ਸੁਖਜਿੰਦਰ ਮਾਨ
ਬਠਿੰਡਾ, 11 ਮਈ : ਬਠਿੰਡਾ ਪੱਟੀ ਦੀ ਇੱਕ ਉਘੀ ਪ੍ਰਾਈਵੇਟ ਬੱਸ ਕੰਪਨੀ ਦੇ ਹੱਕ ’ਚ ਨਿੱਤਰਦਿਆਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂਆਂ ਤੇ ਵਰਕਰਾਂ ਨੇ ਅੱਜ ਸਥਾਨਕ ਸਹਿਰ ਦੀ ਗਣੇਸਾ ਬਸਤੀ ਨਜਦੀਕ ਇੱਕ ਪ੍ਰਾਈਵੇਟ ਫ਼ਾਈਨਾਂਸ ਕੰਪਨੀ ਦੇ ਦਫ਼ਤਰ ਦਾ ਘਿਰਾਓ ਕੀਤਾ ਗਿਆ। ਬੀਤੇ ਕੱਲ ਵੀ ਇਹ ਘਿਰਾਓ ਕੀਤਾ ਗਿਆ ਸੀ ਤੇ ਅੱਜ ਦੁਪਿਹਰ ਜਥੇਬੰਦੀ ਵਲੋਂ ਫ਼ਾਈਨਾਂਸ ਕੰਪਨੀ ਦੇ ਅੱਗੇ ਲੰਘਦੇ ਕੌਮੀ ਮਾਰਗ ਦੇ ਇੱਕ ਪਾਸੇ ਨੂੰ ਧਰਨਾ ਲਗਾ ਕੇ ਜਾਮ ਕਰ ਦਿੱਤਾ ਗਿਆ। ਇਸ ਮੌਕੇ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਸੰਦੋਹਾ ਤੇ ਸੂਬਾ ਆਗੂ ਰੇਸਮ ਸਿੰਘ ਯਾਤਰੀ ਨੇ ਦਾਅਵਾ ਕੀਤਾ ਕਿ ਦੀਪ ਬੱਸ ਦੇ ਮਾਲਕਾਂ ਵਲੋਂ ਦਿੱਲੀ ਮੋਰਚੇ ਦੌਰਾਨ ਕਿਸਾਨਾਂ ਦੀ ਵੱਡੀ ਹਿਮਾਇਤ ਦਿੰਦਿਆਂ ਅਪਣੀਆਂ ਬੱਸਾਂ ਨੂੰ ਮੁਫ਼ਤ ਭੇਜਿਆ ਜਾਂਦਾ ਰਿਹਾ ਸੀ, ਜਿਸਦੇ ਚੱਲਦੇ ਜਥੇਬੰਦੀ ਹੁਣ ਇਸ ਬੱਸ ਕੰਪਨੀ ਦੀ ਹਿਮਾਇਤ ਵਿਚ ਖੜੀ ਹੈ। ਕਿਸਾਨ ਆਗੂ ਨੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਦਸਿਆ ਕਿ ਦੀਪ ਬੱਸ ਕੰਪਨੀ ਦੇ ਮਾਲਕਾਂ ਨੇ ਉਕਤ ਫਾਇਨਾਂਸ ਕੰਪਨੀ ਤੋਂ ਬੱਸ ਖਰੀਦਣ ਲਈ 24 ਲੱਖ ਰੁਪਏ ਦਾ ਕਰਜ਼ਾ ਲਿਆ ਸੀ, ਜਿਸਦੇ ਬਦਲੇ ਸਮੇਂ ਸਮੇਂ ਸਿਰ 24 ਲੱਖ 50 ਹਜ਼ਾਰ ਰੁਪਏ ਦਾ ਕਰਜ਼ਾ ਵਾਪਸ ਕਰ ਦਿੱਤਾ ਪ੍ਰੰਤੂ ਬਕਾਇਆ ਰਾਸੀ ਦਾ ਭੁਗਤਾਨ ਕਰਨ ਲਈ ਫ਼ਾਈਨਾਂਸ ਕੰਪਨੀ ਤੇ ਬੱਸ ਪ੍ਰਬੰਧਕਾਂ ਵਿਚਕਾਰ ਸੱਤ ਲੱਖ ਦਾ ਨਿਬੇੜਾ ਹੋਇਆ ਸੀ। ਪ੍ਰੰਤੂ ਬਾਅਦ ਵਿਚ ਫ਼ਾਈਨਾਂਸ ਕੰਪਨੀ ਦੇ ਪ੍ਰਬੰਧਕ ਬੱਸ ਵਾਲਿਆਂ ਤੋਂ 12 ਲੱਖ ਰੁਪਏ ਦੀ ਮੰਗ ਕਰਨ ਲੱਗੇ ਤੇ ਇਹ ਪੈਸੇ ਅਦਾ ਨਾ ਕਰਨ ਦੇ ਚੱਲਦੇ ਬੱਸ ਨੂੰ ਵੀ ਕਬਜੇ ਵਿਚ ਲੈ ਲਿਆ ਜੋਕਿ ਸਰਾਸਰ ਧੱਕਾ ਹੈ। ਜਥੇਬੰਦੀ ਨੇ ਐਲਾਨ ਕੀਤਾ ਕਿ ਜਦੋਂ ਤਕ ਇਸ ਮਾਮਲੇ ਦਾ ਹੱਲ ਨਹੀਂ ਹੁੰਦਾ ਉਹ ਕੰਪਨੀ ਦੇ ਦਫ਼ਤਰ ਅੱਗੇ ਧਰਨਾ ਜਾਰੀ ਰੱਖਣਗੇ। ਇਸ ਮੌਕੇ ਜੋਧਾ ਸਿੰਘ ਨੰਗਲਾ, ਰਣਜੀਤ ਸਿੰਘ ਜੀਦਾ, ਬਲਵਿੰਦਰ ਸਿੰਘ ਜੋਧਪੁਰ, ਕੁਲਵੰਤ ਸਿੰਘ ਨਹਿਆਵਾਲਾ, ਅਮਰਜੀਤ ਕੌਰ ਆਦਿ ਨੇ ਵੀ ਸੰਬੋਧਨ ਕੀਤਾ।
Share the post "ਕਿਸਾਨ ਜਥੇਬੰਦੀ ਸਿੱਧੂਪੁਰ ਨੇ ਪ੍ਰਾਈਵੇਟ ਫ਼ਾਈਨਾਂਸ ਕੰਪਨੀ ਦੇ ਵਿਰੁਧ ਲਗਾਇਆ ਧਰਨਾ"