ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ 30 ਨਵੰਬਰ ਦੇ ਪ੍ਰੋਗਰਾਮ ਦੀ ਸਫਲਤਾ ਲਈ ਪਿੰਡਾਂ ਵਿੱਚ ਤਿਆਰੀ ਕਰਨ ਦਾ ਕੀਤਾ ਫੈਸਲਾ
ਸੁਖਜਿੰਦਰ ਮਾਨ
ਬਠਿੰਡਾ, 10 ਨਵੰਬਰ: ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵਲੋਂ 30 ਨਵੰਬਰ ਨੂੰ ਮੁਖ ਮੰਤਰੀ ਭਗਵੰਤ ਮਾਨ ਦੀ ਕੋਠੀ ਦਾ ਕੁੰਡਾ ਖੜਕਾਉਣ ਦੇ ਐਲਾਨੇ ਪ੍ਰੋਗਰਾਮ ਵਿਚ , ਵੱਧ ਤੋਂ ਵੱਧ ਮਜਦੂਰਾਂ ਨੂੰ ਪਰਿਵਾਰਾਂ ਸਮੇਤ ਸ਼ਾਮਿਲ ਕਰਾਉਣ ਲਈ ਪਿੰਡ ਪੱਧਰ ਤੋਂ ਲਾਮਬੰਦੀ ਕਰਨ ਦਾ ਫੈਸਲਾ ਅੱਜ ਇਥੋਂ ਦੇ ਸਥਾਨਕ ਟੀਚਰਜ਼ ਹੋਮ ਵਿਖੇ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਕੀਤਾ ਗਿਆ ।ਮੀਟਿੰਗ ਦੇ ਫੈਸਲੇ ਸਬੰਧੀ ਦੱਸਦਿਆਂ ਜਥੇਬੰਦੀ ਦੇ ਸੂਬਾ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਪਹਿਲੀਆਂ ਸਰਕਾਰਾਂ ਨਾਲੋਂ ਕਿਸੇ ਤਰ੍ਹਾਂ ਵੀ ਵੱਖਰੀ ਨਹੀਂ ,ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਲਾਰੇ ਲੱਪੇ ਲਾਕੇ ਅਤੇ ਵੋਟਾਂ ਲੈਣ ਲਈ ਝੂਠੇ ਸਬਜਬਾਗ ਦਿਖਾਉਂਦੀਆਂ ਸਨ ਇਹੋ ਕੁਝ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਕਰ ਰਹੀ ਹੈ ।ਉਨ੍ਹਾਂ ਕਿਹਾ ਕਿ ਸਮਾਜ ਦਾ ਸਭ ਤੋਂ ਦਰੜਿਆ ਹਿੱਸਾ , ਬੇਜੀਨੇ ਮਜਦੂਰਾਂ ਦੀਆਂ ਮੰਗਾਂ ਪ੍ਰਤੀ ਮੌਜੂਦਾ ਸਰਕਾਰ ਦਾ ਰਵੱਈਆ ਅਤੀ ਨਿੰਦਣਯੋਗ ਹੈ ।