ਸੁਖਜਿੰਦਰ ਮਾਨ
ਬਠਿੰਡਾ, 1 ਜੁਲਾਈ: ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵੱਲੋਂ ਵਿਦਿਆਰਥੀਆਂ ਨੂੰ ਗੁਣਵੱਤਾ ਭਰਪੂਰ ਸਿੱਖਿਆ ਪ੍ਰਦਾਨ ਕਰਨ ਦੇ ਨਾਲ-ਨਾਲ ਸਾਫ਼ਟ ਸਕਿੱਲਜ਼ ਦਾ ਵਿਕਾਸ ਵੀ ਕੀਤਾ ਜਾ ਰਿਹਾ ਹੈ ਜਿਸ ਸਦਕਾ ਇਸ ਸੰਸਥਾ ਦੇ ਵਿਦਿਆਰਥੀ ਇੰਡਸਟਰੀ ਦੀਆਂ ਲੋੜਾਂ ਅਨੁਸਾਰ ਹੁਨਰਮੰਦ ਬਣ ਕੇ ਰੁਜ਼ਗਾਰ ਹਾਸਲ ਕਰਨ ਦੇ ਸਮਰੱਥ ਬਣ ਰਹੇ ਹਨ। ਇਸ ਦੇ ਨਾਲ ਹੀ ਸੰਸਥਾ ਦੇ ਟਰੇਨਿੰਗ ਐਂਡ ਪਲੇਸਮੈਂਟ ਵਿਭਾਗ ਵੱਲੋਂ ਵੀ ਸਮੇਂ ਸਮੇਂ ‘ਤੇ ਵੱਖ-ਵੱਖ ਪ੍ਰਸਿੱਧ ਕੰਪਨੀਆਂ ਦੀ ਪਲੇਸਮੈਂਟ ਡਰਾਈਵ ਆਯੋਜਿਤ ਕਰਵਾ ਕੇ ਵਿਦਿਆਰਥੀਆਂ ਨੂੰ ਪਲੇਸਮੈਂਟ ਦੇ ਭਰਪੂਰ ਮੌਕੇ ਪ੍ਰਦਾਨ ਕੀਤੇ ਜਾ ਰਹੇ ਹਨ। ਜਿਸ ਸਦਕਾ ਬੀ.ਐਫ.ਜੀ.ਆਈ. ਦੇ ਵਿਦਿਆਰਥੀਆਂ ਦੀ ਪਲੇਸਮੈਂਟ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ਲੜੀ ਤਹਿਤ ਅਜਿਹਾ ਹੀ ਸੁਨਹਿਰੀ ਮੌਕਾ ਕੈਪਜੇਮਿਨੀ ਕੰਪਨੀ ਦੀ ਪਲੇਸਮੈਂਟ ਡਰਾਈਵ ਦੌਰਾਨ ਬਾਬਾ ਫ਼ਰੀਦ ਕਾਲਜ ਦੇ ਵਿਦਿਆਰਥੀਆਂ ਨੂੰ ਮਿਲਿਆ ਜਿਸ ਦੌਰਾਨ ਬੀ.ਸੀ.ਏ. ਛੇਵਾਂ ਸਮੈਸਟਰ ਦਾ ਇੱਕ ਵਿਦਿਆਰਥੀ ਸ਼ਾਨਦਾਰ ਪੈਕੇਜ ‘ਤੇ ਨੌਕਰੀ ਲਈ ਚੁਣਿਆ ਗਿਆ।
