ਸੁਖਜਿੰਦਰ ਮਾਨ
ਬਠਿੰਡਾ, 21ਨਵੰਬਰ – ਪਿਛਲੇ ਕਰੀਬ ਇੱਕ ਦਹਾਕੇ ਤੋਂ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਠੇਕਾ ਮੁਲਾਜਮਾਂ ਨੇ ਹੁਣ ਚੰਨੀ ਸਰਕਾਰ ਦੇ ਰੁਖ ਨੂੰ ਦੇਖਦਿਆਂ 23 ਨਵੰਬਰ ਨੂੰ ਤਿੰਨ ਕੌਮੀ ਮਾਰਗ ਜਾਮ ਕਰਨ ਦਾ ਐਲਾਨ ਕੀਤਾ ਹੈ। ਇੱਥੇ ਇਸਦੀ ਜਾਣਕਾਰੀ ਦਿੰਦਿਆਂ ਠੇਕਾ ਮੁਲਾਜਮ ਸੰਘਰਸ਼ ਮੋਰਚਾ ਦੇ ਆਗੂਆਂ ਜਗਰੂਪ ਸਿੰਘ ਲਹਿਰਾ, ਗੁਰਵਿੰਦਰ ਸਿੰਘ ਪੰਨੂ, ਰਾਜੇਸ ਕੁਮਾਰ, ਕੇਸਰ ਸਿੰਘ, ਚਮਕੌਰ ਸਿੰਘ, ਸੁਖਪਾਲ ਸਿੰਘ, ਹਰਜਿੰਦਰ ਬਰਾੜ ਆਦਿ ਨੇ ਦਸਿਆ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗੁਵਾਈ ਵਾਲੀ ਪੰਜਾਬ ਸਰਕਾਰ ਵਲੋਂ ਹਾਲ ਹੀ ਵਿਚ ਕੱਚੇ ਮੁਲਾਜਮਾਂ ਨੂੰ ਰੈਗੂਲਰ ਕਰਨ ਸਬੰਧੀ ਬਣਾਏ ‘‘ਪੰਜਾਬ ਪ੍ਰੋਟੈਕਸ਼ਨ ਐਂਡ ਰੈਗੂਲਰਾਈਜੇਸ਼ਨ ਆਫ ਕੰਟਰੈਕਚੂਅਲ ਐਕਟ 2021’’ ਵਿਚ ਕੱਚੇ ਮੁਲਾਜਮਾਂ ਨੂੰ ਬਾਹਰ ਕਰ ਦਿੱਤਾ ਗਿਆ ਹੈ। ਜਿਸਦੇ ਵਿਰੋਧ ਵਿਚ ਕੌਮੀ ਮਾਰਗ ਜਾਮ ਕਰਨ ਤੋਂ ਇਲਾਵਾ ਮੁੱਖ ਮੰਤਰੀ, ਕੈਬਨਿਟ ਮੰਤਰੀ, ਐਮ.ਪੀ., ਐਮ. ਐਲ.ਏ. ਅਤੇ ਕਾਂਗਰਸ ਪਾਰਟੀ ਦੇ ਨੁਮਾਇੰਦੇ, ਸ਼ਹਿਰਾਂ ਜਾਂ ਪਿੰਡਾਂ ’ਚ ਜਿੱਥੇ ਵੀ ਜਾਣਗੇ, ਉਥੇ ਠੇਕਾ ਕਾਮੇ ਵਿਰੋਧ ਪ੍ਰਦਰਸਨ ਕਰਕੇ ਚੋਣਾਂ ਦੇ ਦੌਰਾਨ ਕੀਤੇ ਵਾਅਦਿਆਂ ਬਾਰੇ ਜਨਤਾ ਦੀ ਕਚਹਿਰੀ ਵਿਚ ਸਵਾਲ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਮੋਰਚੇ ਵਲੋਂ ਉਪਰੋਕਤ ਪ੍ਰੋਗਰਾਮਾਂ ਨੂੰ ਲਾਗੂ ਕਰਨ ਲਈ ਪੰਜਾਬ ਸਰਕਾਰ ਨੂੰ ਕੀਤੇ ਜਾਣ ਵਾਲੇ ਸਵਾਲ ਸਬੰਧੀ ਅੱਜ ਲਿਸਟ ਤਿਆਰ ਕਰਕੇ ਸਮੂਹ ਕੱਚੇ ਮੁਲਾਜਮਾਂ ਕੋਲ ਪਹੁੰਚਾ ਦਿੱਤੀ ਹੈ।
ਉਗਰਾਹਾਂ ਜਥੇਬੰਦੀ ਵੱਲੋਂ ਠੇਕਾ ਮੁਲਾਜਮ ਦੇ ਸੰਘਰਸ ਦੀ ਹਮਾਇਤ
ਬਠਿੰਡਾ: ਉਧਰ ਠੇਕਾ ਮੁਲਾਜਮ ਸੰਘਰਸ ਮੋਰਚੇ ਵਲੋਂ ਕੌਮੀ ਹਾਈਵੇ ਜਾਮ ਕਰਨ ਦੇ ਫੈਸਲੇ ਦੀ ਹਿਮਾਇਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੋਸ਼ ਲਗਾਇਅ ਕਿ ਮੁਲਾਜਮਾਂ ਵਲੋਂ ਮਹੀਨਿਆਂ ਬੱਧੀ ਕੀਤੇ ਜਾ ਰਹੇ ਜਾਨ ਹੂਲਵੇਂ ਸੰਘਰਸ ਨੂੰ ਪੰਜਾਬ ਸਰਕਾਰ ਵੱਲੋਂ ਅਣਡਿੱਠ ਕਰਨ ਦਾ ਯਤਨ ਕਰ ਰਹੀ ਹੈ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਨਿੱਜੀਕਰਨ, ਵਪਾਰੀਕਰਨ, ਸੰਸਾਰੀਕਰਨ ਦੀਆਂ ਸਾਮਰਾਜੀ ਨੀਤੀਆਂ ਦੀ ਮਾਰ ਹੇਠ ਕਿਸਾਨਾਂ ਮਜਦੂਰਾਂ ਮੁਲਾਜਮਾਂ ਸਮੇਤ ਸਾਰੇ ਕਿਰਤੀ ਕਾਮੇ ਆ ਰਹੇ ਹਨ। ਇਨ੍ਹਾਂ ਨੀਤੀਆਂ ਤਹਿਤ ਹੀ ਕਾਲੇ ਖੇਤੀ ਕਾਨੂੰਨ ਬਣਾਏ ਗਏ ਹਨ। ਸਾਂਝੇ ਕਿਸਾਨ ਘੋਲ ਦੇ ਗਹਿਗੱਚ ਰੁਝੇਵਿਆਂ ਦੇ ਬਾਵਜੂਦ ਇਸ ਸੰਘਰਸ-ਸਾਂਝ ਨੂੰ ਲਗਾਤਾਰ ਮਜਬੂਤ ਕਰਨ ਦਾ ਫਰਜ ਹਰ ਹਾਲਤ ਨਿਭਾਇਆ ਜਾਵੇਗਾ।
ਕੱਚੇ ਮੁਲਾਜਮਾਂ ਵਲੋਂ ਭਲਕੇ ਪੰਜਾਬ ਦੇ ਤਿੰਨ ਕੌਮੀ ਮਾਰਗ ਜਾਮ ਕਰਨ ਦਾ ਐਲਾਨ
20 Views