ਉਨ੍ਹਾਂ ਕਿਹਾ ਕਿ ਰੁਜਗਾਰ ਦੀ ਤੋਟ ਕਾਰਨ ਕਰਜੇ ਦੇ ਤੰਦੂਆ ਜਾਲ ਫਸੇ ਮਜਦੂਰ ਖੁਦਕਸੀਆਂ ਕਰਨ ਲਈ ਮਜਬੂਰ ਹਨ । ਮਜ਼ਦੂਰ ਸਾਂਝੇ ਮੋਰਚੇ ਦੇ ਝੰਡੇ ਹੇਠ ਵੱਧਦੀ ਮਹਿੰਗਾਈ ਦੇ ਹਿਸਾਬ 700/- ਦਿਹਾੜੀ ਦੀ ਮੰਗ ਕਰਦੇ ਹਨ ,ਜਿਹੜੇ ਸਿਰ ਲੁਕੋਣ ਲਈ ਪੰਚਾਇਤੀ ਜਮੀਨਾਂ ‘ਚੋਂ ਪਲਾਟ ਤੇ ਤੀਜੇ ਹਿਸੇ ਦੀ ਜਮੀਨ ਮੰਗਦੇ ਹਨ , ਜਿਹੜੇ ਕਰਜਾ ਮਾਫ ਕਰਨ ਦੀ ਮੰਗ ਕਰਦੇ ਹਨ ਅਤੇ ਉਹ ਸਾਰੀਆਂ ਮੰਗਾਂ ਮੰਨਦੇ ਹਨ ਜੋ ਵੋਟਾਂ ਤੋਂ ਪਹਿਲਾਂ ਸਰਕਾਰ ” ਗਰੰਟੀਆਂ” ਦਿੰਦੀ ਸੀ । ਮਜਦੂਰ ਆਗੂ ਨੇ ਹੁਣ ਧਰਨੇ ,ਮੁਜਾਹਰੇ ਅਤੇ ਮੋਰਚੇ ਲਾਉਣ’ਤੇ ਵੀ ਸਰਕਾਰ ਮਜਦੂਰਾਂ ਦੀ ਗੱਲ ਨਹੀਂ ਸੁਣ ਰਹੀ । ਉਨ੍ਹਾਂ ਕਿਹਾ ਕਿ ਮਜਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵਲੋਂ ਸਤੰਬਰ ਮਹੀਨੇ ‘ਚ ਮੁਖ ਮੰਤਰੀ ਦੀ ਕੋਠੀ ਅੱਗੇ ਤਿੰਨ ਰੋਜਾ ਧਰਨਾ ਲਾਇਆ ਗਿਆ ਸੀ ,ਉਨ੍ਹਾਂ ਕਿਹਾ ਕਿ ਮਜਦੂਰਾਂ ਦੀਆਂ ਮੰਗਾਂ ਮੰਨਣਾ ਤਾਂ ਦੂਰ ਮੁਖ ਮੰਤਰੀ ਮੀਟਿੰਗ ਦਾ ਸਮਾਂ ਦੇਕੇ ਵੀ ਮੁਕਰ ਗਿਆ । ਉਨ੍ਹਾਂ ਕਿਹਾ ਕਿ ਗੁਜਰਾਤ ਅਤੇ ਹਿਮਾਚਲ ਦੀਆਂ ਚੋਣਾਂ ਜਿੱਤਣ ਲਈ ਰੋਜਾਨਾ ਕਰੋੜਾਂ ਰੁਪਏ ਦੇ ਇਸ਼ਤਿਹਾਰ ਦਿੱਤੇ ਜਾ ਰਹੇ ਹਨ ਪਰ ਮਜਦੂਰਾਂ ਨੂੰ ਦੇਣ ਲਈ ਸਰਕਾਰ ਦਾ ਖਜਾਨਾ ਖਾਲੀ ਹੈ ।ਮਜਦੂਰ ਆਗੂ ਨੇ ਕਿਹਾ ਕਿ ਉਨ੍ਹਾਂ ਜਥੇਬੰਦੀ ਪਿੰਡ ਪੱਧਰ ਤੇ ਜਾਕੇ ਸਰਕਾਰ ਦੇ ਦੰਭ ਦਾ ਪਰਦਾ ਚਾਕ ਕਰੇਗੀ ਅਤੇ 30ਨਵੰਬਰ ਨੂੰ ਵੱਡੀ ਗਿਣਤੀ ਵਿੱਚ ਮਜਦੂਰ ਪਰਿਵਾਰਾਂ ਸਮੇਤ ਸੰਗਰੂਰ ਵੱਲ ਚਾਲੇ ਪਾਉਣਗੇ।ਸੂਬਾ ਮੀਟਿੰਗ ‘ਚ ਹੋਰਨਾਂ ਤੋਂ ਇਲਾਵਾ ਸੂਬਾ ਵਿੱਤ ਸਕੱਤਰ ਹਰਮੇਸ਼ ਮਾਲੜੀ ,ਸੂਬਾ ਕਮੇਟੀ ਮੈਂਬਰ ਗੁਰਪਾਲ ਨੰਗਲ ,ਬਲਵੰਤ ਸਿੰਘ ਬਾਘਾਪੁਰਾਣਾ ਅਤੇ ਹਰਭਗਵਾਨ ਮੂਣਕ ਸ਼ਾਮਲ ਸਨ।।
ਖੇਤ ਮਜਦੂਰ ਪਰਿਵਾਰਾਂ ਸਮੇਤ ਖੜ੍ਹਕਾਉਣਗੇ ਮੁੱਖ ਮੰਤਰੀ ਦੀ ਕੋਠੀ ਦਾ ਕੁੰਡਾ
17 Views