ਮਨੀਸ਼ ਤਿਵਾੜੀ ਨੇ ਪਾਰਟੀ ਦੇ ਫੈਸਲੇ ’ਤੇ ਚੁੱਕੇ ਸਵਾਲ
ਭਲਕੇ ਤੱਕ ਕਈ ਹੋਰ ਬਾਗੀ ਆਗੂਆਂ ’ਤੇ ਕਾਰਵਾਈ ਹੋਣ ਦੀ ਸੰਭਾਵਨਾ
ਸੁਖਜਿੰਦਰ ਮਾਨ
ਬਠਿੰਡਾ, 17 ਫ਼ਰਵਰੀ: ਵਿਧਾਨ ਸਭਾ ਚੋਣਾਂ ਤੋਂ ਮਹਿਜ਼ ਤਿੰਨ ਦਿਨ ਪਹਿਲਾਂ ਟਿਕਟ ਨਾ ਮਿਲਣ ਕਾਰਨ ਨਰਾਜ਼ ਚੱਲ ਰਹੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਨੂੰ ਕਾਂਗਰਸ ਨੇ ਪਾਰਟੀ ਵਿੱਚੋਂ ਕੱਢ ਦਿੱਤਾ ਹੈ। ਉਨ੍ਹਾਂ ਵਿਰੁਧ ਕਾਰਵਾਈ ਦੀ ਜਾਣਕਾਰੀ ਦਿੰਦਿਆਂ ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਨੇ ਦਸਿਆ ਕਿ ਅਨੁਸ਼ਾਸਨ ਦੀ ਉਲੰਘਣਾ ਕਰਨ ਕਰਕੇ ਉਨ੍ਹਾਂ ਨੂੰ ਪਾਰਟੀ ਵਿੱਚੋਂ ਕੱਢਿਆ ਗਿਆ ਹੈ। ਦਸਣਾ ਬਣਦਾ ਹੈ ਕਿ ਦੋ ਦਿਨ ਪਹਿਲਾਂ ਇਲਾਕੇ ’ਚ ਕਾਂਗਰਸ ਦੀ ਕੌਮੀ ਆਗੂ ਪਿ੍ਰਅੰਕਾ ਗਾਂਧੀ ਦੀ ਰੈਲੀ ਵਿਚ ਕੇਵਲ ਸਿੰਘ ਢਿੱਲੋਂ ਗੈਰ ਹਾਜ਼ਰ ਰਹੇ ਸਨ, ਜਿਸਦੇ ਚੱਲਦੇ ਚਰਚਾ ਸੀ ਕਿ ਉਨ੍ਹਾਂ ਵਿਰੁਧ ਕਾਰਵਾਈ ਹੋ ਸਕਦੀ ਹੈ। ਦੂਜੇ ਪਾਸੇ ਪਾਰਟੀ ਐਮ.ਪੀ ਤੇ ਸੀਨੀਅਰ ਆਗੂ ਮਨੀਸ਼ ਤਿਵਾੜੀ ਨੇ ਪਾਰਟੀ ਦੇ ਇਸ ਫੈਸਲੇ ’ਤੇ ਸਵਾਲ ਚੁੱਕੇ ਹਨ। ਇੱਕ ਟਵੀਟ ਰਾਹੀਂ ਉਨ੍ਹਾਂ ਕਿਹਾ ਕਿ ਜਦ 1980ਵਾਂ ਦੇ ਦਹਾਕਿਆਂ ਵਿਚ ਕਾਂਗਰਸ ਦਾ ਕੋਈ ਝੰਡਾ ਚੁੱਕਣ ਲਈ ਤਿਆਰ ਨਹੀਂ ਸੀ ਤਦ ਕੇਵਲ ਸਿੰਘ ਢਿੱਲੋਂ ਨੇ ਪਾਰਟੀ ਲਈ ਅੱਗੇ ਹੋ ਕੰਮ ਕਰਨਾ ਸ਼ੁਰੂ ਕੀਤਾ ਸੀ। ਗੌਰਤਲਬ ਹੈ ਕਿ ਇੰਨ੍ਹਾਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੇ ਕਈ ਬਾਗੀ ਉਮੀਦਵਾਰ ਚੋਣ ਮੈਦਾਨ ਵਿਚ ਨਿੱਤਰੇ ਹੋਏ ਹਨ। ਜਿੰਨ੍ਹਾਂ ਵਿਚ ਮੁੱਖ ਮੰਤਰੀ ਚੰਨੀ ਦੇ ਭਰਾ ਡਾ ਮਨਮੋਹਨ ਸਿੰਘ ਚੰਨੀ ਵੀ ਸ਼ਾਮਲ ਹਨ। ਇਸੇ ਤਰ੍ਹਾਂ ਟਿਕਟਾਂ ਨਾ ਮਿਲਣ ਕਾਰਨ ਕਈ ਸਾਬਕਾ ਮੰਤਰੀ ਤੇ ਵਿਧਾਇਕਾਂ ਨੇ ਵੀ ਬਗਾਵਤ ਦਾ ਰਾਹ ਅਪਣਾਇਆ ਹੋਇਆ ਹੈ, ਜਿਸਦੇ ਚੱਲਦੇ ਭਲਕ ਤੱਕ ਕੁੱਝ ਹੋਰ ਆਗੂਆਂ ਵਿਰੂਧ ਵੀ ਕਾਰਵਾਈ ਹੌਣ ਦੀ ਸੰਭਾਵਨਾ ਹੈ।
ਕਾਂਗਰਸ ਨੇ ਕੇਵਲ ਢਿੱਲੋਂ ਨੂੰ ਕਾਂਗਰਸ ਵਿਚ ਕੱਢਿਆ
11 Views