ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 6 ਜੂਨ: ਪਿਛਲੇ ਕੁੱਝ ਸਮੇਂ ਤੋਂ ਸੂਬੇ ’ਚ ਨਸ਼ਿਆਂ ਦੇ ਵਧਦੇ ਕਾਰੋਬਾਰ ’ਚ ਔਰਤਾਂ ਤੋਂ ਬਾਅਦ ਹੁਣ ਨੌਜਵਾਨ ਲੜਕੀਆਂ ਵੀ ਸ਼ਾਮਲ ਹੋਣ ਲੱਗੀਆਂ ਹਨ। ਇਸੇ ਤਰ੍ਹਾਂ ਦੇ ਇੱਕ ਮਾਮਲੇ ਵਿਚ ਅੱਜ ਬਠਿਡਾ ਪੁਲਿਸ ਦੇ ਸੀਆਈਏ ਸਟਾਫ਼ ਨੇ ਤਲਵੰਡੀ ਸਾਬੋ ਸਥਿਤ ਵੱਡੇ ਸਿੱਖਿਅਕ ਅਦਾਰੇ ਵਿਚ ਐਮ.ਏ ਦੀ ਪੜਾਈ ਕਰਦੀ ਇੱਕ ਲੜਕੀ ਨੂੰ ਇੱਕ ਪ੍ਰਾਈਵੇਟ ਹੋਸਟਲ ਮੈਨੇਜ਼ਰ ਸਹਿਤ ਕਾਬੂ ਕੀਤਾ ਹੈ। ਇੰਨ੍ਹਾਂ ਕੋਲਂੋ ਪੁਲਿਸ ਨੇ 48 ਗ੍ਰਾਂਮ ਹੈਰੋਇਨ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਪਤਾ ਲੱਗਿਆ ਹੈ ਕਿ ਲੜਕੀ ਗੁਰੂਸਰ ਰੋਡ ’ਤੇ ਬਣੇ ਇੱਕ ਪੀਜੀ ਵਿਚ ਰਹਿੰਦੀ ਸੀ। ਪੁਲਿਸ ਅਧਿਕਾਰੀਆਂ ਮੁਤਾਬਕ ਮੁਢਲੀ ਪੜਤਾਲ ਮੁਤਾਬਕ ਪੈਸਿਆਂ ਦੇ ਲਈ ਹੀ ਇਹ ਲੜਕੀ ਪੀਜੀ ਦੇ ਮੈਨੇਜਰ ਨਾਲ ਮਿਲਕੇ ਇਹ ਧੰਦਾ ਕਰ ਰਹੀ ਸੀ। ਗ੍ਰਿਫਤਾਰ ਕੀਤੇ ਪੀਜੀ ਮੈਨੇਜਰ ਦੀ ਪਹਿਚਾਣ ਸਿਕੰਦਰ ਸਿੰਘ ਵਾਸੀ ਬਹਿਮਣ ਕੌਰ ਸਿੰਘ ਅਤੇ ਲੜਕੀ ਦੀ ਪਹਿਚਾਣ ਕੁਲਦੀਪ ਕੌਰ ਜ਼ਿਲ੍ਹਾ ਬਰਨਾਲਾ ਦੇ ਤੌਰ ’ਤੇ ਹੋਈ ਹੈ। ਮੁਢਲੀ ਪੁਛਗਿਛ ਦੌਰਾਨ ਇੰਨ੍ਹਾਂ ਖੁਲਾਸਾ ਕੀਤਾ ਹੈ ਕਿ ਪਿੰਡ ਭਾਗੀਵਾਂਦਰ ਦਾ ਇੱਕ ਵਿਅਕਤੀ ਚਿੱਟੇ ਦੀ ਸਪਲਾਈ ਦੇ ਜਾਂਦਾ ਸੀ। ਉਧਰ ਪੁਲਿਸ ਵਲੋਂ ਰਿਮਾਂਡ ਹਾਸਲ ਕਰਨ ਲਈ ਇੰਨ੍ਹਾਂ ਦੋਨਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਜੱਜ ਨੇ ਦੋਨਾਂ ਨੂੰ ਪੁਲਿਸ ਹਿਰਾਸਤ ਵਿਚ ਭੇਜਣ ਦੀ ਥਾਂ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ, ਕਿਉਂਕਿ ਕਥਿਤ ਦੋਸ਼ੀਆਂ ਦੇ ਵਕੀਲ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੇ ਮੁਵੱਕਲਾਂ ਨੂੰ ਆਪਸੀ ਵਪਾਰੀ ਖ਼ਹਿਬਾਜੀ ਕਾਰਨ ਝੂਠਾ ਫ਼ਸਾਇਆ ਗਿਆ ਹੈ। ਇੰਨ੍ਹਾਂ ਵਿਰੁਧ ਥਾਣਾ ਤਲਵੰਡੀ ਸਾਬੋ ਵਿਚ ਮੁਕੱਦਮਾ ਨੰਬਰ 102 ਅ/ਧ 21ਬੀ/61/85 ਐਨਡੀਪੀਐਸ ਐਕਟ ਦਰਜ਼ ਕੀਤਾ ਗਿਆ ਹੈ। ਇਸਤੋਂ ਇਲਾਵਾ ਇੱਕ ਹੋਰ ਮਾਮਲੇ ਵਿਚ ਵੀ ਪੁਲਿਸ ਵਲੋਂ 5 ਗ੍ਰਾਂਮ ਹੈਰੋਇਨ ਸਹਿਤ ਬਲਵਿੰਦਰ ਕੌਰ ਪਤਨੀ ਮੇਜਰ ਸਿੰਘ ਵਾਸੀ ਚੱਕ ਫਤਿਹ ਸਿੰਘ ਵਾਲਾ ਨੂੰ ਗ੍ਰਿਫਤਾਰ ਕੀਤਾ ਹੈ, ਜਿਸਦੇ ਵਿਰੁਧ ਥਾਣਾ ਨਥਾਣਾ ਵਿਚ ਮੁਕੱਦਮਾ ਦਰਜ਼ ਕੀਤਾ ਗਿਆ ਹੈ।
ਕਾਲਜ਼ ਵਿਦਿਆਰਥਣ ਅਤੇ ਪੀਜੀ ਮੈਨੇਜਰ 48 ਗ੍ਰਾਮ ਹੈਰੋਇਨ ਸਹਿਤ ਗ੍ਰਿਫਤਾਰ
20 Views