ਕਾਰਪੋਰੇਟ ਪੱਖੀ ਫਿਰਕੂ-ਫਾਸ਼ੀਵਾਦੀ ਸੱਤਾ ਅਤੇ ਸਾਮਰਾਜੀ ਲੁੱਟ ਤੇ ਦਾਬੇ ਤੋਂ ਮੁਕਤੀ ਲਈ ਜੂਝਣ ਦਾ ਲਿਆ ਸੰਕਲਪ
ਸੁਖਜਿੰਦਰ ਮਾਨ
ਬਠਿੰਡਾ, 7 ਨਵੰਬਰ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੀ ਬਠਿੰਡਾ ਜਿਲ੍ਹਾ ਕਮੇਟੀ ਵਲੋਂ ਅਕਤੂਬਰ ਇਨਕਲਾਬ ਦਿਹਾੜਾ ‘ਕਾਰਪੋਰੇਟ ਪੱਖੀ ਫਿਰਕੂ-ਫਾਸ਼ੀਵਾਦੀ ਸੱਤਾ ਤੋਂ ਭਾਰਤੀ ਲੋਕਾਈ ਨੂੰ ਮੁਕਤ ਕਰਨ ਅਤੇ ਸਾਮਰਾਜ ਮੁਕਤ ਸੰਸਾਰ ਸਿਰਜਣ ਦੇ ਸੰਘਰਸ਼ ਤਿੱਖੇ ਕਰਨ‘ ਦੇ ਸੰਕਲਪ ਦਿਵਸ ਵਜੋਂ ਭਰਵਾਂ ਇਕੱਠ ਕਰਕੇ ਟੀਚਰਜ਼ ਹੋਮ ਵਿਖੇ ਉਤਸ਼ਾਹ ਪੂਰਬਕ ਮਨਾਇਆ ਗਿਆ। ਇਕੱਤਰਤਾ ਨੂੰ ਸੰਬੋਧਨ ਕਰਦਿਆਂ ਪਾਰਟੀ ਦੀ ਕੇਂਦਰੀ ਕਮੇਟੀ ਦੇ ਮੈਂਬਰ ਸਾਥੀ ਮਹੀਪਾਲ ਨੇ ਕਿਹਾ ਕਿ 7 ਨਵੰਬਰ,1917 ਨੂੰ ਰੂਸ ਵਿੱਚ ਮਜਦੂਰ ਜਮਾਤ ਦੀ ਅਗਵਾਈ ਵਿਚ ਦੁਨੀਆਂ ਦਾ ਪਹਿਲਾ ਕਿਰਤੀ ਰਾਜ ਹੋਂਦ ਵਿੱਚ ਆਇਆ ਸੀ ਜਿਸਨੇ ਉੱਥੋਂ ਦੀ ਜਾਰਸ਼ਾਹੀ ਦੇ ਜੁਲਮਾਂ ਅਤੇ ਪੂੰਜੀਵਾਦੀ ਲੁੱਟ ਦਾ ਖਾਤਮਾ ਕਰਕੇ ਕਿਰਤੀਆਂ ਦੇ ਬੁਨਿਆਦੀ ਮਸਲੇ ਹੱਲ ਕੀਤੇ ਸਨ।ਸਾਥੀ ਮਹੀਪਾਲ ਨੇ ਕਿਹਾ ਸੋਵੀਅਤ ਯੂਨੀਅਨ ਅਤੇ ਸਮਾਜਵਾਦੀ ਕੈਂਪ ਦੇ ਢਹਿ-ਢੇਰੀ ਹੋਣ ਤੋਂ ਪਿਛੋਂ ਸਾਮਰਾਜੀ ਦੇਸ਼ਾਂ ਨੇ ਨਾ ਕੇਵਲ ਸੰਸਾਰ ਨੂੰ ਜੰਗਾਂ ਦੀ ਭੱਠੀ ‘ਚ ਝੋਕ ਦਿੱਤਾ ਹੈ ਬਲਕਿ ਨਵੇਂ ਆਜਾਦ ਹੋਏ ਦੇਸ਼ਾਂ ਦੇ ਕੁਦਰਤੀ ਖਜਾਨਿਆਂ ਅਤੇ ਇੱਥੋਂ ਦੀ ਲੋਕਾਈ ਦੇ ਬੇਕਿਰਕ ਲੁੱਟ-ਚੋਂਘ ਵੀ ਰਿਕਾਰਡ ਮਾਤ ਪਾ ਦਿੱਤੇ ਹਨ।ਉਨ੍ਹਾਂ ਜੋਰ ਦੇਕੇ ਕਿਹਾ ਕਿ ਕਿਰਤੀਆਂ ਦੀਆਂ ਸਾਰੀਆਂ ਮੁਸ਼ਕਿਲਾਂ ਦੀ ਜੜ੍ਹ, ਲੁੱਟ-ਖਸੁੱਟ ਵਾਲੇ ਪੂੰਜੀਵਾਦੀ ਨਿਜਾਮ ਨੂੰ ਢਹਿ-ਢੇਰੀ ਕਰਕੇ ਬਾਬਾ ਗੁਰੂ ਨਾਨਕ ਅਤੇ ਲੈਨਿਨ ਮਹਾਨ ਦੀਆਂ ਸਿੱਖਿਆਵਾਂ ਅਨੁਸਾਰ ਸਾਂਝੀਵਾਲਤਾ ਵਾਲਾ ਸਮਾਜ ਸਿਰਜ ਕੇ ਹੀ ਲੋਕਾਈ ਦੇ ਦੁੱਖਾਂ-ਦਰਦਾਂ ਦਾ ਅੰਤ ਕੀਤਾ ਜਾ ਸਕਦਾ ਹੈ।
