ਮਨਪ੍ਰੀਤ ਬਾਦਲ ਤੇ ਵੜਿੰਗ ਸਮਰਥਕਾਂ ਵਿਚਕਾਰ ਹੋਈ ਤੂੰ-ਤੂੰ, ਮੈਂ-ਮੈਂ
ਸੁਖਜਿੰਦਰ ਮਾਨ
ਬਠਿੰਡਾ, 17 ਮਈ: ਪਿਛਲੀਆਂ ਵਿਧਾਨ ਸਭਾ ਚੋਣਾਂ ’ਚ ਬਠਿੰਡਾ ਸ਼ਹਿਰੀ ਹਲਕੇ ਤੋਂ ਬੁਰੀ ਤਰ੍ਹਾਂ ਹਾਰਨ ਵਾਲੀ ਕਾਂਗਰਸ ਪਾਰਟੀ ਦੇ ਆਗੂਆਂ ਨੇ ਹਾਲੇ ਤੱਕ ਜਨਤਾ ਦੇ ਗੁੱਸੇ ਦਾ ਸਬਕ ਨਹੀਂ ਸਿੱਖਿਆ ਲੱਗਦਾ ਹੈ। ਇਸਦਾ ਅੰਦਾਜ਼ਾ ਅੱਜ ਪਾਰਟੀ ਹਾਈਕਮਾਂਡ ਵਲੋਂ ਥਾਪੇ ਜਿਲ੍ਹਾ ਚੋਣ ਅਫਸਰ ਓਮ ਪ੍ਰਕਾਸ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ ਕਾਂਗਰਸੀਆਂ ਵਿਚਕਾਰ ਹੋਏ ਜਬਰਦਸਤ ਹੰਗਾਮੇ ਨੂੰ ਦੇਖ ਕੇ ਲੱਗਦਾ ਹੈ। ਸਥਾਨਕ ਕਾਂਗਰਸ ਭਵਨ ’ਚ ਹੋਈ ਇਸ ਮੀਟਿੰਗ ਦੀ ਸੁਰੂਆਤ ਦੇ ਕੁੱਝ ਸਮੇਂ ਬਾਅਦ ਹੀ ਸੀਨੀਅਰ ਡਿਪਟੀ ਮੇਅਰ ਅਸੋਕ ਪ੍ਰਧਾਨ ਨੇ ਚੋਣ ਪ੍ਰਕਿਰਿਆ ’ਤੇ ਸਵਾਲ ਉਠਾਉਣੇ ਸ਼ੁਰੂ ਕਰ ਦਿੱਤੇ। ਜਿਸਦਾ ਵਿਰੋਧ ਸੀਨੀਅਰ ਕਾਗਰਸੀ ਆਗੂ ਸੁਰਿੰਦਰ ਸਿੰਘ ਸਾਹਨੀ ਨੇ ਕਰਦਿਆਂ ਕਿਹਾ ਕਿ ਅਜਿਹਾ ਨਹੀਂ ਹੋਣਾ ਚਾਹੀਦਾ। ਉਨ੍ਹਾਂ ਦਾ ਸਾਥ ਇੱਕ ਹੋਰ ਕਾਗਰਸੀ ਆਗੂ ਦਿਆਲ ਅੋਲਖ ਨੇ ਵੀ ਦਿੱਤਾ। ਜਿਸਤੋਂ ਬਾਅਦ ਮਨਪ੍ਰੀਤ ਬਾਦਲ ਸਮਰਥਕ ਕੋਂਸਲਰ ਭੜਕ ਗਏ ਤੇ ਉਨ੍ਹਾਂ ਉੱਠ ਕੇ ਬੋਲਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਇੱਕ ਕਾਂਗਰਸੀ ਵਰਕਰ ਵਲੋਂ ਅਕਾਲੀ ਦਲ ਵਿਚੋਂ ਕਾਂਗਰਸ ਵਿਚ ਆਏ ਇੱਕ ਕੋਂਸਲਰ ਨੂੰ ਗਲਤ ਟਿੱਪਣੀ ਕਰ ਦਿੱਤੀ, ਜਿਸਤੋਂ ਬਾਅਦ ਮਾਹੌਲ ਹੋਰ ਵੀ ਭੜਕ ਉਠਿਆ। ਮਨਪ੍ਰੀਤ ਬਾਦਲ ਦੇ ਰਿਸ਼ਤੇਦਾਰ ਦੀ ਅਗਵਾਈ ਹੇਠ ਪਹਿਲਾਂ ਹੀ ਇਕਜੁਟ ਹੋ ਕੇ ਆਏ ਤਿੰਨ ਦਰਜ਼ਨ ਦੇ ਕਰੀਬ ਕੋਂਸਲਰਾਂ ਤੇ ਹੋਰਨਾਂ ਆਗੂਆਂ ਨੇ ਅਪਣੇ ਵਿਰੋਧੀਆਂ ਦੀ ਘੇਰਾਬੰਦੀ ਕਰਨੀ ਸ਼ੁਰੂ ਕਰ ਦਿੱਤਾ। ਜਿਸਤੋ ਬਾਅਦ ਮਾਹੌਲ ਗਰਮਾ ਗਿਆ ਅਤੇ ਮਾਮਲਾ ਹੱਥੋਪਾਈ ਤੱਕ ਪਹੁੰਚਦਾ-ਪਹੁਚੰਦਾ ਬਚਿਆ। ਇਸ ਮੌਕੇ ਮਨਪ੍ਰੀਤ ਸਮਰਥਕਾਂ ਨੇ ਇੱਕ ਹੋਰ ਕਾਂਗਰਸੀ ਆਗੂ ਸਹਿਤ ਕੁੱਝ ਆਗੂਆਂ ’ਤੇ ਪਿਛਲੀਆਂ ਚੋਣਾਂ ਵਿਚ ਮਨਪ੍ਰੀਤ ਬਾਦਲ ਦੀ ਵਿਰੋਧਤਾ ਕਰਨ ਤੇ ਆਪ ਉਮੀਦਵਾਰ ਜਗਰੂਪ ਸਿੰਘ ਗਿੱਲ ਦੀ ਹਿਮਾਇਤ ਕਰਨ ਦੇ ਦੋਸ਼ ਲਗਾਉਣੇ ਸ਼ੁਰੂ ਕਰ ਦਿੱਤੇ। ਇਹੀਂ ਨਹੀਂ ਮਨਪ੍ਰੀਤ ਦੇ ਹੱਕ ਵਿਚ ਨਾਅਰੇਬਾਜ਼ੀ ਕਰਦਿਆਂ ਮੰਗ ਕੀਤੀ ਗਈ ਕਿ ਬਠਿੰਡਾ ’ਚ ਜ਼ਿਲ੍ਹਾ ਪ੍ਰਧਾਨ ਤੇ ਬਲਾਕ ਪ੍ਰਧਾਨਾਂ ਦੀ ਚੋਣ ਲਈ ਮਨਪ੍ਰੀਤ ਬਾਦਲ ਦੀ ਰਾਏ ਨੂੰ ਤਵੱਜੋ ਦਿੱਤੀ ਜਾਵੇ। ਗੌਰਤਲਬ ਹੈ ਕਿ ਬੀਤੇ ਕੱਲ ਹੀ ਜੈਜੀਤ ਸਿੰਘ ਜੌਹਲ ਨੇ ਰਾਜਾ ਵੜਿੰਗ ਤੇ ਭਾਰਤ ਭੂਸਣ ਆਸੂ ਵਿਰੁਧ ਟਵੀਟ ਕਰਕੇ ਕਾਫ਼ੀ ਭੜਾਸ ਕੱਢੀ ਸੀ ਤੇ ਅੱਜ ਵੜਿੰਗ ਸਮਰਥਕਾਂ ਨੂੰ ਘੇਰਿਆ ਗਿਆ। ਹਾਲਾਂਕਿ ਇਸ ਦੌਰਾਨ ਮਨਪ੍ਰੀਤ ਸਿੰਘ ਬਾਦਲ ਦੇ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਤੇ ਕੱਲ੍ਹ ਆਪਣੇ ਵੱਲੋਂ ਜਾਰੀ ਟਵੀਟ ਤੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕੀ ਇਹ ਕੋਈ ਬਗਾਵਤੀ ਸੁਰ ਨਹੀਂ ਬਲਕਿ ਇੱਕ ਸਪੱਸ਼ਟੀਕਰਨ ਹੈ ਕਿ ਜੇਕਰ ਕੋਈ ਕਿਸਦੇ ਖ਼ਿਲਾਫ਼ ਬੋਲਦਾ ਹੈ ਤਾਂ ਉਸ ਨੂੰ ਅਹੁਦੇ ਨਾਲ ਨਾ ਨਿਵਾਜਿਆ ਜਾਵੇ। ਉਧਰ ਕਾਂਗਰਸ ਭਵਨ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਂਰਗਸੀ ਆਗੂ ਸੁਰਿੰਦਰਜੀਤ ਸਾਹਨੀ ਨੇ ਸਪੱਸ਼ਟ ਤੌਰ ’ਤੇ ਅੱਜ ਦੀ ਮੀਟਿੰਗ ਵਿਚ ਖਲਲ ਪਾਉਣ ਲਈ ਜੈਜੀਤ ਜੌਹਲ ਤੇ ਉਨ੍ਹਾਂ ਦੇ ਸਮਰਥਕਾਂ ਨੂੰ ਜਿੰਮੇਵਾਰ ਠਹਿਰਾਉਂਦਿਆਂ ਅਜਿਹੇ ਆਗੂਆਂ ਨੂੰ ਪਾਰਟੀ ਤੋਂ ਬਾਹਰ ਦਾ ਰਾਸਤਾ ਦਿਖਾਉਣ ਦੀ ਮੰਗ ਕੀਤੀ। ਬਹਰਹਾਲ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਮਿਲੀ ਕਰਾਰੀ ਹਾਰ ਤੋਂ ਬਾਅਦ ਕਾਂਗਰਸ ਪਾਰਟੀ ਦੀ ਮੀਟਿੰਗ ਵਿਚ ਹੋਏ ਹੰਗਾਮੇ ਕਿਸੇ ਚੰਗੇ ਭਵਿੱਖ ਦਾ ਸਾਈਨ ਨਹੀਂ। ਜਦੋਂਕਿ ਇਸ ਮੌਕੇ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਰੁਣ ਵਧਾਵਨ ਨੇ ਅੱਜ ਦੀ ਮੀਟਿੰਗ ਨੂੰ ਸ਼ਾਂਤਪੁਰ ਦਸਦਿਆ ਕਿਹਾ ਕਿ ਕਈ ਵਾਰ ਵਿਚਾਰ ਅਲੱਗ ਅਲੱਗ ਹੋਣ ਕਾਰਨ ਕੁਝ ਮਤਭੇਦ ਹੋ ਜਾਂਦੇ ਹਨ ਪ੍ਰੰਤੂ ਇਹ ਪਰਿਵਾਰਕ ਮਸਲਾ ਹੈ ਜਿਸ ਨੂੰ ਹੱਲ ਕਰ ਲਿਆ ਜਾਵੇਗਾ।
ਕਾਂਗਰਸ ਪਾਰਟੀ ਵਲੋਂ ਬਠਿੰਡਾ ‘ਚ ਰੱਖੀ ਮੀਟਿੰਗ ਚ ਹੋਇਆ ਹੰਗਾਮਾ
15 Views