ਕੈਬਨਿਟ ਮੰਤਰੀ ਨੇ ਭਾਜਪਾ ਨੂੰ ਪੁੱਛਿਆ ਕਿ ਆਮ ਆਦਮੀ ਪਾਰਟੀ ਤੋਂ ਐਨਾ ਕਾਹਦਾ ਸਿਆਸੀ ਡਰ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 23 ਸਤੰਬਰ: ਦੋ ਦਿਨ ਪਹਿਲਾਂ ਪੰਜਾਬ ਵਿਧਾਨ ਸਭਾ ਦਾ ਵਿਸੇਸ ਸੈਸ਼ਨ ਰੱਦ ਕਰਨ ਤੋਂ ਬਾਅਦ ‘ਆਪ ਸਰਕਾਰ ਅਤੇ ਕੇਂਦਰ ਸਰਕਾਰ ਵਿਚਕਾਰ ਵਧਦੇ ਜਾ ਰਹੇ ਟਕਰਾਅ ਦੌਰਾਨ ਅੱਜ ਉਸ ਸਮੇਂ ਨਵਾਂ ਮੋੜ ਆ ਗਿਆ ਜਦ ਬੈਲਜੀਅਮ, ਜਰਮਨੀ ਅਤੇ ਨੀਦਰਲੈਂਡ ਦੀ ਯਾਤਰਾ ’ਤੇ ਜਾ ਰਹੇ ਪੰਜਾਬ ਦੇ ਊਰਜਾ ਮੰਤਰੀ ਅਮਨ ਅਰੋੜਾ ਨੂੰ ਕੇਂਦਰ ਨੇ ਵਿਦੇਸ਼ ਜਾਣ ਦੀ ਇਜਾਜਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਸ੍ਰੀ ਅਰੋੜਾ ਨੇ 24 ਸਤੰਬਰ ਤੋਂ 2 ਅਕਤੂਬਰ ਤੱਕ ਤਿੰਨ ਦੇਸਾਂ ਦੀ ਯਾਤਰਾ ਕਰਨੀ ਸੀ। ਉਨ੍ਹਾਂ ਯੂਰਪ ਵਿੱਚ ਹਾਈਡਰੋਜਨ ਸੈਕਟਰ ਵਿੱਚ ਹੋਏ ਨਵੀਨਤਮ ਵਿਕਾਸ ਬਾਰੇ ਜਾਣਕਾਰੀ ਲੈਣ ਯੂਰਪ ਜਾਣਾ ਸੀ। ਉਧਰ ਅਮਨ ਅਰੋੜਾ ਨੇ ਸਰਕਾਰੀ ਵਿਦੇਸ਼ ਦੌਰੇ ਲਈ ਪੌਲਿਟੀਕਲ ਕਲੀਅਰੈਂਸ ਨਾ ਦੇਣ ਉਤੇ ਕੇਂਦਰ ਸਰਕਾਰ ’ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਾਜਪਾ ਨੂੰ ਸਵਾਲ ਕੀਤਾ ਕਿ ਉਹ ਆਮ ਆਦਮੀ ਪਾਰਟੀ (ਆਪ) ਤੋਂ ਸਿਆਸੀ ਤੌਰ ’ਤੇ ਐਨਾ ਅਸੁਰੱਖਿਅਤ ਕਿਉਂ ਮਹਿਸੂਸ ਕਰ ਰਹੀ ਹੈ, ਜੋ ਉਸ ਨੂੰ ਆਪ ਲੀਡਰਸ਼ਿਪ ਦੇ ਸਰਕਾਰੀ ਵਿਦੇਸ਼ ਦੌਰੇ ਲਈ ਮਨਜ਼ੂਰੀ ਦੇਣ ਤੋਂ ਇਨਕਾਰ ਕਰਨ ਵਰਗੀਆਂ ਕੋਝੀਆਂ ਚਾਲਾਂ ਦਾ ਸਹਾਰਾ ਲੈਣਾ ਪੈ ਰਿਹਾ ਹੈ।ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੋਇਆ ਕਿ ਕੇਂਦਰ ਸਰਕਾਰ ਨੇ ਕਿਸੇ ‘ਆਪ’ ਆਗੂ ਨੂੰ ਇਜਾਜ਼ਤ ਦੇਣ ਤੋਂ ਇਨਕਾਰ ਕੀਤਾ ਹੈ। ਇਸ ਤੋਂ ਪਹਿਲਾਂ ਵੀ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ‘ਆਪ’ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਨੂੰ ਵਰਲਡ ਸਿਟੀਜ਼ ਸੰਮੇਲਨ ਵਿੱਚ ਭਾਰਤ ਦੀ ਪ੍ਰਤੀਨਿਧਤਾ ਕਰਨ ਲਈ ਸਿੰਗਾਪੁਰ ਜਾਣ ਦੀ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ।ਦਿਲਚਸਪ ਤੱਥ ਇਹ ਹੈ ਕਿ ਕੇਂਦਰੀ ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰਾਲੇ ਨੇ ਇਸ ਦੌਰੇ ਵਾਸਤੇ ਸ੍ਰੀ ਅਮਨ ਅਰੋੜਾ ਸਮੇਤ 13 ਮੈਂਬਰੀ ਵਫ਼ਦ ਦੀ ਸੂਚੀ ਨੂੰ 14 ਸਤੰਬਰ, 2022 ਨੂੰ ਪ੍ਰਵਾਨਗੀ ਦਿੱਤੀ ਸੀ, ਪਰ ਵਿਦੇਸ਼ ਮੰਤਰਾਲੇ ਨੇ ਪੰਜਾਬ ਦੇ ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਨੂੰ ਰਾਜਸੀ ਪ੍ਰਵਾਨਗੀ ਨਹੀਂ ਦਿੱਤੀ। ਕੈਬਨਿਟ ਮੰਤਰੀ ਨੇ ਦੱਸਿਆ ਕਿ ਇਹ ਦੌਰਾ ਇੰਡੋ-ਜਰਮਨ ਐਨਰਜੀ ਫੋਰਮ ਵੱਲੋਂ ਸਪਾਂਸਰ ਕੀਤਾ ਗਿਆ ਸੀ। ਇਸ ਦੌਰੇ ਦਾ ਕੇਂਦਰ ਜਾਂ ਸੂਬਾਈ ਸਰਕਾਰ ਉਤੇ ਇਕ ਪੈਸੇ ਦਾ ਵੀ ਵਿੱਤੀ ਬੋਝ ਨਹੀਂ ਪੈਣਾ ਸੀ।
ਕੇਂਦਰ ਨੇ ਅਮਨ ਅਰੋੜਾ ਦੇ ਵਿਦੇਸ਼ ਦੌਰ ’ਤੇ ਲਗਾਈ ਰੋਕ
14 Views