ਮਨਪ੍ਰੀਤ ਖੇਮੇ ਦੇ ਕੋਸਲਰਾਂ ਨੇ ਰਾਜਾ ਵੜਿੰਗ ਦੇ ਨੇੜੇ ਹੋਏ ਚੇਅਰਮੈਨ ਵਿਰੁੱਧ ਖੋਲਿਆ ਮੋਰਚਾ
ਸੁਖਜਿੰਦਰ ਮਾਨ
ਬਠਿੰਡਾ, 26 ਅਪ੍ਰੈਲ: ਤਿੰਨ ਦਿਨ ਪਹਿਲਾਂ ਸਥਾਨਕ ਸ਼ਹਿਰ ਦੇ ਇੱਕ ਕਾਂਗਰਸੀ ਆਗੂ ਦੇ ਪੁੱਤਰ ਦੇ ਵਿਆਹ ਸਮਾਗਮ ਦੌਰਾਨ ਸਹਿਰ ਦੇ ਕਾਂਗਰਸੀ ਆਗੂਆਂ ਵਿਚਕਾਰ ਹੋਈ ਤਕਰਾਰਬਾਜ਼ੀ ਦਾ ਮਾਮਲਾ ਦਿਨ ਬ ਦਿਨ ਵਧਦਾ ਨਜ਼ਰ ਆ ਰਿਹਾ ਹੈ। ਮਨਪ੍ਰੀਤ ਬਾਦਲ ਧੜੇ ਨੇ ਇਸ ਮੌਕੇ ਨੂੰ ‘ਗ਼ਨੀਮਤ’ ਸਮਝਦਿਆਂ ਰਾਜਾ ਵੜਿੰਗ ਦੇ ਨੇੜੇ ਹੁੰਦੇ ਜਾ ਰਹੇ ਇਕ ਸਾਬਕਾ ਚੇਅਰਮੈਨ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਇਸ ਮਾਮਲੇ ਨੂੰ ਲੈ ਕੇ ਅੱਜ ਦੋ ਦਰਜਨ ਦੇ ਕਰੀਬ ਕੌਂਸਲਰਾਂ ਵੱਲੋਂ ਜ਼ਿਲਾ ਸ਼ਹਿਰੀ ਪ੍ਰਧਾਨ ਅਰੁਣ ਵਧਾਵਨ ਨੂੰ ਉਕਤ ਸਾਬਕਾ ਚੇਅਰਮੈਨ ਵਿਰੁੱਧ ਕਾਰਵਾਈ ਲਈ ਸਥਾਨਕ ਕਾਂਗਰਸ ਭਵਨ ਵਿਚ ਇਕ ਮੰਗ ਪੱਤਰ ਵੀ ਦਿੱਤਾ ਗਿਆ। ਇਸ ਵਫ਼ਦ ਦੀ ਅਗਵਾਈ ਡਿਪਟੀ ਮੇਅਰ ਮਾਸਟਰ ਹਰਮੰਦਰ ਸਿੰਘ ਵੱਲੋਂ ਕੀਤੀ ਗਈ। ਜਦੋਂਕਿ ਸੀਨੀਅਰ ਡਿਪਟੀ ਮੇਅਰ ਅਸ਼ੋਕ ਪ੍ਰਧਾਨ ਆਪਣੇ ਦਫ਼ਤਰ ਵਿੱਚ ਹੀ ਹਾਜ਼ਰ ਰਹੇ। ਇਸ ਮੌਕੇ ਕਾਂਗਰਸੀ ਆਗੂ ਵਿਪਨ ਮਿੱਤੂ ਨੇ ਦਾਅਵਾ ਕੀਤਾ ਕਿ ਸਾਬਕਾ ਚੇਅਰਮੈਨ ਰਾਜਨ ਗਰਗ ਨੇ ਉਕਤ ਵਿਆਹ ਸਮਾਗਮ ਵਿਚ ਉਸ ਦੀ ਕੌਂਸਲਰ ਪਤਨੀ ਅਤੇ ਬੇਟੀ ਦੀ ਹਾਜ਼ਰੀ ਵਿੱਚ ਉਸ ਪ੍ਰਤੀ ਭੱਦੀ ਸ਼ਬਦਾਵਲੀ ਵਰਤੀ ਜਿਸ ਕਾਰਨ ਉਸ ਦੇ ਮਨ ਨੂੰ ਕਾਫ਼ੀ ਠੇਸ ਪੁੱਜੀ ਹੈ। ਦੂਜੇ ਪਾਸੇ ਸਾਬਕਾ ਚੇਅਰਮੈਨ ਰਾਜਨ ਗਰਗ ਨੇ ਇਨ੍ਹਾਂ ਦੋਸ਼ਾਂ ਨੂੰ ਨਿਰਾਧਾਰ ਕਰਾਰ ਦਿੰਦਿਆਂ ਦਾਅਵਾ ਕੀਤਾ ਕਿ ਕੁਝ ਲੋਕ ਜਾਣਬੁੱਝ ਕੇ ਕਾਂਗਰਸ ਪਾਰਟੀ ਅੰਦਰ ਧੜੇਬੰਦੀ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪ੍ਰੰਤੂ ਉਨ੍ਹਾਂ ਨੂੰ ਮੂੰਹ ਦੀ ਖਾਣੀ ਪਏਗੀ। ਉਧਰ ਜਿਲ੍ਹਾ ਪ੍ਰਧਾਨ ਅਰੁਣ ਵਧਾਵਨ ਨੇ ਦੱਸਿਆ ਕਿ ਇਹ ਉਨ੍ਹਾਂ ਦੀ ਪਾਰਟੀ ਦਾ ਅੰਦਰੂਨੀ ਮਸਲਾ ਹੈ ਜਿਸ ਨੂੰ ਉਹ ਇਕ ਦੋ ਦਿਨਾਂ ਵਿੱਚ ਹੱਲ ਕਰ ਦੇਣਗੇ।ਕਾਗਰਸ ਪਾਰਟੀ ਦੇ ਅੰਦਰੂਨੀ ਸੂਤਰਾਂ ਨੇ ਦਸਿਆ ਕਿ ਉਕਤ ਵਿਆਹ ਸਮਾਗਮ ਦੌਰਾਨ ਜਦ ਰਾਤ ਨੂੰ ਕਾਂਗਰਸੀ ਆਗੂ ‘ਸੋਮਰਸ’ ਦਾ ਆਨੰਦ ਮਾਣ ਰਹੇ ਸਨ ਤਾਂ ਸਭ ਤੋਂ ਪਹਿਲਾਂ ਲਾਈਨੋਂ ਪਾਰ ਦੇ ਕੌਂਸਲਰ ਰਤਨ ਰਾਹੀ ਵੱਲੋਂ ਇਸ ਮੌਕੇ ਸਿਆਸੀ ਮੁੱਦਾ ਚੁੱਕਦਿਆਂ ਸਾਬਕਾ ਚੇਅਰਮੈਨ ਰਾਜਨ ਗਰਗ ‘ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਪ੍ਰਧਾਨ ਬਣਨ ਦੀ ਖੁਸ਼ੀ ਵਿਚ ਸ਼ਹਿਰ ਚ ਲਗਾਏ ਫਲੈਕਸਾਂ ਵਿੱਚ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਫੋਟੋ ਨਾ ਲਗਾਉਣ ਦਾ ਮੁੱਦਾ ਚੁੱਕਿਆ। ਇਸ ਤੋਂ ਬਾਅਦ ਇਸ ਮੁੱਦੇ ਚ ਰਤਨ ਰਾਹੀ ਦਾ ਹੀ ਨਜ਼ਦੀਕੀ ਮੰਨਿਆ ਜਾਣ ਵਾਲਾ ਇਕ ਹੋਰ ਯੂਥ ਆਗੂ ਵਿਪਨ ਮਿੱਤੂ (ਜਿਸਦੀ ਪਤਨੀ ਕੌਂਸਲਰ ਹੈ) ਸ਼ਾਮਲ ਹੋ ਗਿਆ। ਹਾਲਾਂਕਿ ਮਿੱਤੂ ਸਰਾਬ ਨਹੀਂ ਪੀਦਾ ਹੈ ਜਦੋਂਕਿ ਰਾਜਨ ਗਰਗ ਅਤੇ ਰਤਨ ਰਾਹੀਂ ਦੇ ਜਰੂਰ ਪੈੱਗ ਲਏ ਹੋਏ ਦੱਸੇ ਜਾ ਰਹੇ ਹਨ। ਮੌਕੇ ‘ਤੇ ਹਾਜ਼ਰ ਕੁਝ ਕਾਂਗਰਸੀ ਆਗੂਆਂ ਨੇ ਆਪਣਾ ਨਾਮ ਨਾਂ ਛਾਪਣ ਦੀ ਸ਼ਰਤ ‘ਤੇ ਦੱਸਿਆ ਕਿ ਦੋਨਾਂ ਆਗੂਆਂ ਵਿਚਕਾਰ ਇਸ ਮੁੱਦੇ ਨੂੰ ਲੈ ਕੇ ਤਕਰਾਰਬਾਜ਼ੀ ਵਧ ਗਈ ਸੀ। ਮਹੱਤਵਪੂਰਨ ਗੱਲ ਇਹ ਵੀ ਦੱਸੀ ਜਾ ਰਹੀ ਹੈ ਕਿ ਉਕਤ ਵਿਆਹ ਵਿੱਚ ਹੀ, ਇਸ ਘਟਨਾ ਤੋਂ ਪਹਿਲਾਂ ਇਕ ਸਾਬਕਾ ਕਾਂਗਰਸੀ ਆਗੂ ਅਤੇ ਸੀਨੀਅਰ ਡਿਪਟੀ ਮੇਅਰ ਦੇ ਵੀ ਸਿੰਗ ਫਸਦੇ ਫਸਦੇ ਮਸਾਂ ਹੀ ਬਚੇ ਸਨ। ਇਹ ਵੀ ਪਤਾ ਚੱਲਿਆ ਹੈ ਕਿ ਵਿਆਹ ਸਮਾਗਮ ਤੋਂ ਬਾਅਦ ਇਸ ਮੁੱਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਦੇ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ਨੇ ਵੀ ਮਹਿਲਾ ਕੌਂਸਲਰ ਦੇ ਪਤੀ ਵਿਪਨ ਮਿੱਤੂ ਦੇ ਹੱਕ ਵਿੱਚ ਖੜ੍ਹਦਿਆਂ ਸਹਿਰ ਦੇ ਕਾਗਰਸੀ ਕੋਸਲਰਾਂ ਦੇ ਬਣੇ ਹੋਏ ਵਟਸਗਰੁੱਪ ਵਿੱਚ ਸਾਬਕਾ ਚੇਅਰਮੈਨ ‘ਤੇ ਅਸਿੱਧੇ ਢੰਗ ਨਾਲ ਵਾਰ ਕੀਤੇ। ਜਿਸ ਦੀ ਸਕ੍ਰੀਨ ਸ਼ਾਟ ਵੀ ਇਸ ਪੱਤਰਕਾਰ ਕੋਲ ਮੌਜੂਦ ਹਨ। ਚਰਚਾ ਇਹ ਵੀ ਹੈ ਕਿ ਇਹ ਮੁੱਦਾ ਤੱਤਕਾਲ ਨਹੀਂ ਭੜਕਿਆ ਬਲਕਿ ਰਾਜਾ ਵੜਿੰਗ ਦੇ ਪ੍ਰਧਾਨ ਬਣਨ ਤੋਂ ਬਾਅਦ ਮਨਪ੍ਰੀਤ ਖੇਮੇ ਦੇ ਕੁਝ ਕੌਂਸਲਰਾਂ ਵੱਲੋਂ ਸੋਸ਼ਲ ਮੀਡੀਆ ‘ਤੇ ਵੜਿੰਗ ਦੇ ਹੱਕ ਵਿਚ ਖੜ੍ਹਨ ਵਾਲੇ ਸ਼ਹਿਰ ਦੇ ਕਾਂਗਰਸੀ ਆਗੂਆਂ ‘ਤੇ ਤਿੱਖੇ ਸਬਦੀ ਵਾਰ ਕੀਤੇ ਜਾ ਰਹੇ ਸਨ।
ਬਾਕਸ
ਰਾਜਾ ਵੜਿੰਗ ਕੋਲ ਵੀ ਪਹੁੰਚੀ ਰਿਪੋਰਟ
ਬਠਿੰਡਾ: ਉਧਰ ਸੂਤਰਾਂ ਨੇ ਖੁਲਾਸਾ ਕੀਤਾ ਹੈ ਕਿ ਪੰਜਾਬ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਰਾਜਾ ਵੜਿੰਗ ਕੋਲ ਉਸਦੇ ਨਜ਼ਦੀਕੀਆਂ ਨੇ ਇਸ ਘਟਨਾ ਦੀ ਜਾਣਕਾਰੀ ਪਹੁੰਚਾ ਦਿੱਤੀ ਹੈ । ਪ੍ਰੰਤੂ ਰਾਜਾ ਵੜਿੰਗ ਵੱਲੋਂ ਹਾਲੇ ਤੱਕ ਇਸ ਮਾਮਲੇ ਵਿੱਚ ਤੇਲ ਵੇਖੋ ਅਤੇ ਤੇਲ ਦੀ ਧਾਰ ਦੇਖੋ ਵਾਲੀ ਨੀਤੀ ਅਪਣਾਈ ਜਾ ਰਹੀ ਹੈ।
Share the post "ਖਾਧੀ-ਪੀਤੀ ‘ਚ ਬਠਿੰਡਾ ਦੇ ਕਾਂਗਰਸੀਆਂ ਵਿਚਕਾਰ ਹੋਈ ਤਕਰਾਰਬਾਜ਼ੀ ਦਾ ਮਾਮਲਾ ਭਖਿਆ"