱਚ ਸ੍ਰੀ ਕਰਮਜੀਤ ਸਿੰਘ ਨੇ ਯੋਗਦਾਨ ਪਾਇਆ।
ਆਤਮਾ ਸਕੀਮ ਅਧੀਨ ਕਿਸਾਨ ਗੋਸਟੀ ਆਯੋਜਿਤ
14 Views