ਕੇਂਦਰ ਸਰਕਾਰ ਦੀ ਫ਼ੂਕੀ ਅਰਥੀ
ਸੁਖਜਿੰਦਰ ਮਾਨ
ਬਠਿੰਡਾ,13ਮਾਰਚ: ਸੰਯੁਕਤ ਕਿਸਾਨ ਮੋਰਚੇ ਨਾਲ ਜੁੜੇ ਕਿਸਾਨ ਆਗੂਆਂ ਦੇ ਘਰਾਂ ਅਤੇ ਦਫ਼ਤਰਾਂ ’ਚ ਪਿਛਲੇ ਦਿਨੀਂ ਸੀਬੀਆਈ ਵਲੋਂ ਕੀਤੀ ਛਾਪੇਮਾਰੀ ਦੇ ਵਿਰੋਧ ਵਿਚ ਅੱਜ ਮੋਰਚੇ ਦੇ ਸੱਦੇ ਹੇਠ ਕਿਸਾਨ ਜਥੇਬੰਦੀਆਂ ਵਲੋਂ ਜ਼ਿਲ੍ਹਾ ਕੰਪਲੈਕਸਾਂ ਅੱਗੇ ਧਰਨੇ ਦਿੰਦਿਆਂ ਕੇਂਦਰ ਦੀ ਮੋਦੀ ਸਰਕਾਰ ਦਾ ਪੁਤਲਾ ਫ਼ੂਕਿਆ ਗਿਆ। 32 ਜਥੈਬੰਦੀਆਂ ਦੇ ਨੁਮਾਇੰਦਿਆਂ ਦੀ ਅਗਵਾਈ ਹੇਠ ਡੀਸੀ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕਰਨ ਤੋਂ ਬਾਅਦ ਮਾਰਚ ਫੌਜੀ ਚੌਕ ਤੱਕ ਮਾਰਚ ਕਰਦਿਆਂ ਪੁਤਲਾ ਫ਼ੂਕਿਆ ਗਿਆ। ਇਸ ਮੌਕੇ ਕਿਸਾਨ ਆਗੂਆਂ ਵਲੋਂ ਰਾਸਟਰਪਤੀ ਦੇ ਨਾਮ ਹੇਠ ਜ਼ਿਲ੍ਹਾ ਅਧਿਕਾਰੀਆਂ ਨੂੰ ਇੱਕ ਮੰਗ ਪੱਤਰ ਵੀ ਸੋਪਿਆ ਗਿਆ। ਇਸ ਮੌਕੇ ਜਮਹੂਰੀ ਕਿਸਾਨ ਸਭਾ ਦੇ ਜਿਲ੍ਹਾ ਪ੍ਰਧਾਨ ਦਰਸ਼ਨ ਸਿੰਘ,ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਸੂਬਾ ਜਨਰਲ ਸਕੱਤਰ ਸਰੂਪ ਸਿੰਘ ਸਿੱਧੂ,ਬੀਕੇਯੂ ਏਕਤਾ ਮਾਲਵਾ ਦੇ ਸੂਬਾ ਮੀਤ ਪ੍ਰਧਾਨ ਗੁਰਵਿੰਦਰ ਬੱਲੇ,ਪੰਜਾਬ ਕਿਸਾਨ ਯੂਨੀਅਨ ਦੇ ਜਿਲ੍ਹਾ ਆਗੂ ਗਰਤੇਜ ਸਿੰਘ ,ਕਿਸਾਨ ਮੋਰਚਾ ਬਠਿੰਡਾ ਦੇ ਆਗੂ ਅਮਰਜੀਤ ਹਨੀ, ਕੁਲ ਹਿੰਦ ਕਿਸਾਨ ਸਭਾ ਸੂਬਾ ਪ੍ਰਧਾਨ ਕਾਮਰੇਡ ਬਲਕਰਨ ਸਿੰਘ ਬਰਾੜ ਅਤੇ ਬੀ. ਕੇ ਯੂ ਬੀਕੇਯੂ ਏਕਤਾ ਡਕੌਂਦਾ ਦੇ ਜਿਲ੍ਹਾ ਪ੍ਰਧਾਨ ਬਲਦੇਵ ਸਿੰਘ ਭਾਈ ਰੂਪਾ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੀਬੀਆਈ ਦੀਆਂ ਟੀਮਾਂ ਵਲੋਂ ਮੋਰਚੇ ਦੇ ਆਗੂਆਂ ਹਰਿੰਦਰ ਸਿੰਘ ਲੱਖੋਵਾਲ ਅਤੇ ਸਤਿਨਾਮ ਸਿੰਘ ਬਹਿਰੂ ਦੇ ਘਰਾਂ /ਕਾਰੋਬਾਰੀ ਥਾਵਾਂ ਤੇ ਛਾਪੇਮਾਰੀ ਕੀਤੀ ਗਈ,ਪਰ ਛਾਪੇਮਾਰੀ ਦੌਰਾਨ ਇਸ ਏਜੰਸੀ ਦੇ ਅਧਿਕਾਰੀਆਂ ਵਲੋਂ ਨਿਯਮਾਂ ਅਨੁਸਾਰ ਨਾ ਤਾਂ ਸਹੀ ਢੰਗ ਨਾਲ ਜਾਣਕਾਰੀ ਦਿੱਤੀ ਗਈ,ਨਾ ਹੀ ਕੋਈ ਸ਼ਰਚ ਵਾਰੰਟ ਅਤੇ ਨਾ ਹੀ ਕੋਈ ਐੱਫ ਆਈ ਆਰ ਮੁਹੱਈਆ ਕਰਵਾਈ ਗਈ। ਕਿਸਾਨ ਆਗੂਆਂ ਨੇ ਦੋਸ਼ ਲਗਾਇਆ ਕਿ ਅਜਿਹਾ ਦਿੱਲੀ ਮੋਰਚੇ ਦੌਰਾਨ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵਲੋਂ ਨਿਭਾਈ ਭੂਮਿਕਾ ਦੇ ਕਾਰਨ ਸਬਕ ਸਿਖਾਉਣ ਦੇ ਇਰਾਦੇ ਨਾਲ ਕੀਤਾ ਗਿਆ ਹੈ, ਜਿਸਨੂੰ ਬਰਦਾਸਤ ਨਹੀਂ ਕੀਤਾ ਜਾਵੇਗਾ।
