ਮਨੀਪੁਰ ਕਾਂਡ ਦੇ ਦੋਸ਼ੀਆਂ ਨੂੰ ਫ਼ਾਂਸੀ ਦੀ ਸਜਾ ਦੇਣ ਦੀ ਕੀਤੀ ਮੰਗ
ਪੰਜਾਬੀ ਖ਼ਬਰਸਾਰ ਬਿਉਰੋ
ਸ਼੍ਰੀ ਅੰਮ੍ਰਿਤਸਰ ਸਾਹਿਬ, 22 ਜੁਲਾਈ: ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਦੇ ਪ੍ਰਧਾਨ ਬੀਬੀ ਹਰਗੋਬਿੰਦ ਕੌਰ ਪ੍ਰਧਾਨ ਬਣਨ ਤੋਂ ਬਾਅਦ ਪਹਿਲੀ ਵਾਰ ਸੱਚਖੰਡ ਸ੍ਰੀ ਹਰਿਮੰਦਿਰ ਸਾਹਿਬ ਨਤਮਸਤਕ ਹੋਣ ਆਏ। ਇਸ ਦੌਰਾਨ ਉਹਨਾਂ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਤੇ ਖਾਲਸਾ ਪੰਥ, ਪੰਜਾਬ ਤੇ ਪਾਰਟੀ ਦੀ ਬੇਹਤਰੀ ਤੇ ਚੜ੍ਹਦੀਕਲਾ ਵਾਸਤੇ ਅਰਦਾਸ ਕੀਤੀ। ਨਤਮਸਤਕ ਹੋਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਬੀ ਹਰਗੋਬਿੰਦ ਕੌਰ ਨੇ ਸਰਕਾਰ ਤੇ ਮਣੀਪੁਰ ਦੇ ਮੁੱਖ ਮੰਤਰੀ ਦੇ ਨਾਲ-ਨਾਲ ਕੇਂਦਰੀ ਗ੍ਰਹਿ ਮੰਤਰੀ ਵੱਲੋਂ ਮਣੀਪੁਰ ਵਿਚ ਵਾਪਰ ਰਹੀਆਂ ਘਟਨਾਵਾਂ ਨੂੰ ਮੂਕ ਦਰਸ਼ਕ ਬਣ ਕੇ ਵੇਖਣ ਤੇ ਘਿਨੌਣਾ ਅਪਰਾਧ ਹੋਣ ਤੋਂ ਬਾਅਦ ਮਹੀਨਿਆਂ ਬੱਧੀ ਚੁੱਪ ਬੈਠਣ ਲਈ ਨਿਖੇਧੀ ਕੀਤੀ। ਉਨ੍ਹਾਂ ਮੰਗ ਕੀਤੀ ਕਿ ਮਣੀਪੁਰ ਵਿਚ ਬੇਸਹਾਰਾ ਕੁੜੀਆਂ ਦੀ ਬੇਪਤੀ ਕਰਨ ਵਾਲੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਮਿਲਣੀ ਚਾਹੀਦੀ ਹੈ ਤੇ ਕਿਹਾ ਕਿ ਦੋਸ਼ੀਆਂ ਲਈ ਫਾਂਸੀ ਦੀ ਸਜ਼ਾ ਨਾਲੋਂ ਕੁਝ ਵੀ ਘੱਟ ਦੇਸ਼ ਦੀ ਆਤਮਾ ਨੂੰ ਮਨਜ਼ੂਰ ਨਹੀਂ ਹੋਵੇਗਾ ਤੇ ਪੀੜਤਾਂ ਲਈ ਨਿਆਂ ਯਕੀਨੀ ਨਹੀਂ ਬਣਾਏਗਾ। ਉਹਨਾਂ ਨੇ ਇਸ ਘਟਨਾ ਨੂੰ ਮਨੁੱਖਤਾ ਦੇ ਖਿਲਾਫ ਬਹੁਤ ਹੀ ਦਰਦਨਾਕ ਤੇ ਬਜ਼ਰ ਗੁਨਾਹ ਕਰਾਰ ਦਿੱਤਾ।ਉਹਨਾਂ ਕਿਹਾ ਕਿ ਦਿਲ ਕੰਬਾਊ ਵੀਡੀਓ ਪ੍ਰਤੀ ਕੌਮੀ ਤੇ ਕੌਮਾਂਤਰੀ ਰੋਹ ਮਗਰੋਂ ਹੀ ਸਰਕਾਰ ਨੂੰ ਅਪਰਾਧ ਦੀ ਗੰਭੀਰਤਾ ਸਮਝ ਆਈ ਜਿਸ ਕਾਰਨ ਦੇਸ਼ ਦੀ ਕੌਮਾਂਤਰੀ ਪੱਧਰ ’ਤੇ ਬਦਨਾਮੀ ਹੋਈ।