ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 16 ਮਾਰਚ: ਸਟੂਡੈਂਟਸ ਆਰਗੇਨਾਈਜੇਸ਼ਨ ਆਫ ਇੰਡੀਆ (ਐਸ ਓ ਆਈ) ਜੋ ਸ਼੍ਰੋਮਣੀ ਅਕਾਲੀ ਦਲ ਦਾ ਵਿਦਿਆਰਥੀ ਵਿੰਗ ਹੈ, ਵੱਲੋਂ 24 ਮਾਰਚ ਤੋਂ ਸੂਬੇ ਭਰ ਵਿਚ ਇਕ ਵਿਸ਼ੇਸ਼ ਸਮਾਜਿਕ ਤੇ ਸਿਆਸੀ ਜਾਗਰੂਕਤਾ ਪ੍ਰੋਗਰਾਮ ਸ਼ੁਰੂ ਕੀਤਾ ਜਾਵੇਗਾ ਜਿਸ ਦੌਰਾਨ ਅਨੇਕਾਂ ਸਮਾਜਿਕ ਪਹਿਲਕਦਮੀਆਂ ਸ਼ੁਰੂ ਕਰਦਿਆਂ ਨੌਜਵਾਨਾਂ ਨੂੰ ਉਹਨਾਂ ਦੇ ਹੱਕਾਂ ਤੋਂ ਜਾਣੂ ਕਰਵਾਇਆ ਜਾਵੇਗਾ।ਇਸ ਬਾਰੇ ਫੈਸਲਾ ਅੱਜ ਐਸ ਓ ਆਈ ਦੇ ਕੋਆਰਡੀਨੇਟਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਲਿਆ ਗਿਆ।ਵੇਰਵੇ ਸਾਂਝੇ ਕਰਦਿਆਂ ਸਰਦਾਰ ਰਾਜੂ ਖੰਨਾ ਨੇ ਦੱਸਿਆ ਕਿ ਸਮਾਜਿਕ ਪਹਿਲਕਦਮੀਆਂ ਵਿਚ ’ਮੇਰੀ ਦਸਤਾਰ ਮੇਰੀ ਸ਼ਾਮਨ’ ਪ੍ਰੋਗਰਾਮ ਵੀ ਸ਼ਾਮਲ ਹੋਵੇਗਾ ਜੋ ਇਕ ਦਸਤਾਰਬੰਦੀ ਪ੍ਰੋਗਰਾਮ ਹੈ ਅਤੇ ਇਸ ਤੋਂ ਇਲਾਵਾ ਖੂਨਦਾਨ ਕੈਂਪ ਤੇ ਰੁੱਖ ਲਾਓ ਮੁਹਿੰਮ ਵੀ ਵਿੱਢੀ ਜਾਵੇਗੀ। ਉਹਨਾਂ ਕਿਹਾ ਕਿ ਇਸਦੇ ਨਾਲ ਹੀ ’ਨੌਜਵਾਨ ਮਿਲਣੀ’ ਕਰਵਾਈ ਜਾਵੇਗੀ ਜਿਸ ਵਿਚ ਨੌਜਵਾਨਾਂ ਨੂੰ ਉਹਨਾਂ ਦੇ ਹੱਕਾਂ ਤੋਂ ਜਾਣੂ ਕਰਵਾਇਆ ਜਾਵੇਗਾ। ਉਹਨਾਂ ਕਿਹਾ ਕਿ ਨੌਜਵਾਨਾਂ ਵਿਚ ਬਹੁਤ ਰੋਸ ਹੈ ਕਿਉਂਕਿ ਉਹ ਮਹਿਸੂਸ ਕਰਦੇ ਹਨ ਕਿ ਉਹਨਾਂ ਲਈ ਨਵੀਂ ਸ਼ੁਰੂਆਤ ਦੇ ਮੌਕੇ ਨਹੀਂ ਹਨ। ਉਹਨਾਂ ਕਿਹਾ ਕਿ ਇਸ ਕਾਰਨ ਹੀ ਨੌਜਵਾਨ ਵਿਦੇਸ਼ਾਂ ਵਿਚ ਜਾ ਰਹੇ ਹਨ। ਉਹਨਾਂ ਕਿਹਾ ਕਿ ਨੌਜਵਾਨ ਮਿਲਣੀਆਂ ਪ੍ਰੋਗਰਾਮ ਸਦਕਾ ਨੌਜਵਾਨ ਆਮ ਆਦਮੀ ਸਰਕਾਰ ਤੋਂ ਆਪਣੇ ਹੱਕਾਂ ’ਤੇ ਸਵਾਲ ਪੁੱਛ ਸਕਣਗੇ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਦਰਪੇਸ਼ ਮੁਸ਼ਕਿਲਾਂ ਵੀ ਹੱਲ ਕੀਤੀਆਂ ਜਾਣਗੀਆਂ।ਐਸ ਓ ਆਈ ਦੇ ਕੋਆਰਡੀਨੇਟਰ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਸਰਕਾਰ ਨੌਜਵਾਨਾਂ ਵਾਸਤੇ ਕੁਝ ਨਹੀਂ ਕਰ ਰਹੀ। ਉਹਨਾਂ ਕਿਹਾ ਕਿ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਨੌਜਵਾਨਾਂ ਨੂੰ ਸਪੋਰਟਸ ਕਿੱਟਾਂ ਪ੍ਰਦਾਨ ਕੀਤੀਆਂ ਗਈਆਂ ਸਨ। ਅਸੀਂ ਓਪਨ ਜਿੰਮ ਵੀ ਅਨੇਕਾਂ ਥਾਵਾਂ ’ਤੇ ਖੋਲ੍ਹੇ ਸਨ ਤੇ ਖੇਡਾਂ ਦਾ ਬੁਨਿਆਦੀ ਢਾਂਚਾ ਸਿਰਜਿਆ ਸੀ।ਉਹਨਾਂ ਕਿਹਾ ਕਿ ਐਸ ਓ ਆਈ ਦੇ ਕੋਆਰਡੀਨੇਟਰ ਉਹ ਸਾਰੀ ਜਾਣਕਾਰੀ ਇਕੱਤਰ ਕਰਨਗੇ ਕਿ ਕਿਥੇ ਨੌਜਵਾਨਾਂ ਨੂੰ ਨਵੀਂਆਂ ਸਹੂਲਤਾਂ ਤੇ ਕੰਮ ਦੀ ਜ਼ਰੂਰਤ ਹੈ ਤੇ ਉਹਨਾਂ ਦੀਆਂ ਸਾਰੀਆਂ ਲੋੜਾਂ ਪੂਰੀਆਂ ਕੀਤੀਆਂ ਜਾਣਗੀਆਂ।ਇਸ ਮੌਕੇ ਸੀਨੀਅਰ ਯੂਥ ਆਗੂ ਚੇਤਨ ਸ਼ਰਮਾ, ਰਣਬੀਰ ਸਿੰਘ ਰਾਣਾ, ਅਕਾਲਮੂਰਤ ਸਿੰਘ, ਮਾਧਵ ਸ਼ਰਮਾ, ਸੌਰਭ ਰਾਏ, ਜਸ਼ਲਪ੍ਰੀਤ ਮਲੌਰ, ਗੌਤਮ ਸਹੋਤਾ ਤੇ ਅਰਪਿਤ ਮੱਕੜ ਵੀ ਮੀਟਿੰਗ ਵਿਚ ਹਾਜ਼ਰ ਸਨ।
Share the post "ਐਸ ਓ ਆਈ 24 ਮਾਰਚ ਤੋਂ ਵਿਸ਼ੇਸ਼ ਸਮਾਜਿਕ ਤੇ ਸਿਆਸੀ ਜਾਗਰੂਕਤਾ ਪ੍ਰੋਗਰਾਮ ਸ਼ੁਰੂ ਕਰੇਗੀ: ਗੁਰਪ੍ਰੀਤ ਸਿੰਘ ਰਾਜੂ ਖੰਨਾ"