ਸੁਖਜਿੰਦਰ ਮਾਨ
ਬਠਿੰਡਾ, 2 ਫਰਵਰੀ: ਵਿਧਾਨ ਸਭਾ ਹਲਕਾ ਬਠਿੰਡਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਰੂਪ ਸਿੰਘ ਗਿੱਲ ਨੂੰ ਅੱਜ ਡੂੰਘਾ ਸਦਮਾ ਪੁੱਜਾ ਜਦੋਂ ਉਨਾਂ ਦੇ ਬਹਿਨੋਈ ਨੱਥਾ ਸਿੰਘ ਸਿੱਧੂ ਦਾ ਦਿਲ ਦਾ ਦੌਰਾ ਪੈਣ ਸਦਕਾ ਦੇਹਾਂਤ ਹੋ ਗਿਆ। ਉਹ 70 ਵਰਿਆਂ ਦੇ ਸਨ। ਆਪ ਦੇ ਇਕ ਬੁਲਾਰੇ ਨੇ ਦੱਸਿਆ ਕਿ ਬੀਤੀ ਰਾਤ ਸ. ਸਿੱਧੂ ਦੀ ਤਬੀਅਤ ਖਰਾਬ ਹੋਈ ਤਾਂ ਉਨਾਂ ਨੂੰ ਇਕ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿਥੇ ਦਿਲ ਦਾ ਦੌਰਾ ਪੈਣ ਕਾਰਨ ਉਨਾਂ ਦਾ ਦੇਹਾਂਤ ਹੋ ਗਿਆ। ਅੱਜ ਦੁਪਹਿਰ ਸਮੇਂ ਉਨਾਂ ਦਾ ਅੰਤਿਮ ਸੰਸਕਾਰ ਸਥਾਨਕ ਰਾਮ ਬਾਗ, ਦਾਣਾ ਮੰਡੀ ਵਿਖੇ ਕੀਤਾ ਗਿਆ, ਜਿਥੇ ਸਿਆਸਤ ਤੋਂ ਉੱਪਰ ਉੱਠ ਕੇ ਸ਼ਹਿਰ ਦੇ ਪ੍ਰਮੁੱਖ ਸਿਆਸੀ ਆਗੂ ਵੀ ਪਹੁੰਚੇ। ਇਸ ਤੋਂ ਇਲਾਵਾ ਧਾਰਮਿਕ, ਸਮਾਜਿਕ, ਪ੍ਰਸ਼ਾਸਨਿਕ ਅਧਿਕਾਰੀ, ਪੱਤਰਕਾਰ, ਵਕੀਲ ਭਾਈਚਾਰਾ, ਵਪਾਰੀ ਵਰਗ ਅਤੇ ਵੱਡੀ ਗਿਣਤੀ ਸ਼ਹਿਰੀ ਵੀ ਸ. ਗਿੱਲ ਦੇ ਦੁੱਖ ’ਚ ਸ਼ਾਮਲ ਹੋਣ ਲਈ ਪਹੁੰਚੇ।ਇਸ ਮੌਕੇ ਅਮਨਦੀਪ ਸਿੰਘ ਸਿੱਧੂ ਤੇ ਗਗਨਦੀਪ ਸਿੰਘ ਸਿੱਧੂ ਦਾ ਵਿਰਲਾਪ ਦੇਖ ਕੇ ਸਭ ਦੀਆਂ ਅੱਖਾਂ ਨਮ ਹੋ ਗਈਆਂ। ਸ. ਸਿੱਧੂ ਦੇ ਪੁੱਤਰਾਂ ਨੇ ਦੱਸਿਆ ਕਿ ਉਨਾਂ ਦੇ ਪਿਤਾ ਇਕ ਸਮਾਜ ਸੇਵੀ ਪ੍ਰਵਿਰਤੀ ਦੇ ਹੋਣ ਸਦਕਾ ਸ਼ਹਿਰ ਵਿਚ ਸਿੱਧੂ ਭਾਈਚਾਰੇ ਦਾ ਪ੍ਰਮੁੱਖ ਚਿਹਰਾ ਸਨ।ਇਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਤੇ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ, ਸੂਬਾ ਪ੍ਰਧਾਨ ਭਗਵੰਤ ਸਿੰਘ ਮਾਨ ਤੇ ਹੋਰ ਲੀਡਰਸ਼ਿਪ ਨੇ ਵੀ ਸੰਪਰਕ ਕਰਕੇ ਜਗਰੂਪ ਸਿੰਘ ਗਿੱਲ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। ਆਪ ਦੇ ਬੁਲਾਰੇ ਨੇ ਦੱਸਿਆ ਕਿ ਸ. ਸਿੱਧੂ ਨਮਿੱਤ ਸ੍ਰੀ ਅਖੰਡ ਪਾਠ ਦਾ ਭੋਗ 6 ਫਰਵਰੀ ਨੂੰ ਦੁਪਹਿਰ 12 ਤੋਂ 1 ਵਜੇ ਤੱਕ ਗੁਰਦੁਆਰਾ ਸਾਹਿਬ ਥਰਮਲ ਕਾਲੌਨੀ ਬਠਿੰਡਾ ਵਿਖੇ ਪਾਇਆ ਜਾਵੇਗਾ।
ਆਪ ਉਮੀਦਵਾਰ ਜਗਰੂਪ ਸਿੰਘ ਗਿੱਲ ਨੂੰ ਸਦਮਾ, ਬਹਿਨੋਈ ਸਵਰਗਵਾਸ
14 Views