ਨਰਮੇ ਦੀ ਫ਼ਸਲ ਦੇ ਖ਼ਰਾਬੇ ਦਾ ਮੁਆਜਵਾ ਦੇਣ ਦੀ ਕਰ ਰਹੇ ਹਨ ਮੰਗ
ਸੁਖਜਿੰਦਰ ਮਾਨ
ਬਠਿੰਡਾ, 31 ਦਸੰਬਰ: ਪਿਛਲੇ 12 ਦਿਨਾਂ ਤੋਂ ਸਥਾਨਕ ਮਿੰਨੀ ਸਕੱਤਰੇਤ ਦੇ ਅੱਗੇ ਧਰਨਾ ਲਗਾਈ ਬੈਠੇ ਕਿਸਾਨਾਂ ਨੇ ਅੱਜ ਸਾਲ ਦੇ ਆਖ਼ਰੀ ਦਿਨ ਮੁੜ ਸਕੱਤਰੇਤ ਦੇ ਚਾਰੇ ਗੇਟਾਂ ਨੂੰ ਘੇਰ ਲਿਆ ਗਿਅ। ਮਾੜੇ ਬੀਜਾਂ, ਸਪਰੇਆਂ ਜਾਂ ਹੋਰ ਕੁਦਰਤੀ ਕਾਰਨਾਂ ਕਰਕੇ ਤਬਾਹ ਹੋਈਆਂ ਫਸਲਾਂ ਦਾ ਮੁਆਵਜਾ ਦੇਣ ਦੀ ਮੰਗ ਕਰ ਰਹੇ ਕਿਸਾਨ ਆਗੂਆਂ ਨੇ ਚੰਨੀ ਸਰਕਾਰ ’ਤੇ ਕਿਸਾਨਾਂ ਦੀ ਬਾਂਹ ਨਾ ਫੜਣ ਦਾ ਦੋਸ਼ ਲਗਾਇਆ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਨੇ ਐਲਾਨ ਕੀਤਾ ਕਿ ਜਿੰਨ੍ਹਾਂ ਸਮਾਂ ਸਰਕਾਰ ਮੁਆਵਜ਼ਾ ਦੇਣ ਲਈ ਪੰਜ ਏਕੜ ਦੀ ਲਗਾਈ ਸ਼ਰਤ ਰੱਦ ਨਹੀਂ ਕਰਦੀ ਤੇ ਸਮੂਹ ਪ੍ਰਭਾਵਿਤ ਕਿਸਾਨਾਂ ਨੂੰ ਮੁਆਵਜ਼ਾ ਜਾਰੀਨਹੀਂ ਕਰਦੀ, ਉਨ੍ਹਾਂ ਸਮਾਂ ਉਹ ਅਪਣਾ ਸੰਘਰਸ਼ ਜਾਰੀ ਰੱਖਣਗੇ। ਕਿਸਾਨ ਆਗੂ ਸ਼ਿੰਗਾਰਾ ਸਿੰਘ ਮਾਨ, ਹਰਜਿੰਦਰ ਸਿੰਘ ਬੱਗੀ ਤੇ ਪਰਮਜੀਤ ਕੌਰ ਪਿੱਥੋ ਨੇ ਦੋਸ਼ ਲਗਾਇਆ ਕਿ ਲੰਮੇ ਸੰਘਰਸ਼ ਤੋਂ ਬਾਅਦ ਸਰਕਾਰ ਨੇ ਕਿਸਾਨਾਂ ਨੂੰ 17000 ਰੁਪਏ ਪ੍ਰਤੀ ਏਕੜ ਅਤੇ ਕੁੱਲ ਰਾਸ਼ੀ ਦਾ 10% ਵੱਖਰਾ ਮਜਦੂਰਾਂ ਨੂੰ ਰੁਜਗਾਰ ਉਜਾੜੇ ਦਾ ਮੁਆਵਜ਼ਾ ਦੇਣਾ ਮੰਨਿਆ ਹੈ ਪਰ ਇਸ ਦੇ ਨਾਲ ਹੀ ਇਹ ਸ਼ਰਤ ਲਗਾ ਦਿੱਤੀ, ਜਿਸਦੇ ਤਹਿਤ ਇਕ ਕਿਸਾਨ ਨੂੰ ਪੰਜ ਏਕੜ ਤੋਂ ਵੱਧ ਦਾ ਮੁਆਵਜ਼ਾ ਨਹੀਂ ਦਿੱਤਾ ਜਾ ਸਕਦਾ। ਕਿਸਾਨ ਆਗੂਆਂ ਨੇ ਦਾਅਵਾ ਕੀਤ ਕਿ ਬਹੁਤ ਸਾਰੇ ਅਜਿਹੇ ਕਿਸਾਨ ਹਨ, ਜਿਨ੍ਹਾਂ ਨੇ ਅਪਣੀ ਜਾਂ ਠੇਕੇ ’ਤੇ ਲੈ ਕੇ ਪੰਜ ਏਕੜ ਤੋਂ ਵੱਧ ਨਰਮੇ ਦੀ ਫ਼ਸਲ ਬੀਜ਼ੀ ਹੋਈ ਸੀ ਪ੍ਰੰਤੂ ਉਹ ਸਾਰੀ ਦੀ ਸਾਰੀ ਤਬਾਹ ਹੋ ਗਈ। ਉਨ੍ਹਾਂ ਮੰਗ ਕੀਤੀ ਕਿ ਇਸ ਨੋਟੀਫਿਕੇਸ਼ਨ ਨੂੰ ਤੁਰੰਤ ਰੱਦ ਕੀਤਾ ਜਾਵੇ। ਕਿਸਾਨ ਆਗੂ ਬਸੰਤ ਸਿੰਘ ਕੋਠਾਗੁਰੂ, ਪਰਮਜੀਤ ਕੌਰ ਕੋਟੜਾ,ਜਗਸੀਰ ਸਿੰਘ ਝੂੰਬਾ ਅਤੇ ਜਗਦੇਵ ਸਿੰਘ ਜੋਗੇਵਾਲਾ ਨੇ ਕਾਂਗਰਸ ਸਰਕਾਰ ਨੂੰ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਤਹਿਤ ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ਼ ਕਰਨ ਤੇ ਕਿਸਾਨ ਸੰਘਰਸ਼ਾਂ ਤੇ ਪਰਾਲੀ ਸਾੜਣ ਦੇ ਦੋਸ਼ਾਂ ਹੇਠ ਦਰਜ਼ ਕੀਤੇ ਕੇਸਾਂ ਨੂੰ ਰੱਦ ਕੀਤਾ ਜਾਵੇ। ਇਸ ਦੌਰਾਨ ਕਿਸਾਨ ਆਗੂਆਂ ਨੂੰ ਏਡੀਸੀ ਜਨਰਲ ਵਲੋਂ ਮੀਟਿੰਗ ਲਈ ਸੱਦਿਆ ਗਿਆ। ਪ੍ਰੰਤੂ ਖ਼ਬਰ ਲਿਖੇ ਜਾਣ ਤੱਕ ਮੀਟਿੰਗ ਦਾ ਸਿੱਟਾ ਨਹੀਂ ਨਿਕਲਿਆ ਤੇ ਕਿਸਾਨ ਵਲੋਂ ਸਕੱਤਰੇਤ ਦਾ ਘਿਰਾਓ ਜਾਰੀ ਸੀ। ਅੱਜ ਦੇ ਧਰਨੇ ਨੂੰ ਅਜੈਪਾਲ ਸਿੰਘ ਘੁੱਦਾ,ਹੁਸਿਆਰ ਸਿੰਘ ,ਬਲਜੀਤ ਸਿੰਘ ਪੂਹਲਾ, ਜਸਪਾਲ ਸਿੰਘ ਕੋਠਾ ਗੁਰੂ,ਗੁਰਪਾਲ ਸਿੰਘ ਦਿਓਣ, ਮਾਲਣ ਕੌਰ,ਗੁਲਾਬ ਸਿੰਘ ਜਿਊਂਦ,ਰਾਮ ਸਿੰਘ ਕੋਟ ਗੁਰੂ ,ਰਣਧੀਰ ਸਿੰਘ ਮਲੂਕਾ ਅਤੇ ਨੌਜਵਾਨ ਭਾਰਤ ਸਭਾ ਦੇ ਆਗੂ ਬਲਕਾਰ ਸਿੰਘ ਨੇ ਵੀ ਸੰਬੋਧਨ ਕੀਤਾ। ਸੱਤਪਾਲ ਸਿੰਘ ਸਫਰੀ ਨੇ ਢਾਡੀ ਵਾਰਾਂ ਪੇਸ਼ ਕੀਤੀਆਂ । ਹਰਬੰਸ ਸਿੰਘ ਘਣੀਆਂ ਸਮੇਤ ਹੋਰ ਲੋਕ ਪੱਖੀ ਗੀਤਕਾਰਾਂ ਨੇ ਗੀਤ ਪੇਸ਼ ਕੀਤੇ ।
ਕਿਸਾਨਾਂ ਨੇ ਸਾਲ ਦੇ ਆਖ਼ਰੀ ਦਿਨ ਮੁੜ ਮਿੰਨੀ ਸਕੱਤਰੇਤ ਦਾ ਕੀਤਾ ਘਿਰਾਓ
23 Views