ਪੰਜਾਬ ਵਿੱਚੋਂ ਕੇਂਦਰੀ ਸੁਰੱਖਿਆ ਬਲਾਂ ਨੂੰ ਬਾਹਰ ਕਰਕੇ ਕੌਮੀ ਸੁਰੱਖਿਆ ਕਾਨੂੰਨ ਦੀ ਦੁਰਵਰਤੋਂ ਬੰਦ ਕੀਤੀ ਜਾਵੇ: ਅਮਰਜੀਤ ਹਨੀ
ਸੁਖਜਿੰਦਰ ਮਾਨ
ਬਠਿੰਡਾ, 24 ਮਾਰਚ: ਕਿ਼ਰਤੀ ਕਿਸਾਨ ਯੂਨੀਅਨ ਨੇ ਪੰਜਾਬ ਵਿੱਚ ਬੀਤੇ ਕੁੱਝ ਦਿਨਾਂ ਤੋਂ ਭਾਜਪਾ ਦੀ ਕੇਂਦਰ ਸਰਕਾਰ ਅਤੇ ਪੰਜਾਬ ਦੀ ਆਪ ਸਰਕਾਰ ਵੱਲੋਂ ਸਿਰਜੇ ਜਾ ਰਹੇ ਦਹਿਸ਼ਤ ਦੇ ਮਾਹੌਲ ਦੀ ਨਿਖੇਧੀ ਕਰਦਿਆਂ ਫੜੇ ਗਏ ਬੇਦੋਸ਼ੇ ਨੌਜਵਾਨਾਂ ਨੂੰ ਤੁਰੰਤ ਰਿਹਾ ਕਰਨ ਅਤੇ ਪੰਜਾਬ ਵਿੱਚੋਂ ਕੇਂਦਰੀ ਸੁਰੱਖਿਆ ਬਲਾਂ ਨੂੰ ਬਾਹਰ ਕਰਨ ਦੀ ਜ਼ੋਰਦਾਰ ਮੰਗ ਕੀਤੀ ਹੈ। ਯੂਨੀਅਨ ਦੀ ਜਿਲ੍ਹਾ ਪ੍ਰਧਾਨ ਅਮਰਜੀਤ ਹਨੀ ਅਤੇ ਸਕੱਤਰ ਸਵਰਨ ਸਿੰਘ ਪੂਹਲੀ ਨੇ ਪੈਦਾ ਕੀਤੀ ਜਾ ਰਹੀ ਸਥਿਤੀ ਲਈ ਸਰਕਾਰਾਂ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਇੱਕ ਵਿਅਕਤੀ ਨੂੰ ਫੜਣ ਦੇ ਨਾਂ ਹੇਠ ਫਾਸ਼ੀਵਾਦੀ ਮੁਹਿੰਮ ਚਲਾ ਕੇ ਸੂਬੇ ਵਿੱਚ ਨਾ ਸਿਰਫ ਜਮਹੂਰੀਅਤ ਦਾ ਘਾਣ ਕੀਤਾ ਜਾ ਰਿਹਾ ਹੈ ਬਲਕਿ ਕੌਮੀ ਸੁਰੱਖਿਆ ਕਾਨੂੰਨ ਦੀ ਦੁਰਵਰਤੋਂ ਵੀ ਕੀਤੀ ਜਾ ਰਹੀ ਹੈ। ਆਗੂਆਂ ਨੇ ਕਿਹਾ ਕਿ ਦੇਸ਼ ਵਿੱਚ ਹਰੇਕ ਵਿਅਕਤੀ ਨੂੰ ਆਪਣੀ ਵਿਚਾਰਧਾਰਾ ਦਾ ਪ੍ਰਚਾਰ ਕਰਨ ਦੀ ਸੰਵਿਧਾਨਕ ਆਜ਼ਾਦੀ ਹੈ। ਸਿਰਫ ਕਿਸੇ ਦੀ ਵਿਚਾਰਧਾਰਾ ਕਰਕੇ ਕਿਸੇ ਉੱਪਰ ਦੇਸ਼ ਧ੍ਰੋਹ ਦਾ ਮੁਕੱਦਮਾ ਦਰਜ਼ ਕਰਨਾ ਸੰਵਿਧਾਨਕ ਆਜ਼ਾਦੀ ਦੀ ਉਲੰਘਣਾ ਹੈ। ਕਿਸਾਨ ਆਗੂਆਂ ਨੇ ਕੁੱਝ ਡਿਜੀਟਲ ਚੈਨਲਾਂ ਅਤੇ ਪੱਤਰਕਾਰਾਂ ਦੇ ਸ਼ੋਸ਼ਲ ਮੀਡੀਆ ਖਾਤਿਆਂ ਤੇ ਪਾਬੰਦੀਆਂ ਮੜਣ ਦੀ ਕਾਰਵਾਈ ਨੂੰ ਫਾਸ਼ੀਵਾਦੀ ਕਾਰਵਾਈ ਦੱਸਦਿਆਂ ਕਿਹਾ ਕਿ 2024 ਦੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਆਰ ਐਸ ਐਸ ਦੇ ਇਸ਼ਾਰੇ ਤੇ ਪੰਜਾਬ ਦੇ ਭਾਈਚਾਰਕ ਮਾਹੌਲ ਨੂੰ ਖੇਰੂੰ ਖੇਰੂੰ ਕਰਨ ਲਈ ਉਸਦੀਆਂ ਏ ਅਤੇ ਬੀ ਟੀਮਾਂ ਸਰਗਰਮ ਹੋ ਗਈਆਂ ਹਨ।ਕਿਸਾਨ ਆਗੂਆਂ ਨੇ ਪੰਜਾਬ ਦੇ ਲੋਕਾਂ ਨੂੰ ਇਤਿਹਾਸਕ ਅਤੇ ਜੇਤੂ ਕਿਸਾਨ ਘੋਲ ਵਲੋਂ ਕਾਰਪੋਰੇਟ ਨੀਤੀਆਂ ਵਿਰੁੱਧ ਅਤੇ ਤਾਕਤਾਂ ਦੇ ਕੇਂਦਰੀਕਰਨ ਵਿਰੁੱਧ ਸੂਬਿਆਂ ਦੇ ਅਧਿਕਾਰਾਂ ਦੀ ਰਾਖੀ ਲਈ ਸਿਰਜੇ ਭਾਈਚਾਰਕ ਸਾਂਝ ਅਤੇ ਵਿਸ਼ਾਲ ਜਨਤਕ ਸੰਘਰਸ਼ਾਂ ਦੇ ਬਿਰਤਾਂਤ ਦੀ ਰਾਖੀ ਲਈ ਅੱਗੇ ਆਉਣ ਦੀ ਅਪੀਲ ਕੀਤੀ।
Share the post "ਕਿਰਤੀ ਕਿਸਾਨ ਯੂਨੀਅਨ ਵਲੋਂ ਪੰਜਾਬ ਅੰਦਰ ਦਹਿਸ਼ਤ ਦਾ ਮਾਹੌਲ ਸਿਰਜ ਕੇ ਫੜੇ ਬੇਦੋਸ਼ੇ ਨੌਜਵਾਨਾਂ ਨੂੰ ਤੁਰੰਤ ਰਿਹਾ ਕਰਨ ਦੀ ਮੰਗ"