ਕੇਂਦਰੀ ਸਿਹਤ ਮੰਤਰੀ ਨਾਲ ਏ.ਆਈ.ਓ.ਸੀ.ਡੀ. ਦੀ ਮੀਟਿੰਗ ਦੌਰਾਨ ਲਿਆ ਗਿਆ ਫੈਸਲਾ
ਏ.ਆਈ.ਓ.ਸੀ.ਡੀ. ਨਾਲ ਮੀਟਿੰਗ ਤੋਂ ਬਾਅਦ ਔਨਲਾਈਨ ਫਾਰਮੇਸੀ ਵਿਰੁੱਧ ਕੇਂਦਰ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਕਾਰਨ ਦੱਸੋ ਨੋਟਿਸ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 10 ਫਰਵਰੀ: ਆਲ ਇੰਡੀਆ ਆਰਗੇਨਾਈਜ਼ੇਸ਼ਨ ਆਫ ਕੈਮਿਸਟ ਐਂਡ ਡਰੱਗਿਸਟਜ਼ (ਏ.ਆਈ.ਓ.ਸੀ.ਡੀ.) ਦੇ ਸੱਦੇ ’ਤੇ ਆਨਲਾਈਨ ਡਰੱਗ ਡੀਲਰਾਂ ਖ਼ਿਲਾਫ਼ 15 ਫਰਵਰੀ ਤੋਂ ਜ਼ਿਲ੍ਹਾ ਹੈੱਡਕੁਆਰਟਰ ’ਤੇ ਸ਼ੁਰੂ ਕੀਤੇ ਜਾਣ ਵਾਲੇ ਹੱਲਾ ਬੋਲ ਅੰਦੋਲਨ ਨੂੰ ਕੇਂਦਰੀ ਮੰਤਰੀ ਨਾਲ ਮੀਟਿੰਗ ਮਗਰੋਂ ਮੁਲਤਵੀ ਕਰ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਕੈਮਿਸਟ ਐਸੋਸੀਏਸ਼ਨ (ਪੀ.ਸੀ.ਏ.) ਦੇ ਪ੍ਰਧਾਨ ਸੁਰਿੰਦਰ ਦੁੱਗਲ, ਜਨਰਲ ਸਕੱਤਰ ਜੀ.ਐਸ.ਚਾਵਲਾ ਅਤੇ ਟੀ.ਬੀ.ਡੀ.ਸੀ.ਏ. ਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਬਾਲਿਆਂਵਾਲੀ ਨੇ ਦੱਸਿਆ ਕਿ ਉਪਰੋਕਤ ਐਲਾਨ ਤੋਂ ਬਾਅਦ ਕੇਂਦਰੀ ਸਿਹਤ ਮੰਤਰੀ ਮਨਸੁਖ ਮੰਡਾਵਿਆ ਸਮੇਤ ਸਾਰੇ ਵਿਭਾਗਾਂ ਦੇ ਉੱਚ ਅਧਿਕਾਰੀਆਂ ਅਤੇ ਸਿਹਤ ਅਧਿਕਾਰੀਆਂ ਦੇ ਨਾਲ ਏਆਈਓਸੀਡੀ ਦੇ ਪ੍ਰਧਾਨ ਜੇਐਸ ਸ਼ਿੰਦੇ ਅਤੇ ਵਫ਼ਦ ਦੀ ਮੀਟਿੰਗ ਹੋਈ, ਜਿਸ ਵਿੱਚ ਕੇਂਦਰੀ ਮੰਤਰੀ ਮਨਸੁਖ ਮੰਡਾਵਿਆ ਨੇ ਏਆਈਓਸੀਡੀ ਦੀਆਂ ਮੰਗਾਂ ਨੂੰ ਸੁਣਨ ਤੋਂ ਬਾਅਦ ਭਰੋਸਾ ਦਿੱਤਾ ਕਿ ਪ੍ਰਸਤਾਵਿਤ ਨਵੀਂ ਡਰੱਗ ਨੀਤੀ ਵਿੱਚ ਉਨ੍ਹਾਂ ਦੀਆਂ ਮੰਗਾਂ ਦੇ ਸਾਰੇ ਨੁਕਤਿਆਂ ਨੂੰ ਹਮਦਰਦੀ ਨਾਲ ਵਿਚਾਰਿਆ ਜਾਵੇਗਾ। ਕੇਂਦਰੀ ਮੰਤਰੀ ਨੇ ਕਿਹਾ ਕਿ ਡਰੱਗ ਕੰਟਰੋਲਰ ਜਨਰਲ ਇੰਡੀਆ (ਡੀ.ਸੀ.ਜੀ.ਆਈ.) 3 ਫਰਵਰੀ 2023 ਦੇ ਆਪਣੇ ਸਰਕੂਲਰ ਅਨੁਸਾਰ ਗੈਰ-ਕਾਨੂੰਨੀ ਔਨਲਾਈਨ ਫਾਰਮੇਸੀ ਵਿਰੁੱਧ ਤੁਰੰਤ ਕਾਰਵਾਈ ਕਰੇਗੀ। ਮੰਡਾਵਿਆ ਨੇ ਭਰੋਸਾ ਦਿੱਤਾ ਕਿ ਭਾਰਤ ਸਰਕਾਰ ਦੇਸ਼ ਦੇ ਸਾਰੇ 12 ਲੱਖ ਕੈਮਿਸਟਾਂ ਦੀ ਰੋਜ਼ੀ-ਰੋਟੀ ਦਾ ਪੂਰਾ ਧਿਆਨ ਰੱਖੇਗੀ। ਅਸ਼ੋਕ ਬਾਲਿਆਂਵਾਲੀ ਨੇ ਦੱਸਿਆ ਕਿ ਏ.ਆਈ.ਓ.ਸੀ.ਡੀ ਨਾਲ ਮੀਟਿੰਗ ਤੋਂ ਬਾਅਦ ਤੁਰੰਤ ਕਾਰਵਾਈ ਕਰਦੇ ਹੋਏ ਕੇਂਦਰ ਸਰਕਾਰ ਨੇ ਆਨਲਾਈਨ ਫਾਰਮੇਸੀ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਹਨ, ਜਿਸ ਕਾਰਨ ਕੈਮਿਸਟਾਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜਾਰੀ ਕਾਰਨ ਦੱਸੋ ਨੋਟਿਸ ਤੋਂ ਸਪੱਸ਼ਟ ਹੋ ਗਿਆ ਹੈ ਕਿ ਕੇਂਦਰ ਸਰਕਾਰ ਵੱਲੋਂ ਏ.ਆਈ.ਓ.ਸੀ.ਡੀ. ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਲਿਆ ਗਿਆ ਹੈ ਅਤੇ ਕੈਮਿਸਟਾਂ ਦੀਆਂ ਸਮੱਸਿਆਵਾਂ ਨੂੰ ਜਲਦੀ ਹੱਲ ਕਰ ਦਿੱਤਾ ਜਾਵੇਗਾ।
Share the post "ਕੇਂਦਰ ਸਰਕਾਰ ਦੇ ਭਰੋਸੇ ’ਤੇ ਏ.ਆਈ.ਓ.ਸੀ.ਡੀ. ਦਾ ਹੱਲਾ ਬੋਲ ਅੰਦੋਲਨ ਮੁਲਤਵੀ: ਅਸ਼ੋਕ ਬਾਲਿਆਂਵਾਲੀ"