ਜ਼ਿਕਰਯੋਗ ਹੈ ਕਿ ਕੈਪਜੇਮਿਨੀ ਕੰਪਨੀ ਸਲਾਹ, ਡਿਜੀਟਲ ਪਰਿਵਰਤਨ, ਟੈਕਨਾਲੋਜੀ ਅਤੇ ਇੰਜਨੀਅਰਿੰਗ ਸੇਵਾਵਾਂ ਵਿੱਚ ਇੱਕ ਗਲੋਬਲ ਲੀਡਰ ਹੈ। ਇਹ ਲਗਭਗ 50 ਦੇਸ਼ਾਂ ਵਿੱਚ 3 ਲੱਖ ਤੋਂ ਵੱਧ ਟੀਮ ਮੈਂਬਰਾਂ ਦੀ ਇੱਕ ਜ਼ਿੰਮੇਵਾਰ ਅਤੇ ਵਿਭਿੰਨ ਸੰਸਥਾ ਹੈ ਅਤੇ ਭਾਰਤ ਵਿੱਚ 13 ਸਥਾਨਾਂ ‘ਤੇ ਕੈਪਜੇਮਿਨੀ ਕੰਪਨੀ ਵਿੱਚ 1,50,000 ਤੋਂ ਵੱਧ ਟੀਮ ਮੈਂਬਰ ਕੰਮ ਕਰਦੇ ਹਨ। ਚੋਣ ਪ੍ਰਕਿਰਿਆ ਦੌਰਾਨ ਕੰਪਨੀ ਅਧਿਕਾਰੀਆਂ ਨੇ ਵਿਦਿਆਰਥੀਆਂ ਦੀ ਵੱਖ-ਵੱਖ ਗੇੜਾਂ ਰਾਹੀ ਆਨਲਾਈਨ ਇੰਟਰਵਿਊ ਕੀਤੀ। ਵਿਦਿਆਰਥੀਆਂ ਦੀ ਸੰਚਾਰ ਭਾਸ਼ਾ, ਤਕਨੀਕੀ ਗਿਆਨ, ਵਪਾਰ ਜਗਤ ਬਾਰੇ ਸਮਝ ਅਤੇ ਪੇਸ਼ੇਵਰ ਪਹੁੰਚ ਤੋਂ ਕੰਪਨੀ ਦੇ ਅਧਿਕਾਰੀ ਬਹੁਤ ਪ੍ਰਭਾਵਿਤ ਹੋਏ । ਜਿਸ ਦੇ ਸਿੱਟੇ ਵਜੋਂ ਉਨ੍ਹਾਂ ਨੇ ਬਾਬਾ ਫ਼ਰੀਦ ਕਾਲਜ ਦੇ ਵਿਦਿਆਰਥੀ ਆਕਾਸ਼ ਪੋਲਸਨ ਨੂੰ ਸਾਫ਼ਟਵੇਅਰ ਇੰਜੀਨੀਅਰ ਦੇ ਅਹੁਦੇ ਲਈ ਚੁਣ ਲਿਆ। ਇਸ ਅਹਿਮ ਪ੍ਰਾਪਤੀ ‘ਤੇ ਬਾਬਾ ਫ਼ਰੀਦ ਕਾਲਜ ਦੇ ਪਿ੍ਰੰਸੀਪਲ ਡਾ. ਪ੍ਰਦੀਪ ਕੌੜਾ ਅਤੇ ਫੈਕਲਟੀ ਮੈਂਬਰਾਂ ਨੇ ਆਪਣੀ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਇਸ ਹੋਣਹਾਰ ਵਿਦਿਆਰਥੀ ਨੂੰ ਮੁਬਾਰਕਬਾਦ ਦਿੱਤੀ ।
ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਚੁਣੇ ਗਏ ਵਿਦਿਆਰਥੀ ਨੂੰ ਵਧਾਈ ਦਿੱਤੀ ਅਤੇ ਦੱਸਿਆ ਕਿ ਸੰਸਥਾ ਵੱਲੋਂ ਹਰ ਕੋਰਸ ਦੇ ਵਿਦਿਆਰਥੀਆਂ ਦੀ 100 ਫ਼ੀਸਦੀ ਪਲੇਸਮੈਂਟ ਨੂੰ ਯਕੀਨੀ ਬਣਾਉਣ ਲਈ ਉਪਰਾਲੇ ਜਾਰੀ ਹਨ। ਉਨ੍ਹਾਂ ਨੇ ਦੱਸਿਆ ਕਿ ਬੀ.