ਉਹਨਾਂ ਕਿਹਾ ਕਿ ਬੀਤੇ ਸਾਲਾਂ ਵਿਚ ਔਰਤਾਂ ਖਿਲਾਫ ਦਹਿਸ਼ਤ ਭਰੇ ਅਪਰਾਧਾਂ ਦੀਆਂ ਘਟਨਾਵਾਂ ਵਿਚ ਚੋਖਾ ਵਾਧਾ ਹੋਇਆ ਹੈ। ਉਹਨਾਂ ਕਿਹਾ ਕਿ ਇਸ ਵਧਦੀ ਬੁਰਾਈ ਨੂੰ ਨਕੇਲ ਪਾਉਣ ਵਾਸਤੇ ਕੋਈ ਕਦਮ ਨਹੀਂ ਚੁੱਕਿਆ ਗਿਆ। ਉਹਨਾਂ ਕਿਹਾ ਕਿ ਅਧਿਕਾਰੀਆਂ ਦੀ ਅਪਰਾਧਿਕ ਚੁੱਪੀ ਕਾਰਨ ਨਾ ਸਿਰਫ ਦੇਸ਼ ਭਰ ਵਿਚ ਅਣਗਿਣਤ ਪੀੜਤਾਂ ਦੀਆਂ ਮੁਸ਼ਕਿਲਾਂ ਵਧੀਆਂ ਹਨ ਬਲਕਿ ਮਾੜੇ ਅਨਸਰਾਂ ਦੇ ਹੌਂਸਲੇ ਵੀ ਵਧੇ ਹਨ। ਇਸਤਰੀ ਅਕਾਲੀ ਦਲ ਦੇ ਪ੍ਰਧਾਨ ਨੇ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਵੱਲੋਂ ਸੂਬੇ ਵਿਚ ਹੜ੍ਹਾਂ ਕਾਰਨ ਹੋਈ ਤਬਾਹੀ ਦੇ ਦੌਰ ਵਿਚ ਲੋਕਾਂ ਦੀ ਬਾਂਹ ਨਾ ਫੜਨ ਦੀ ਵੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਮੁੱਖ ਮੰਤਰੀ ਜਿਹਨਾਂ ਨੇ ਸੂਬੇ ਵਿਚ ਹਰ ਘਟਨਾ ਲਈ ਹਮੇਸ਼ਾ ਮਰਹੂਮ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਦੋਸ਼ੀ ਠਹਿਰਾਇਆ, ਨੂੰ ਸੂਬੇ ਭਰ ਵਿਚ ਹੜ੍ਹਾਂ ਨਾਲ ਹੋਈ ਵਿਆਪਕ ਤਬਾਹੀ ਦੀ ਜ਼ਿੰਮੇਵਾਰੀ ਆਪਣੇ ਸਿਰ ਲੈਣ ਦੀ ਨੈਤਿਕ ਦਲੇਰੀ ਵਿਖਾਉਣ ਦੀ ਵੀ ਚੁਣੌਤੀ ਦਿੱਤੀ। ਪੰਜਾਬ ਦੀ ਆਪ ਸਰਕਾਰ ’ਤੇ ਵਰ੍ਹਦਿਆਂ ਉਹਨਾਂ ਕਿਹਾ ਕਿ ਉਹਨਾਂ ਨੇ ਪੰਜਾਬੀਆਂ ਨਾਲ ਵੱਡੇ-ਵੱਡੇ ਵਾਅਦੇ ਕਰ ਕੇ ਉਹਨਾਂ ਨਾਲ ਧੋਖਾ ਕੀਤਾ ਤੇ ਉਹਨਾਂ ਨਾਲ ਕੀਤੇ ਵਾਅਦਿਆਂ ਵਿਚੋਂ ਕੋਈ ਵੀ ਪੂਰਾ ਨਹੀਂ ਕੀਤਾ ਗਿਆ। ਉਹਨਾਂ ਕਿਹਾਕਿ ਔਰਤਾਂ ਉਹਨਾਂ ਨਾਲ ਕੀਤੇ ਗਏ 1000 ਰੁਪਏ ਪ੍ਰਤੀ ਮਹੀਨਾ ਦੀ ਉਡੀਕ ਕਰ ਰਹੀਆਂ ਹਨ। ਉਹਨਾਂ ਨੇ ਮੁੱਖ ਮੰਤਰੀ ਨੂੰ ਆਖਿਆਕਿ ਉਹ 100 ਆਮ ਆਦਮੀ ਕਲੀਨਿਕਾਂ ਵਿਚ ਡਾਕਟਰ ਨਾ ਹੋਣ ਬਾਰੇ ਵੀ ਜਵਾਬ ਦੇਣ। ਉਹਨਾਂ ਨੇ ਵਿਰਾਸਤੀ ਮਾਰਗ ’ਤੇ ਲੱਗੀਆਂ ਵੱਡੀਆਂ ਐਨ ਈ ਡੀਜ਼ ’ਤੇ ਪਵਿੱਤਰ ਗੁਰਬਾਣੀ ਤੇ ਮਹਾਨ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਨੂੰ ਹਟਾਉਣ ਤੇ ਪਬਲੀਸਿਟੀ ਦੇ ਭੁੱਖੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਤਸਵੀਰਾਂ ਲਗਾਉਣ ਨੂੰ ਵੱਡੀ ਬੇਅਦਬੀ ਕਰਾਰ ਦਿੱਤਾ। ਉਹਨਾਂ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਮੁੱਖ ਮੰਤਰੀ ਹੁਣ ਗੁਰਬਾਣੀ ਪ੍ਰਸਾਰਣ ਦੀ ਥਾਂ ਆਪਣੇ ਭਾਸ਼ਣ ਪ੍ਰਸਾਰਤ ਕਰਨਾ ਚਾਹੁੰਦੇ ਹਨ।ਉਹਨਾਂ ਨੇ ਸ੍ਰੀ ਦਰਬਾਰ ਸਾਹਿਬ ਨੂੰ ਜਾਂਦੇ ਵਿਰਾਸਤੀ ਮਾਰਗ ਨੂੰ ਅਣਡਿੱਠ ਕਰਨ ਤੇ ਉਥੇ ਰਸਤੇ ਦਾ ਮਾੜਾ ਹਾਲ ਹੋਣ ਦੀ ਵੀ ਨਿਖੇਧੀ ਕੀਤੀ। ਇਸ ਮੌਕੇ ਉਹਨਾਂ ਨੂੰ ਸ਼੍ਰੋਮਣੀ ਕਮੇਟੀ ਮੈਂਬਰਾਂ ਤੇ ਗੁਲਜ਼ਾਰ ਸਿੰਘ ਰਣੀਕੇ, ਰਵਿੰਦਰ ਸਿੰਘ ਬ੍ਰਹਮਪੁਰਾ, ਵਿਰਸਾ ਸਿੰਘ ਵਲਟੋਹਾ, ਤਲਬੀਰ ਗਿੱਲ, ਗੁਰਪ੍ਰਤਾਪ ਸਿੰਘ ਟਿੱਕਾ, ਤੇਜਿੰਦਰ ਸਿੰਘ ਮਿੱਡੂਖੇੜਾ ਤੇ ਚਰਨਜੀਤ ਸਿੰਘ ਬਰਾੜ ਸਮੇਤ ਸੀਨੀਅਰ ਅਕਾਲੀ ਆਗੂਆਂ ਨੇ ਸਿਰੋਪਾਓ ਦੇ ਕੇ ਸਨਮਾਨਤ ਕੀਤਾ। ਉਹਨਾਂ ਦੇ ਨਾਲ ਇਸਤਰੀ ਅਕਾਲੀ ਦਲ ਦੇ ਸੈਂਕੜੇ ਵਰਕਰ ਵੀ ਮੌਜੂਦ ਸਨ। ਅਕਾਲੀ ਆਗੂਆਂ ਨੇ ਦਸਿਆ ਕਿ ਇਸਤਰੀ ਅਕਾਲੀ ਦਲ ਦੇ ਪ੍ਰਧਾਨ ਭਲਕੇ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਨਤਮਸਤਕ ਹੋਣਗੇ।
Share the post "ਇਸਤਰੀ ਅਕਾਲੀ ਦਲ ਦੀ ਨਵੀਂ ਬਣੀ ਪ੍ਰਧਾਨ ਬੀਬੀ ਹਰਗੋਬਿੰਦ ਕੌਰ ਸ਼੍ਰੀ ਹਰਮਿੰਦਰ ਸਾਹਿਬ ਵਿਖੇ ਹੋਈ ਨਤਮਤਸਕ"