16 Views
ਸੁਖਜਿੰਦਰ ਮਾਨ
ਬਠਿੰਡਾ, 17 ਜੁਲਾਈ: ਉੱਘੇ ਵਕੀਲ ਤੇ ਬਠਿੰਡਾ ਸ਼ਹਿਰ ਦੀ ਨਾਮਵਰ ਸੰਸਥਾ ਐਸ.ਐੱਸ.ਡੀ ਸਭਾ ਦੇ ਸਾਬਕਾ ਪ੍ਰਧਾਨ ਮਨੋਹਰ ਲਾਲ ਗੁਪਤਾ ਦਾ ਬੀਤੇ ਕੱਲ੍ਹ ਦਿਹਾਂਤ ਹੋ ਗਿਆ। ਉਹ 93 ਸਾਲ ਦੇ ਸਨ ਤੇ ਚੰਡੀਗੜ੍ਹ ਸਥਿਤ ਆਪਣੇ ਬੇਟੇ ਕੋਲ ਰਹਿ ਰਹੇ ਸਨ। ਜਿੱਥੇ ਅੱਜ ਉਨ੍ਹਾਂ ਦਾ ਨਮ ਅੱਖਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਐਡਵੋਕੇਟ ਸ੍ਰੀ ਗੁਪਤਾ ਦੇ ਦਿਹਾਂਤ ਉਪਰ ਜਿੱਥੇ ਪਰਵਾਰ ਨੂੰ ਵੱਡਾ ਘਾਟਾ ਪਿਆ ਹੈ, ਉਥੇ ਉਨ੍ਹਾਂ ਨੂੰ ਚਾਹੁਣ ਵਾਲਿਆਂ ਨੂੰ ਵੀ ਸਦਮਾ ਲੱਗਿਆ ਹੈ। ਉਨ੍ਹਾਂ ਦੇ ਦਿਹਾਂਤ ਉਪਰ ਜਿੱਥੇ ਮਾਲਵਾ ਦੀ ਸਭ ਤੋਂ ਵੱਡੀ ਬਾਰ ਐਸੋਸੀਏਸ਼ਨ ਵਜੋਂ ਸ਼ੁਮਾਰ ਬਠਿੰਡਾ ਬਾਰ ਐਸੋਸੀਏਸ਼ਨ ਵੱਲੋਂ ਸੋਗ ਪ੍ਰਗਟ ਕਰਦਿਆਂ ਪੂਰੇ ਦਿਨ ਲਈ ਵਰਕ ਸਸਪੈਂਡ ਰੱਖਿਆ ਗਿਆ, ਉਥੇ ਇਲਾਕੇ ਦੀ ਉੱਘੀ ਧਾਰਮਿਕ ਤੇ ਵਿਦਿਅਕ ਸੰਸਥਾ ਵਜੋਂ ਜਾਣੀ ਜਾਂਦੀ ਐਸ.ਐੱਸ.ਡੀ ਸਭਾ ਬਠਿੰਡਾ ਦੀਆਂ ਸਮੂਹ ਸਿਖਿਆ ਸੰਸਥਾਵਾਂ ਸੋਗ ਵੱਜੋਂ ਬੰਦ ਰਹੀਆਂ। ਸਭਾ ਦੀ ਇਕ ਵਿਸ਼ੇਸ਼ ਮੀਟਿੰਗ ਵੀ ਐਡਵੋਕੇਟ ਸ੍ਰੀ ਅਭੈ ਸਿੰਗਲਾ ਦੀ ਪ੍ਰਧਾਨਗੀ ਵਿਚ ਹੋਈ ਜਿਸ ਵਿਚ ਸਮੂਹ ਹਾਜ਼ਰ ਮੈਂਬਰਾਂ ਵਲੋਂ ਸ੍ਰੀ ਮਨੋਹਰ ਲਾਲ ਗੁਪਤਾ, ਸਾਬਕਾ ਪ੍ਰਧਾਨ ਐੱਸ.ਐੱਸ.ਡੀ ਸਭਾ ਦੀ ਅਚਾਨਕ ਮੌਤ ਤੇ ਦੁਖ ਦਾ ਪ੍ਰਗਵਾਟਾ ਕੀਤਾ ਗਿਆ ਅਤੇ ਉਨਾਂ ਦੀ ਵਿਛੜੀ ਰੂਹ ਦੀ ਸ਼ਾਤੀ ਹਿਤ 2 ਮਿੰਟ ਦਾ ਮੌਨ ਰੱਖ ਕੇ ਸ਼ਰਧਾਜਲੀ ਦਿਤੀ ਗਈ। ਇਸ ਮੌਕੇ ਅਭੈ ਸਿੰਗਲਾ ਨੇ ਸਮੂਹ ਹਾਜਰ ਮੈਂਬਰਾਂ ਨੂੰ ਸਬੋਧਤ ਕਰਦੇ ਦੱਸਿਆ ਕਿ ਐਡਵੋਕੇਟ ਸ੍ਰੀ ਮਨੋਹਰ ਲਾਲ ਗੁਪਤਾ ਤਕਰੀਬਨ 39 ਸਾਲ ਐਸ.ਐਸ.ਡੀ. ਸਭਾ ਦੇ ਪ੍ਰਧਾਨ ਰਹੇ ਅਤੇ ਉਨਾਂ ਸਭਾ ਨੂੰ ਅਪਣੇ ਸਮੇਂ ਵਿਚ ਬੁਲੰਦੀ ‘ਤੇ ਪਹੁੰਚਾਇਆ। ਇਸ ਸਮੇਂ ਸ੍ਰੀ ਕੇ.ਕੇ.ਅੱਗਰਵਾਲ ਵਾਈਸ ਪ੍ਰਧਾਨ, ਐਡਵੋਕੇਟ ਸ੍ਰੀ ਅਨਿਲ ਗੁਪਤਾ ਜਰਨਲ ਸਕੱਤਰ, ਸ੍ਰੀ ਸੁਰੇਸ਼ ਬਾਂਸਲ ਵਿੱਤ ਸਕੱਤਰ, ਸ੍ਰੀ ਭੂਸ਼ਨ ਮਾਲਵਾ ਪ੍ਰਬੰਧਕੀ ਸੱਕਤਰ, ਐਡਵੋਕੇਟ ਸ੍ਰੀ ਮਿੱਠੂ ਰਾਮ ਗੁਪਤਾ ਅਡੀਸ਼ਨਲ ਵਾਈਸ ਪ੍ਰਧਾਨ, ਸ੍ਰੀ ਸਜੀਵ ਗੁਪਤਾ ਅਡੀਸ਼ਨਲ ਸਕੱਤਰ ਤੇ ਸੁਪਰਡੈਂਟ ਸੁਰਿੰਦਰ ਕੁਮਾਰ ਆਦਿ ਹਾਜਰ ਸਨ।
Share the post "ਉੱਘੇ ਵਕੀਲ ਤੇ ਐਸ.ਐੱਸ.ਡੀ ਸਭਾ ਬਠਿੰਡਾ ਦੇ ਸਾਬਕਾ ਪ੍ਰਧਾਨ ਮਨੋਹਰ ਲਾਲ ਗੁਪਤਾ ਨਹੀਂ ਰਹੇ "