ਐਫ.ਜੀ.ਆਈ. ਵਿਖੇ ਨਵੀਨ ਅਧਿਆਪਨ ਢੰਗਾਂ ਤਹਿਤ ਵਿਦਿਆਰਥੀਆਂ ਦੀ ਸਮੁੱਚੀ ਸ਼ਖ਼ਸੀਅਤ ਉਸਾਰੀ ਕੀਤੀ ਜਾਂਦੀ ਹੈ ਜਿਸ ਦੀ ਬਦੌਲਤ ਸਮੁੱਚੇ ਰੂਪ ਵਿੱਚ ਵਿਦਿਆਰਥੀਆਂ ਦੀ ਪਲੇਸਮੈਂਟ ਵੱਖ-ਵੱਖ ਖੇਤਰਾਂ ਦੀਆਂ ਪ੍ਰਸਿੱਧ ਬਹੁਕੌਮੀ ਕੰਪਨੀਆਂ ਵਿੱਚ ਬਹੁਤ ਹੀ ਚੰਗੇ ਪੈਕੇਜਾਂ ‘ਤੇ ਹੋ ਰਹੀ ਹੈ। ਉਨ੍ਹਾਂ ਨੇ ਸੰਸਥਾ ਦੇ ਟਰੇਨਿੰਗ ਐਂਡ ਪਲੇਸਮੈਂਟ ਵਿਭਾਗ ਦੁਆਰਾ ਕੀਤੇ ਜਾ ਰਹੇ ਸਾਰਥਿਕ ਯਤਨਾਂ ਦੀ ਸ਼ਲਾਘਾ ਕਰਦਿਆਂ ਨੌਕਰੀ ਲਈ ਚੁਣੇ ਗਏ ਬਾਬਾ ਫ਼ਰੀਦ ਕਾਲਜ ਦੇ ਵਿਦਿਆਰਥੀ ਆਕਾਸ਼ ਪੋਲਸਨ ਨੂੰ ਆਪਣੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਦੱਸਿਆ ਕਿ ਸਾਡਾ ਮੁੱਖ ਉਦੇਸ਼ ਇੰਡਸਟਰੀ ਦੀਆਂ ਮੰਗਾਂ ਅਤੇ ਲੋੜਾਂ ਅਨੁਸਾਰ ਆਪਣੇ ਵਿਦਿਆਰਥੀਆਂ ਨੂੰ ਸਿਖਲਾਈ ਅਤੇ ਹੁਨਰ ਪ੍ਰਦਾਨ ਕਰਨਾ ਹੈ ਜਿਸ ਲਈ ਸੰਸਥਾ ਦੇ ਮਿਹਨਤੀ ਅਧਿਆਪਕ ਵਿਦਿਆਰਥੀਆਂ ਨੂੰ ਹੁਨਰਮੰਦ ਬਣਾਉਣ ਲਈ ਭਰਪੂਰ ਯੋਗਦਾਨ ਪਾ ਰਹੇ ਹਨ। ਸੰਸਥਾ ਦੇ ਵਿਦਿਆਰਥੀ ਨੂੰ ਅਜਿਹਾ ਮੌਕਾ ਪ੍ਰਦਾਨ ਕਰਨ ਲਈ ਡਾ. ਧਾਲੀਵਾਲ ਨੇ ਕੈਪਜੇਮਿਨੀ ਕੰਪਨੀ ਦੇ ਅਧਿਕਾਰੀਆਂ ਦਾ ਵੀ ਧੰਨਵਾਦ ਕੀਤਾ ।
ਕੈਪਜੇਮਿਨੀ ਕੰਪਨੀ ਨੇ ਬਾਬਾ ਫ਼ਰੀਦ ਕਾਲਜ ਦੇ ਵਿਦਿਆਰਥੀ ਨੂੰ ਨੌਕਰੀ ਲਈ ਚੁਣਿਆ
20 Views