ਸੁਖਜਿੰਦਰ ਮਾਨ
ਮੋਗਾ, 22 ਨਵੰਬਰ : ਪਿਛਲੀਆਂ ਵਿਧਾਨ ਸਭਾ ਚੋਣਾਂ ’ਚ ਸਰਕਾਰ ਬਣਾਉਣ ਤੋਂ ਖੁੰਝੀ ਆਮ ਆਦਮੀ ਪਾਰਟੀ ਹੁਣ ਸਾਲ 2022 ਦੀਆਂ ਚੋਣ ਲਈ ਕੋਈ ਕਸਰ ਬਾਕੀ ਨਹੀਂ ਛੱਡਣਾ ਚਾਹੁੰਦੀ। ਇਸੇ ਕੜੀ ਦੇ ਤਹਿਤ ਹੁਣ ਦਿੱਲੀ ਦੇ ਮੁੱਖ ਮੰਤਰੀ ਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਹੁਣ ਪੰਜਾਬ ਦੀਆਂ ਔਰਤਾਂ ਲਈ ਵੱਡਾ ਐਲਾਨ ਕੀਤਾ ਹੈ। ਮੋਗਾ ਪੁੱਜੇ ਸ਼੍ਰੀ ਕੇਜ਼ਰੀਵਾਲ ਨੇ ਪਾਰਟੀ ਵਲੋਂ ਪੰਜਾਬੀਆਂ ਲਈ ਤੀਜ਼ੀ ਗਰੰਟੀ ਜਾਰੀ ਕਰਦਿਆਂ ਪੰਜਾਬ ’ਚ ਪਾਰਟੀ ਦੀ ਸਰਕਾਰ ਬਣਨ ’ਤੇ 18 ਸਾਲ ਤੋਂ ਉਪਰ ਉਮਰ ਦੀ ਹਰ ਔਰਤ ਲਈ ਮਹੀਨੇ ਦੇ ਇੱਕ ਹਜ਼ਾਰ ਰੁਪਏ ਦੇਣ ਦਾ ਵਾਅਦਾ ਕੀਤਾ ਹੈ। ਮਹੱਤਵਪੂਰਨ ਗੱਲ ਇਹ ਵੀ ਹੈ ਕਿ ਬੁਢਾਪਾ ਤੇ ਹੋਰ ਪੈਨਸ਼ਨਾਂ ਲੈ ਰਹੀਆਂ ਔਰਤਾਂ ਨੂੰ ਵੀ ਇਹ ਤੋਹਫ਼ਾ ਮਿਲੇਗਾ। ਸਿਆਸੀ ਮਾਹਰਾਂ ਮੁਤਾਬਕ ਕਾਂਗਰਸ ਦੇ ਐਸ.ਸੀ ਕਾਰਡ ਦੀ ਕਾਟ ਕਰਦਿਆਂ ਕੇਜ਼ਰੀਵਾਲ ਨੇ ਸੂਬੇ ਦੀ ਅੱਧੀ ਦੇ ਕਰੀਬ ਆਬਾਦੀ ਨੂੰ ਅਪਣੇ ਨਾਲ ਜੋੜਣ ਲਈ ਇਹ ਵੱਡਾ ਮਾਸਟਰ ਸਟੋਰਕ ਖੇਡਿਆ ਹੈ, ਜਿਸਦਾ ਅਸਰ ਪੈਣਾ ਸੁਭਾਵਕ ਹੈ। ਇੱਥੇ ਰੱਖੇ ਇੱਕ ਸਮਾਗਮ ਦੌਰਾਨ ਉਨ੍ਹਾਂ ਐਲਾਨ ਕੀਤਾ ਕਿ ‘‘ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ‘ਤੇ 18 ਸਾਲ ਤੋਂ ਉੱਪਰਲੀ ਹਰੇਕ ਔਰਤ ਦੇ ਖਾਤੇ ‘ਚ ਹਰ ਮਹੀਨੇ 1000 ਰੁਪਏ ਆਉਣਗੇ।’’ ਇਸ ਮੌਕੇ ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉਪਰ ਵੀ ਅਸਿੱਧੇ ਢੰਗ ਨਾਲ ਸਿਆਸੀ ਹਮਲੇ ਕਰਦਿਆਂ ਉਨ੍ਹਾਂ ਨੂੰ ਨਕਲੀ ਕੇਜ਼ਰੀਵਾਲ ਦਸਿਆ। ਦਿੱਲੀ ਦੇ ਮੁੱਖ ਮੰਤਰੀ ਨੇ ਅਪਣੇ ਭਾਸਣ ਵਿਚ ਕਿਹਾ ਕਿ ‘‘ ਪੰਜਾਬ ਵਿਚ ਇਕ ਨਕਲੀ ਕੇਜਰੀਵਾਲ ਘੁੰਮ ਰਿਹਾ ਹੈ ਜੋ ਵਾਅਦੇ ਤਾਂ ਕਰਦਾ ਹੈ ਪਰ ਉਸਦੇ ਅਮਲ ਨਹੀਂ ਕਰਦਾ। ’’ ਉਨ੍ਹਾਂ ਇਹ ਵੀ ਕਿਹਾ ਕਿ ਜੋ ਉਹ ਵਾਅਦੇ ਪੰਜਾਬ ਦੀ ਜਨਤਾ ਨਾਲ ਕਰਦੇ ਹਨ, ਉਸਦਾ ਐਲਾਨ ਉਕਤ ਨਕਲੀ ਕੇਜਰੀਵਾਲ ਵਲੋਂ ਦੂਜੇ ਦਿਨ ਕਰ ਦਿੱਤਾ ਜਾਂਦਾ ਹੈ ਪ੍ਰੰਤੂ ਪੰਜਾਬ ਦੇ ਲੋਕ ਹੁਣ ਇੰਨ੍ਹਾਂ ਦੇ ਬਹਿਕਾਵੇ ਵਿਚ ਨਹੀਂ ਆਉਣਗੇ।
29 Views