ਸੁਖਜਿੰਦਰ ਮਾਨ
ਬਠਿੰਡਾ, 14 ਜੁਲਾਈ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਥਾਣਾ ਸਿਟੀ ਰਾਮਪੁਰਾ ਦੇ ਮੁੱਖੀ ਸਬ ਇੰਸਪੈਕਟਰ ਅੰਮ੍ਰਿਤਪਾਲ ਸਿੰਘ ਵਿਰੁਧ ਮੋਰਚਾ ਖੋਲ ਦਿੱਤਾ ਹੈ। ਕਿਸਾਨ ਆਗੂਆਂ ਨੇ ਥਾਣਾ ਮੁਖੀ ਉਪਰ ਅਪਣੀ ਜਥੇਬੰਦੀ ਦੇ ਕਾਰਕੁੰਨਾਂ ਉਪਰ ਅੰਨਾ ਤਸਦੱਦ ਢਾਹੁਣ ਦਾ ਦੋਸ਼ ਲਗਾਇਆ ਹੈ। ਇਸ ਸਬੰਧ ਵਿਚ ਕਿਸਾਨ ਜਥੈਬੰਦੀ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਥਾਣਾ ਮੁਖੀ ਦੀ ਸਿਕਾਇਤ ਵੀ ਕੀਤੀ ਹੈ। ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਅਤੇ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਨੇ ਦੱਸਿਆ ਕਿ ਅੱਠ ਜੁਲਾਈ ਨੂੰ ਰਾਮਪੁਰਾ ਬਲਾਕ ਦੇ ਆਗੂ ਅਤੇ ਵਰਕਰ ਗੁਲਾਬ ਸਿੰਘ ,ਸ਼ਗਨਦੀਪ ਸਿੰਘ, ਗੁਰਮੇਲ ਸਿੰਘ, ਲੀਲ੍ਹਾ ਸਿੰਘ, ਜਗਸੀਰ ਸਿੰਘ ਅਤੇ ਬਲਵਿੰਦਰ ਸਿੰਘ ਕਿਸੇ ਮਸਲੇ ਨੂੰ ਲੈ ਕੇ ਥਾਣਾ ਮੁਖੀ ਸਿਟੀ ਰਾਮਪੁਰਾ ਮਿਲਣ ਗਏ ਤਾਂ ਥਾਣਾ ਮੁਖੀ ਵੱਲੋਂ ਉਹਨਾਂ ਦੀ ਗੱਲ ਸੁਣਨ ਦੀ ਬਜਾਏ ਤਕਰਾਰਬਾਜ਼ੀ ਚ ਪੈਂਦਿਆਂ ਉਨ੍ਹਾਂ ਦੀ ਹੀ ਕੁੱਟਮਾਰ ਸ਼ੁਰੂ ਕਰ ਦਿੱਤੀ। ਜਿਸ ਕਾਰਨ ਬਲਾਕ ਆਗੂ ਗੂਲਾਬ ਸਿੰਘ ਦੀ ਡਿਸਕ ਚ ਨੁਕਸ ਪੈ ਗਿਆ ਅਤੇ ਸ਼ਗਨਦੀਪ ਸਿੰਘ ਦੇ ਸਿਰ ਵਿੱਚ ਸੋਜ਼ ਹੋ ਗਈ ਅਤੇ ਕੰਨਾਂ ’ਚੋਂ ਸੁਣਨਾ ਬੰਦ ਹੋ ਗਿਆ। ਕਿਸਾਨ ਆਗੂਆਂ ਨੇ ਥਾਣਾ ਮੁਖੀ ਉਪਰ ਅੰਮ੍ਰਿਤਧਾਰੀ ਕਿਸਾਨ ਲੀਲ੍ਹਾ ਸਿੰਘ ਦੇ ਕੇਸ ਪੁੱਟਣ ਦੇ ਵੀ ਦੋਸ਼ ਲਗਾਏ। ਇਸ ਸਬੰਧ ਵਿਚ ਜਥੈਬੰਦੀ ਦੀ ਜ਼ਿਲ੍ਹਾ ਕਮੇਟੀ ਦੀ ਹੋਈ ਮੀਟਿੰਗ ਵੱਲੋਂ ਫੈਸਲਾ ਕੀਤਾ ਗਿਆ ਕਿ ਜੇਕਰ ਥਾਣਾ ਸਿਟੀ ਰਾਮਪੁਰਾ ਦੇ ਖ਼ਿਲਾਫ਼ ਕਾਰਵਾਈ ਕਰਕੇ ਕਿਸਾਨਾਂ ਨੂੰ ਇਨਸਾਫ ਨਾ ਦਿੱਤਾ ਗਿਆ ਤਾਂ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਅੱਜ ਦੀ ਮੀਟਿੰਗ ਵਿੱਚ ਉਪਰੋਕਤ ਆਗੂਆਂ ਤੋਂ ਇਲਾਵਾ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ,ਜਸਵੀਰ ਸਿੰਘ ਬੁਰਜ ਸੇਮਾ, ਬਸੰਤ ਸਿੰਘ ਕੋਠਾ ਗੁਰੂ ,ਜਗਦੇਵ ਸਿੰਘ ਜੋਗੇਵਾਲਾ, ਜਗਸੀਰ ਸਿੰਘ ਝੁੰਬਾ, ਸੁਖਦੇਵ ਸਿੰਘ ਰਾਮਪੁਰਾ, ਬਲਦੇਵ ਸਿੰਘ ਚੌਕੇ ,ਬੂਟਾ ਸਿੰਘ ਬੱਲ੍ਹੋ ,ਦਰਸ਼ਨ ਸਿੰਘ ਖੋਖਰ ,ਅਰਸ਼ਦੀਪ ਸਿੰਘ ਚੌਕੇ ਵੀ ਸ਼ਾਮਲ ਸਨ। ਦੂਜੇ ਪਾਸੇ ਥਾਣਾ ਮੁਖੀ ਅੰਮ੍ਰਿਤਪਾਲ ਸਿੰਘ ਨੇ ਕੁੱਟਮਾਰ ਦੇ ਦੋਸ਼ਾਂ ਨੂੰ ਰੱਦ ਕਰਦਿਆਂ ਦਾਅਵਾ ਕੀਤਾ ਕਿ ਜਿੰਨ੍ਹਾਂ ਵਿਅਕਤੀਆਂ ਦੀ ਕੁੱਟਮਾਰ ਦੇ ਦੋਸ ਲਗਾਏ ਜਾ ਰਹੇ ਹਨ, ਉਨ੍ਹਾਂ ਨੇ ਘਟਨਾ ਵਾਲੇ ਦਿਨ ਥਾਣੇ ਵਿਚ ਹੁੜਦੰਗ ਮਚਾਇਆ ਤੇ ਮੁਨਸ਼ੀ ਦੀ ਵਰਦੀ ਵੀ ਪਾੜ ਦਿੱਤੀ ਸੀ। ਜਿਸ ਕਾਰਨ ਉਨ੍ਹਾਂ ਵਿਰੁਧ ਪਰਚਾ ਦਰਜ਼ ਕੀਤਾ ਗਿਆ ਸੀ।
Share the post "ਕਿਸਾਨ ਆਗੂਆਂ ਨੇ ਥਾਣਾ ਰਾਮਪੁਰਾ ਸਿਟੀ ਦਾ ਐਸਐਚਓ ’ਤੇ ਜਥੇਬੰਦੀ ਦੇ ਕਾਰਕੁਨਾਂ ਦੀ ਕੁੱਟਮਾਰ ਦੇ ਲਗਾਏ ਦੋਸ਼"