‘ਕਾਫ਼ਲਾ ਖੂਨਦਾਨੀਆਂ ਦਾ’ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ
ਸੁਖਜਿੰਦਰ ਮਾਨ
ਬਠਿੰਡਾ, 14 ਜੂਨ: ਖੂਨਦਾਨ ਕਰਨ ਨਾਲ ਆਪਸੀ ਭਾਈਚਾਰਕ ਸਾਂਝ ਬਰਕਰਾਰ ਰਹਿੰਦੀ ਹੈ। ਖੂਨ ਕਦੇ ਵੀ ਧਰਮ, ਜਾਤੀ ਤੇ ਮਜ਼ਹਬ ਨੂੰ ਨਹੀਂ ਦੇਖਦਾ ਅਤੇ ਇਹ ਹਮੇਸ਼ਾ ਜਾਨ ਬਚਾੳਂਦਾ ਹੈ ਉਹ ਭਾਵੇਂ ਕਿਸੇ ਵੀ ਜਾਤ ਦਾ ਵਿਅਕਤੀ ਹੋਵੇ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾਂ ਕਰਦਿਆਂ ਬਠਿੰਡਾ (ਸ਼ਹਿਰੀ) ਹਲਕੇ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਸਥਾਨਕ ਦਫ਼ਤਰ ਰੈੱਡ ਕਰਾਸ ਵਿਖੇ ਤੋਂ ’ਕਾਫ਼ਲਾ ਖੂਨਦਾਨੀਆਂ ਦਾ’ ਨੂੰ ਹਰੀ ਝੰਡੀ ਦੇਣ ਉਪਰੰਤ ਕੀਤਾ। ਇਸ ‘ਕਾਫ਼ਲੇ’ ਵਿਚ ਖੂਨਦਾਨ ਦੇ ਖੇਤਰ ਚ ਕੰਮ ਕਰ ਰਹੀਆਂ ਕਰੀਬ 50 ਵੱਖ-ਵੱਖ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਨੇ ਸ਼ਮੂਲੀਅਤ ਕੀਤੀ। ਇਹ ਕਾਫ਼ਲਾ ਬੱਸ ਸਟੈਂਡ, ਕੋਰਟ ਰੋਡ, ਮਹਿਣਾ ਚੌਂਕ, ਆਰੀਆ ਸਮਾਜ ਚੌਕ, ਕਿੱਕਰ ਬਜ਼ਾਰ, ਸਦਭਾਵਨਾ ਚੌਂਕ, ਧੋਬੀ ਬਜ਼ਾਰ ਹੁੰਦਾ ਹੋਇਆ ਪਾਣੀ ਵਾਲੀ ਟੈਂਕੀ, ਸੁਭਾਸ਼ ਪਾਰਕ, ਫਾਇਰ ਸਟੇਸ਼ਨ ਵਿਖੇ ਸਮਾਪਤ ਹੋਇਆ। ਸਮਾਪਤੀ ਸਮਾਰੋਹ ਮੌਕੇ ਬਲੱਡ ਡੋਨੇਸ਼ਨ ਦੇ ਖੇਤਰ ਵਿੱਚ ਕੰਮ ਕਰ ਰਹੀਆਂ ਉੱਘੀਆ ਸੰਸਥਾਵਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ। ਇਸ ਦੌਰਾਨ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਰੈਡ ਕਰਾਸ ਸੁਸਾਇਟੀ ਤੇ ਜ਼ਿਲ੍ਹਾ ਸਿਹਤ ਵਿਭਾਗ ਵਲੋਂ ਜ਼ਿਲ੍ਹੇ ਦੀਆਂ ਸਵੈ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਮਨਾਏ ਗਏ ਵਿਸ਼ਵ ਖੂਨਦਾਨ ਦਿਵਸ ਦੀ ਵਧਾਈ ’ਤੇ ਉਨ੍ਹਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਨੂੰ ਹਮੇਸ਼ਾ ਖੂਨਦਾਨ ਕਰਨਾ ਚਾਹੀਦਾ ਹੈ ਜੋ ਕਿ ਬਹੁਤ ਸਾਰੀਆਂ ਜਿੰਦਗੀਆਂ ਨੂੰ ਬਚਾਉਂਣ ਲਈ ਸਹਾਈ ਸਿੱਧ ਹੁੰਦਾ ਹੈ। ਇਸ ਮੌਕੇ ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋ ਨੇ ਕਿਹਾ ਕਿ ਖੂਨਦਾਨ ਕਰਨ ਦਾ ਫੈਸਲਾ ਇੱਕ ਜਾਂ ਕਈ ਜ਼ਿੰਦਗੀਆਂ ਬਚਾ ਸਕਦਾ ਹੈ ਤੇ ਖੂਨਦਾਨ ਕਰਨ ਵਾਲੇ ਨੂੰ ਵੀ ਇਸਦੇ ਬਹੁਤ ਫਾਇਦੇ ਹੁੰਦੇ ਹਨ। ਖੂਨਦਾਨ ਨਾਲ ਦਿਲ ਦਾ ਦੌਰਾ ਤੇ ਸਟਰੋਕ ਅਟੈਕ ਹੋਣ ਦੀ ਸੰਭਾਵਨਾ ਵੀ ਘੱਟਦੀ ਹੈ। ਇਸ ਮੌਕੇ ਸਕੱਤਰ ਰੈਡ ਕਰਾਸ ਦਰਸ਼ਨ ਕੁਮਾਰ ਨੇ ਦਸਿਆ ਕਿ ਅੱਜ ਇਸ ਦਿਨ ਤੇ ਜਿੱਥੇ ਗੁਰੂ ਗੋਬਿੰਦ ਸਿੰਘ ਰਿਫ਼ਾਇਨਰੀ ਵਿਖੇ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਉੱਥੇ ਹੀ 93 ਯੂਨਿਟ ਖੂਨ ਇਕੱਤਰ ਵੀ ਕੀਤਾ ਗਿਆ। ਇਸ ਮੌਕੇ ਬਲੱਡ ਬੈਂਕ ਦੇ ਇੰਚਾਰਜ ਡਾ. ਰਿਤਿਕਾ, ਡਾ. ਗੁੰਜਨ, ਜ਼ਿਲ੍ਹਾ ਟਰੇਨਿੰਗ ਅਫ਼ਸਰ ਨਰੇਸ਼ ਪਠਾਣੀਆਂ, ਯੂਨਾਇਟਿਡ ਵੈਲਫ਼ੇਅਰ ਸੁਸਾਇਟੀ ਦੇ ਬਾਨੀ ਵਿਜੈ ਭੱਟ, ਡਿਪਟੀ ਮਾਸ ਮੀਡੀਆ ਅਫ਼ਸਰ ਵਿਨੋਦ ਖੁਰਾਣਾ, ਬੀਸੀਸੀ ਨਰਿੰਦਰ ਕੁਮਾਰ, ਐਮਸੀ ਸੁਖਦੀਪ ਸਿੰਘ ਢਿੱਲੋਂ, ਸਾਹਿਲ ਪੁਰੀ, ਗਗਨਦੀਪ ਸਿੰਘ ਤੋਂ ਇਲਾਵਾ ਵੱਖ-ਵੱਖ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਦੇ ਨੁਮਾਇੰਦੇ ਆਦਿ ਹਾਜ਼ਰ ਸਨ।
Share the post "ਖੂਨਦਾਨ ਕਰਨ ਨਾਲ ਰਹਿੰਦੀ ਹੈ ਆਪਸੀ ਭਾਈਚਾਰਕ ਸਾਂਝ ਕਾਇਮ : ਜਗਰੂਪ ਸਿੰਘ ਗਿੱਲ"