ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 24 ਦਸੰਬਰ:ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਭਾਰਤ ਦਾ ਨਾਮ ਰੌਸ਼ਨ ਕਰਨ ਵਾਲੇ ਬਾਡੀ ਬਿਲਡਰ ਮਨਦੀਪ ਸਿੰਘ ਦਾ ਪੰਜਾਬ ਵਿਧਾਨ ਸਭਾ ਵਿਖੇ ਇੱਕ ਪ੍ਰਸੰਸਾ ਪੱਤਰ ਅਤੇ ਸਨਮਾਨ ਚਿੰਨ ਦੇ ਕੇ ਸਨਮਾਨ ਕੀਤਾ। ਵਿਧਾਨ ਸਭਾ ਦੇ ਇੱਕ ਬੁਲਾਰੇ ਅਨੁਸਾਰ ਹਾਲ ਹੀ ਵਿੱਚ ਐਫ.ਆਈ.ਐਫ਼ ਅੰਤਰਰਾਸ਼ਟਰੀ ਬਾਡੀ ਬਿਲਡਿੰਗ ਮੁਕਾਬਲੇ ਵਿੱਚ ਮਨਦੀਪ ਸਿੰਘ ਨੇ ਦੋ ਸੋਨੇ ਦੇ ਤਮਗੇ ਹਾਸਲ ਕਰਕੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਸਪੀਕਰ ਸਾਹਿਬ ਦੀ ਸਿਫਾਰਸ਼ ਅਤੇ ਖੇਡ ਖੇਤਰ ਵਿੱਚ ਮਨਦੀਪ ਸਿੰਘ ਦੀਆਂ ਸ਼ਾਨਦਾਰ ਸੇਵਾਵਾਂ ਨੂੰ ਦੇਖਦੇ ਹੋਏ ਪੰਜਾਬ ਪੁਲਿਸ ਨੇ ਉਸ ਨੂੰ ਹੌਲਦਾਰ ਤੋਂ ਲੋਕਲ ਰੈਂਕ ਦੇ ਕੇ ਏ.ਐਸ.ਆਈ. ਬਣਾ ਦਿੱਤਾ। ਸ. ਸੰਧਵਾਂ ਨੇ ਆਪਣੇ ਹਲਕੇ ਕੋਟਕਪੂਰਾ ਦੇ ਪਿੰਡ ਘਣੀਆ ਵਾਲਾ ਦੇ ਇਸ ਅਥਲੀਟ ਦੀ ਹੌਸਲਾ ਅਫਸਾਈ ਕਰਨ ਲਈ ਵਿਧਾਨ ਸਭਾ ਵਿੱਚ ਉਸ ਦਾ ਸਨਮਾਨ ਕੀਤਾ। ਗੌਰਤਲਬ ਹੈ ਕਿ ਇਸੇ ਮਹੀਨੇ ਦੇ ਸ਼ੁਰੂ ਵਿੱਚ ਐਫ.ਆਈ.ਐਫ਼ ਅੰਤਰਰਾਸ਼ਟਰੀ ਬਾਡੀ ਬਿਲਡਿੰਗ ਮੁਕਾਬਲੇ ਵਿੱਚ ਭਾਰਤ ਨੇ ਸੋਨੇ ਦੇ 12, ਚਾਂਦੀ ਦੇ 5 ਅਤੇ ਕਾਂਸੀ ਦੇ 7 ਤਮਗੇ ਹਾਸਲ ਕੀਤੇ ਸਨ।ਸ. ਸੰਧਵਾਂ ਨੇ ਮਨਦੀਪ ਸਿੰਘ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕਰਦੇ ਹੋਏ ਉਮੀਦ ਪ੍ਰਗਟ ਕੀਤੀ ਕਿ ਉਹ ਅੱਗੇ ਵੀ ਖੇਡਾਂ ਵਿੱਚ ਮੱਲਾਂ ਮਾਰਦਾ ਰਹੇਗਾ ਅਤੇ ਦੇਸ਼ ਦਾ ਮਾਣ ਵਧਾਉਦਾ ਰਹੇਗਾ । ਇਸ ਮੌਕੇ ਸ. ਸੰਧਵਾਂ ਦੇ ਸਕੱਤਰ ਸ੍ਰੀ ਰਾਮ ਲੋਕ ਖਟਾਣਾ, ਨਿੱਜੀ ਸਕੱਤਰ ਸੁਰਿੰਦਰ ਸਿੰਘ ਮੋਤੀ ਅਤੇ ਮਨਪ੍ਰੀਤ ਸਿੰਘ ਵੀ ਹਾਜ਼ਰ ਸਨ।
ਕੁਲਤਾਰ ਸਿੰਘ ਸੰਧਵਾਂ ਵੱਲੋਂ ਬਾਡੀ ਬਿਲਡਰ ਮਨਦੀਪ ਸਿੰਘ ਦਾ ਸਨਮਾਨ
11 Views