ਦੋ ਸਾਬਕਾ ਮੰਤਰੀਆਂ ਨਾਲ ਕਰਨਗੇ ਮੁਕਾਬਲ
ਸੁਖਜਿੰਦਰ ਮਾਨ
ਬਠਿੰਡਾ, 10 ਦਸੰਬਰ: ਉਘੇ ਪੰਜਾਬੀ ਲੋਕ ਗਾਇਕ ਬਲਕਾਰ ਸਿੱਧੂ ਨੂੰ ਆਮ ਆਦਮੀ ਪਾਰਟੀ ਨੇ ਹਲਕਾ ਰਾਮਪੁਰਾ ਫੂਲ ਤੋਂ ਅਪਣਾ ਉਮੀਦਵਾਰ ਐਲਾਨਿਆ ਹੈ। ਲੰਘੀ ਜੁਲਾਈ ਦੇ ਅਖ਼ੀਰ ਵਿਚ ਸਿੱਧੂ ਨੂੰ ਹਲਕਾ ਇੰਚਾਰਜ਼ ਐਲਾਨਣ ਤੋਂ ਬਾਅਦ ਹੀ ਉਨ੍ਹਾਂ ਨੂੰ ਉਮੀਦਵਾਰ ਬਣਾਉਣ ਦੀਆਂ ਸੰਭਾਵਨਾਵਾਂ ਬਣ ਗਈਆਂ ਸਨ। ਸਿੱਧੂ ਹੁਣ ਇਸ ਹਲਕੇ ਤੋਂ ਦੋ ਸਾਬਕਾ ਕੈਬਨਿਟ ਮੰਤਰੀਆਂ ਨਾਲ ਮੁਕਾਬਲਾ ਕਰੇਗਾ। ਇੰਨ੍ਹਾਂ ਵਿਚ ਸ਼੍ਰੋਮਣੀ ਅਕਾਲੀ ਵਲੋਂ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੂੰ ਅਪਣਾ ਉਮੀਦਵਾਰ ਐਲਾਨਿਆ ਜਾ ਚੁੱਕਾ ਹੈ ਜਦੋਂਕਿ ਕਾਂਗਰਸ ਪਾਰਟੀ ਵਲੋਂ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ੍ਹ ਦੇ ਅਗਲਾ ਉਮੀਦਵਾਰ ਹੋਣ ਬਾਰੇ ਕੋਈ ਸ਼ੱਕ ਸੁਭਾ ਨਹੀਂ ਹੈ। ਗੌਰਤਲਬ ਹੈ ਕਿ ਆਪ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਦੇ ਨੇੜਲੇ ਸਾਥੀ ਬਲਕਾਰ ਸਿੱਧੂ ਨੇ ਪਾਰਟੀ ਦੇ ਹੋਂਦ ਵਿਚ ਆਉਣ ਤੋਂ ਬਾਅਦ ਅਪਣਾ ਸਿਆਸੀ ਸਫ਼ਰ ਸ਼ੁਰੂ ਕੀਤਾ ਸੀ ਤੇ ਹਲਕਾ ਤਲਵੰਡੀ ਸਾਬੋ ਵਿਚ ਅਪਣਾ ਚੰਗਾ ਅਧਾਰ ਬਣਾਇਆ ਸੀ। ਜਿਸਦੇ ਚੱਲਦੇ ਪਾਰਟੀ ਨੇ 2014 ਵਿਚ ਇਸ ਹਲਕੇ ’ਤੇ ਹੋਈ ਉਪ ਚੋਣ ਵਿਚ ਸਿੱਧੂ ਨੂੰ ਅਪਣਾ ਉਮੀਦਵਾਰ ਐਲਾਨਿਆ ਸੀ ਪ੍ਰੰਤੂ ਤਤਕਾਲੀ ਇੱਕ ਐਮ.ਪੀ ਦੇ ਪ੍ਰਭਾਵ ਨਾਲ ਉਨ੍ਹਾਂ ਦੀ ਟਿਕਟ ਕੱਟ ਕੇ ਬਲਜਿੰਦਰ ਕੌਰ ਨੂੰ ਦਿੱਤੀ ਗਈ ਸੀ। ਜਿਸਦੇ ਚੱਲਦੇ ਉਨ੍ਹਾਂ ਤਲਵੰਡੀ ਸਾਬੋ ਹਲਕੇ ਤੋਂ ਅਜਾਦ ਚੋਣ ਲੜਕੇ ਚੰਗੀਆਂ ਵੋਟਾਂ ਹਾਸਲ ਕੀਤੀਆਂ ਸਨ। ਇਸਤੋਂ ਬਾਅਦ ਕਾਂਗਰਸ ਪਾਰਟੀ ਨੇ ਉਨ੍ਹਾਂ ਉਪਰ ਡੋਰੇ ਪਾ ਕੇ ਐਸ.ਐਸ.ਬੋਰਡ ਦਾ ਮੈਂਬਰ ਬਣਾ ਦਿੱਤਾ ਸੀ ਪ੍ਰੰਤੂ ਬਲਕਾਰ ਸਿੱਧੂ ਮੁੜ ਆਪ ’ਚ ਸ਼ਾਮਲ ਹੋ ਗਏ ਸਨ। ਸਿੱਧੂ ਦੀ ਜੱਦੀ ਰਿਹਾਇਸ਼ ਵੀ ਹਲਕਾ ਰਾਮਪੁਰਾ ਫ਼ੂਲ ਦੇ ਨਾਲ ਲੱਗਦੇ ਪਿੰਡ ਪੂਹਲਾ ਵਿਚ ਹੈ ਤੇ ਉਹ ਸਥਾਨਕ ਰਜਿੰਦਰਾ ਕਾਲਜ਼ ਵਿਚ ਪੜ੍ਹੇ ਹਨ। ਸਿੱਧੂ ਨੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਕਿ ਉਹ ਵੱਡੀ ਜਿੱਤ ਹਾਸਲ ਕਰਕੇ ਇਹ ਸੀਟ ਪਾਰਟੀ ਦੀ ਝੋਲੀ ਪਾਉਣਗੇ।