ਬਾਕਸ
ਡਕੌਂਦਾ ਜਥੇਬੰਦੀ ਵਿਚੋਂ ਵੱਖ ਹੋਏ ਧੜੇ ਨੇ ਅਲੱਗ ਤੋਂ ਦਿਖ਼ਾਈ ਤਾਕਤ
ਬਠਿੰਡਾ: ਉਧਰ ਜ਼ਿਲ੍ਹਾ ਕੰਪਲੈਕਸ ਦੇ ਸਾਹਮਣੇ ਇੱਕ ਹੀ ਮੁੱਦੇ ਨੂੰ ਲੈ ਕੇ ਪਿਛਲੇ ਦਿਨੀਂ ਭਾਰਤੀ ਕਿਸਾਨ ਯੂਨੀਅਨ ਡਕੌਦਾ ਜਥੇਬੰਦੀ ਤੋਂ ਵੱਖ ਹੋਏ ਗਰੁੱਪ ਵਲੋਂ ਅਪਣੀ ਤਾਕਤ ਦਾ ਅਲੱਗ ਤੋਂ ਮੁਜ਼ਾਹਰਾ ਕੀਤਾ ਗਿਆ। ਨਵੀਂ ਬਣੀ ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਦੀ ਅਗਵਾਈ ਹੇਠ ਧਰਨਾ ਦੇਣ ਤੋਂ ਇਲਾਵਾ ਬੱਸ ਅੱਡੇ ਤੱਕ ਮਾਰਚ ਕੱਢਦਿਆਂ ਕੇਂਦਰ ਸਰਕਾਰ ਦਾ ਪੁਤਲਾ ਫ਼ੂਕਿਆ ਗਿਆ। ਇਸ ਮੌਕੇ ਗੁਰਦੀਪ ਸਿੰਘ ਰਾਮਪੁਰਾ ਨੇ ਦਾਅਵਾ ਕੀਤਾ ਕਿ ਪਿਛਲੇ ਸਮੇਂ ਦੌਰਾਨ ਵੀ ਕੁੱਝ ਆਗੂਆਂ ਵਲੋਂ ਕਿਸਾਨ ਸੰਘਰਸ਼ ਨੂੰ ਫ਼ੇਲ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਸਦੇ ਚੱਲਦੇ ਉਨ੍ਹਾਂ ਅਪਣਾ ਵੱਖਰਾ ਪ੍ਰੋਗਰਾਮ ਉਲੀਕਿਆ ਹੈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਜੇਠੂਕੇ,ਜਨਰਲ ਸਕੱਤਰ ਹਰਵਿੰਦਰ ਕੋਟਲੀ, ਸੀਨੀਅਰ ਮੀਤ ਪ੍ਰਧਾਨ ਬੂਟਾ ਸਿੰਘ ਤੁੰਗਵਾਲੀ, ਖ਼ਜ਼ਾਨਚੀ ਤਰਸੇਮ ਸਿੰਘ ਬੁਰਜ ਮਾਨਸਾਹੀਆ, ਜਗਦੇਵ ਸਿੰਘ ਲਹਿਰਾਮੁਹੱਬਤ,ਮਹਿੰਦਰ ਸਿੰਘ ਬਾਲਿਆਂਵਾਲੀ, ਇਕਬਾਲ ਸਿੰਘ ਪਥਰਾਲਾ ਅਤੇ ਸੁਰਜੀਤ ਸਿੰਘ ਮੰਡੀਕਲਾਂ ਤੇ ਔਰਤ ਆਗੂਆਂ ਬਲਜੀਤ ਕੌਰ ਰਾਮਪੁਰਾ ਤੇ ਗੁਰਮੇਲ ਕੌਰ ਕਰਾੜਵਾਲਾ ਨੇ ਵੀ ਸੰਬੋਧਨ ਕਰਦਿਆਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਦਿੱਲੀ ਮੋਰਚੇ ਦੀਆਂ ਮੰਨੀਆਂ ਮੰਗਾਂ ਲਾਗੂ ਕਰਵਾਉਣ ਹਿਤ 20 ਮਾਰਚ ਨੂੰ ਸੰਸਦ ਵੱਲ ਕੀਤੇ ਜਾ ਰਹੇ ਮਾਰਚ ਚ ਸ਼ਾਮਲ ਹੋਣ ਲਈ 19 ਮਾਰਚ ਨੂੰ ਦਿੱਲੀ ਪੁੱਜ ਜਾਣ।
Share the post "ਕਿਸਾਨ ਆਗੂਆਂ ਦੇ ਘਰਾਂ ’ਚ ਸੀਬੀਆਈ ਛਾਪਿਆਂ ਦੇ ਰੋਸ਼ ’ਚ ਕਿਸਾਨਾਂ ਨੇ ਦਿੱਤੇ ਧਰਨੇ"