ਸੁਖਜਿੰਦਰ ਮਾਨ
ਬਠਿੰਡਾ, 6 ਦਸੰਬਰ: ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਬਠਿੰਡਾ ਸ਼ਹਿਰ ਦੇ ਇੱਕ ਵੱਡੇ ਕਾਂਗਰਸੀ ਆਗੂ ਨੇ ਹਲਕੇ ’ਤੇ ਅਪਣੀ ਦਾਅਵੇਦਾਰੀ ਠੋਕ ਦਿੱਤੀ ਹੈ। ਪਿਛਲੇ ਲੰਮੇ ਸਮੇਂ ਤੋਂ ਵਿਧਾਨ ਸਭਾ ਚੋਣ ਲੜਣ ਲਈ ਤਤਪਰ ਰਹਿਣ ਵਾਲੇ ਇਸ ਆਗੂ ਦੇ ਅਚਾਨਕ ਸ਼ਹਿਰ ਵਿਚ ਹੋਰਡਿੰਗ ਤੇ ਬੋਰਡਾਂ ਦੀ ਭਰਮਾਰ ਹੋ ਗਈ ਹੈ। ਪ੍ਰੰਤੂ ਕਾਂਗਰਸ ਦੇ ਝੰਡੇ ਦੇ ਰੰਗ ਦੇ ਪਿਛੋਕੜ ਵਾਲੀਆਂ ਇੰਨ੍ਹਾਂ ਹੋਰਡਿੰਗਾਂ ’ਤੇ ਕਾਂਗਰਸ ਦੇ ਕਿਸੇ ਹੋਰ ਆਗੂਆਂ ਦੀਆਂ ਫ਼ੋਟੋਆਂ ਨਾ ਹੋਣ ਕਾਰਨ ਕਈ ਤਰ੍ਹਾਂ ਦੇ ਸਿਆਸੀ ਚਰਚੇ ਸ਼ੁਰੂ ਹੋ ਗਏ ਹਨ। ਹਾਲਾਂਕਿ ਇਸ ਸਬੰਧ ਵਿਚ ਸੰਪਰਕ ਕਰਨ ‘ਤੇ ਟਿੱਪਣੀ ਕਰਦਿਆਂ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਰਾਜ ਨੰਬਰਦਾਰ ਨੇ ਦਾਅਵਾ ਕੀਤਾ ਕਿ ਉਹ ਬਠਿੰਡਾ ਸ਼ਹਿਰੀ ਹਲਕੇ ਤੋਂ ਚੋਣ ਜਰੂਰ ਲੜਣਗੇ ਪ੍ਰੰਤੂ ਵਿਸਥਾਰ ਵਿਚ ਖ਼ੁਲਾਸਾ ਆਉਣ ਵਾਲੇ ਸਮੇਂ ਵਿਚ ਕਰਨਗੇ। ਦਸਣਾ ਬਣਦਾ ਹੈ ਕਿ ਇਲਾਕੇ ਦੇ ਨਾਮਵਾਰ ਪ੍ਰਵਾਰ ਮੰਨਿਆ ਜਾਣ ਵਾਲਾ ਨੰਬਰਦਾਰ ਪ੍ਰਵਾਰ 1928 ਤੋਂ ਕਾਂਗਰਸ ਨਾਲ ਜੁੜਿਆ ਚੱਲਿਆ ਆ ਰਿਹਾ ਹੈ। ਰਾਜ ਨੰਬਰਦਾਰ ਦੇ ਦਾਅਵੇ ਮੁਤਾਬਕ ਸਭ ਤੋਂ ਪਹਿਲਾਂ 1928 ਵਿਚ ਉਸਦੇ ਦਾਦਾ ਸੇਠ ਮਿਲਖ਼ੀ ਰਾਮ ਨੇ ਕਾਂਗਰਸ ਦਾ ਝੰਡਾ ਚੁੱਕਿਆ ਸੀ ਤੇ ਬਾਅਦ ਵਿਚ ਉਸਦੇ ਪਿਤਾ ਦੇਵ ਰਾਜ ਨੰਬਰਦਾਰ ਨੇ 1985 ਦੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਪਾਰਟੀ ਵਲੋਂ ਬਠਿੰਡਾ ਹਲਕੇ ਤੋਂ ਚੋਣ ਲੜੀ ਸੀ ਪ੍ਰੰਤੂ ਬਹੁਤ ਘੱਟ ਵੋਟਾਂ ਨਾਲ ਹਾਰ ਗਏ ਸਨ। ਮੌਜੂਦਾ ਸਮੇਂ ਰਾਜ ਨੰਬਰਦਾਰ ਖ਼ੁਦ ਪੰਜਾਬ ਕਾਂਗਰਸ ਦੇ ਵੱਡੇ ਆਗੂ ਹਨ ਤੇ ਉਨ੍ਹਾਂ ਦਾ ਪੁੱਤਰ ਵਿੱਕੀ ਨੰਬਰਦਾਰ ਸਥਾਨਕ ਨਗਰ ਨਿਗਮ ਦਾ ਵਾਰਡ ਨੰਬਰ 14 ਤੋਂ ਕੋਂਸਲਰ ਹੈ। ਇੱਥੇ ਦਸਣਾ ਬਣਦਾ ਹੈ ਕਿ ਅਗਰਵਾਲ ਭਾਈਚਾਰੇ ਨਾਲ ਸਬੰਧਤ ਰਾਜ ਨੰਬਰਦਾਰ ਦੀ ਕਾਂਗਰਸ ਤੋਂ ਬਾਗੀ ਹੋਏ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨਾਲ ਚੰਗੀ ਨੇੜਤਾ ਹੈ। ਉਨ੍ਹਾਂ ਪਿਛਲੀਆਂ ਤੇ ਉਸਤੋਂ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਵੀ ਬਠਿੰਡਾ ਹਲਕੇ ਤੋਂ ਟਿਕਟ ਦੀ ਮੰਗ ਕੀਤੀ ਸੀ ਪ੍ਰੰਤੂ ਪਹਿਲਾਂ ਸਾਬਕਾ ਮੰਤਰੀ ਹਰਮਿੰਦਰ ਸਿੰਘ ਜੱਸੀ ਤੇ ਮੁੜ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਟਿਕਟ ਲੈਣ ਵਿਚ ਕਾਮਯਾਬ ਰਹੇ। ਅਜਿਹੇ ਹਾਲਾਤ ’ਚ ਹੁਣ ਜਦ ਵਿਧਾਨ ਸਭਾ ਚੋਣਾਂ ਵਿਚ ਕਾਫ਼ੀ ਥੋੜਾ ਸਮਾਂ ਬਾਕੀ ਰਹਿ ਗਿਆ ਹੈ ਤੇ ਅਚਾਨਕ ਸ਼੍ਰੀ ਨੰਬਰਦਾਰ ਦੇ ਅਚਾਨਕ ਸਰਗਰਮ ਹੋਣ ਨਾਲ ਸ਼ਹਿਰ ਵਿਚ ਕਈ ਤਰ੍ਹਾਂ ਦੀਆਂ ਕਿਆਸਅਰਾਈਆਂ ਸ਼ੁਰੂ ਹੋ ਗਈਆਂ ਹਨ। ਸਿਆਸੀ ਮਾਹਰਾਂ ਮੁਤਾਬਕ ਜੇਕਰ ਨੰਬਰਦਾਰ ਕਾਂਗਰਸ ਨੂੰ ਛੱਡ ਕਿਸੇ ਹੋਰ ਪਾਰਟੀ ਤੋਂ ਵੀ ਉਮੀਦਵਾਰ ਬਣਦੇ ਹਨ ਤਾਂ ਕਾਂਗਰਸ ਦੇ ਅਧਿਕਾਰਤ ਉਮੀਦਵਾਰ ਨੂੰ ਇਸਦਾ ਨੁਕਸਾਨ ਹੋ ਸਕਦਾ ਹੈ ਕਿਉਂਕਿ ਕਾਂਗਰਸ ਦੀ ਮੰਨੀ ਜਾਣ ਵਾਲੀ ਹਿੰਦੂ ਵੋਟ ਉਪਰ ਉਕਤ ਆਗੂ ਦਾ ਕਾਫ਼ੀ ਪ੍ਰਭਾਵ ਹੈ। ਉਧਰ ਸੰਪਰਕ ਕਰਨ ’ਤੇ ਰਾਜ ਨੰਬਰਦਾਰ ਨੇ ਮੰਨਿਆ ਕਿ ਉਹ ਆਗਾਮੀ ਵਿਧਾਨ ਸਭਾ ਚੋਣਾਂ ਲਈ ਮਜਬੂਤ ਉਮੀਦਵਾਰ ਹਨ, ਜਿਸਦੇ ਚੱਲਦੇ ਉਨ੍ਹਾਂ ਵਲੋਂ ਸ਼ਹਿਰ ਵਿਚ 500 ਦੇ ਕਰੀਬ ਹੋਰਡਿੰਗ ਲਗਾਏ ਹਨ। ਉਨ੍ਹਾਂ ਕਾਂਗਰਸ ਜਾਂ ਕਿਸੇ ਹੋਰ ਪਾਰਟੀ ਤੋਂ ਉਮੀਦਵਾਰ ਬਣਨ ਸਬੰਧੀ ਪੁੱਛੇ ਜਾਣ ’ਤੇ ਕਿਹਾ ਕਿ ਜਲਦੀ ਹੀ ਸਭ ਕੁੱਝ ਕਲੀਅਰ ਹੋ ਜਾਵੇਗਾ, ਕਿਉਂਕਿ ਟਕਸਾਲੀ ਕਾਂਗਰਸੀ ਹੋਣ ਕਾਰਨ ਉਨ੍ਹਾਂ ਦਾ ਇਸ ਹਲਕੇ ਤੋਂ ਹੱਕ ਬਣਦਾ ਹੈ। ਇਸਦੇ ਇਲਾਵਾ ਰਾਜ ਨੰਬਰਦਾਰ ਨੇ ਇਹ ਵੀ ਐਲਾਨ ਕੀਤਾ ਕਿ ਜੇਕਰ ਸ਼ਹਿਰ ਦੇ ਲੋਕ ਉਨ੍ਹਾਂ ਨੂੰ ਚੁਣਦੇ ਹਨ ਤਾਂ ਉਹ ਵਿਧਾਇਕ ਵਜੋਂ ਸਿਰਫ਼ ਇੱਕ ਰੁਪਇਆ ਤਨਖ਼ਾਹ ਲੈਣਗੇ ਅਤੇ ਨਾ ਹੀ ਸਰਕਾਰੀ ਗੱਡੀ ਤੇ ਕੋਈ ਹੋਰ ਸਹੂਲਤ ਲੈਣਗੇ। ਇੱਥੇ ਦਸਣਾ ਬਣਦਾ ਹੈ ਕਿ ਉਕਤ ਆਗੂ ਦੇ ਕੋਂਸਲਰ ਪੁੱਤਰ ਵਿੱਕੀ ਨੰਬਰਦਾਰ ਵਲੋਂ ਵੀ ਬਤੌਰ ਕੋਂਸਲਰ ਮਿਲਦੀ ਤਨਖ਼ਾਹ ਅਪਣੇ ਵਾਰਡ ਵਿਚ ਪੈਂਦੇ ਗੁਰਦੂਆਰਾ ਭਾਈ ਮਤੀ ਦਾਸ ਨਗਰ, ਗੁਰਦੂਆਰਾ ਸ਼੍ਰੀ ਜੀਵਨ ਪ੍ਰਕਾਸ਼ ਮਾਡਲ ਟਾਊਨ ਤੇ ਦੁਰਗਾ ਮੰਦਰ ਮਾਡਲ ਟਾਊਨ ’ਚ ਹਰ ਮਹੀਨੇ ਬਰਾਬਰ ਵੰਡੀ ਜਾਂਦੀ ਹੈ।
ਕਾਂਗਰਸੀ ਆਗੂ ਰਾਜ ਨੰਬਰਦਾਰ ਨੇ ਠੋਕੀ ਬਠਿੰਡਾ ਸ਼ਹਿਰੀ ਹਲਕੇ ’ਤੇ ਦਾਅਵੇਦਾਰੀ
15 Views