ਸਾਥੀ ਮਹੀਪਾਲ ਨੇ ਮੋਦੀ-ਸ਼ਾਹ ਸਰਕਾਰ ਦੀਆਂ ਲੋਕਾਈ ਨੂੰ ਕੰਗਾਲ ਕਰਕੇ ਧਨਾੱਢਾਂ ਦੀਆਂ ਤਿਜੌਰੀਆਂ ਭਰਨ ਵਾਲੀਆਂ ਨਿਜੀਕਰਨ ਦੀਆਂ ਨਵ ਉਦਾਰਵਾਦੀ ਨੀਤੀਆਂ ਨੂੰ ਪਲਟਾਉਣ ਦੇ ਸੰਘਰਸ਼ ਤਿੱਖੇ ਤੋਂ ਤਿਖੇਰੇ ਕਰਨ ਦਾ ਸੱਦਾ ਦਿੱਤਾ।ਉਨ੍ਹਾਂ ਕਿਹਾ ਕਿ ਰਾਸ਼ਟਰੀ ਸੋਇਮਸੇਵਕ ਸੰਘ ( ਆਰ ਐੱਸ ਐੱਸ ) ਅਤੇ ਉਸ ਦੇ ਸਹਿਯੋਗੀ ਸੰਗਠਨਾਂ ਦੇ ਖਰੂਦੀਆਂ ਵੱਲੋਂ ਮੁਸਲਮਾਨਾਂ-ਇਸਾਈਆਂ, ਔਰਤਾਂ ਅਤੇ ਦਲਿਤਾਂ ‘ਤੇ ਢਾਹੇ ਜਾ ਰਹੇ ਅਕਹਿ ਜੁਲਮ ਦੇਸ਼ ਦੀ ਏਕਤਾ-ਅਖੰਡਤਾ ਲਈ ਬਹੁਤ ਘਾਤਕ ਸਿੱਧ ਹੋਣਗੇ। ਕੇਂਦਰੀ ਆਗੂ ਨੇ ਲੋਕਰਾਜ, ਧਰਮ ਨਿਰਪੱਖਤਾ ਅਤੇ ਫੈਡਰਲਿਜ਼ਮ ਦੀ ਰਾਖੀ ਅਤੇ ਆਰ ਐਸ ਐਸ ਦੇ ਹਿੰਦੂਤਵੀ-ਮੰਨੂਵਾਦੀ ਏਜੰਡੇ ਨੂੰ ਭਾਂਜ ਦੇਣ ਦੇ ਘੋਲ ਪ੍ਰਚੰਡ ਕਰਨ ਦੀ ਅਪੀਲ ਕੀਤੀ।ਇਕੱਠ ਵੱਲੋਂ ਸਰਵ ਸੰਮਤੀ ਨਾਲ ਪਾਸ ਕੀਤੇ ਇੱਕ ਮਤੇ ਰਾਹੀਂ 6 ਦਸੰਬਰ ਨੂੰ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਦਾ ਪ੍ਰੀ ਨਿਰਵਾਣ ਦਿਵਸ ‘ਸਮਾਜਿਕ ਨਿਆਂ, ਮਨੁੱਖੀ ਤੇ ਸੰਵਿਧਾਨਕ ਅਧਿਕਾਰਾਂ ਅਤੇ ਧਰਮ ਨਿਰਪੱਤਾ ਦੀ ਰਾਖੀ ਲਈ ਜੂਝਣ ਦੇ ਪ੍ਰਣ ਦਿਵਸ‘ ਵਜੋਂ ਭਾਰੀ ਇਕੱਠ ਕਰਕੇ ਮਨਾਇਆ ਜਾਵੇਗਾ।ਇੱਕਠ ਦੀ ਪ੍ਰਧਾਨਗੀ ਜਿਲ੍ਹਾ ਪ੍ਰਧਾਨ ਸਾਥੀ ਮਿੱਠੂ ਸਿੰਘ ਘੁੱਦਾ ਅਤੇ ਤਹਿਸੀਲ ਪ੍ਰਧਾਨ ਸਾਥੀ ਦਰਸ਼ਨ ਸਿੰਘ ਫੁੱਲੋ ਮਿੱਠੀ ਨੇ ਕੀਤੀ। ਮੰਚ ‘ਤੇ ਸਾਥੀ ਸੰਪੂਰਨ ਸਿੰਘ, ਮਲਕੀਤ ਸਿੰਘ ਅਤੇ ਕੁਲਵੰਤ ਸਿੰਘ ਦਾਨ ਸਿੰਘ ਵਾਲਾ ਵੀ ਬਿਰਾਜਮਾਨ ਸਨ। ਮੰਚ ਸੰਚਾਲਨ ਸਾਥੀ ਪ੍ਰਕਾਸ਼ ਸਿੰਘ ਨੰਦਗੜ੍ਹ ਨੇ ਬਾਖੂਬੀ ਕੀਤਾ।
Share the post "ਆਰ.ਐਮ.ਪੀ.ਆਈ. ਨੇ ਇਨਕਲਾਬੀ ਜੋਸ਼ੋ-ਖਰੋਸ਼ ਨਾਲ ਮਨਾਇਆ ਅਕਤੂਬਰ ਕ੍ਰਾਂਤੀ ਦਿਹਾੜਾ"